Skip to content

Skip to table of contents

ਡਰ ’ਤੇ ਕਿਵੇਂ ਪਾਈਏ ਕਾਬੂ?

ਡਰ ’ਤੇ ਕਿਵੇਂ ਪਾਈਏ ਕਾਬੂ?

ਇਕ ਨਵ-ਜੰਮਿਆ ਬੱਚਾ ਬੇਬੱਸ ਹੁੰਦਾ ਹੈ। ਜਦੋਂ ਅਸੀਂ ਇਸ ਦੁਨੀਆਂ ਵਿਚ ਆਏ ਸੀ, ਤਾਂ ਸਾਡੀ ਸੁਰੱਖਿਆ ਪੂਰੀ ਤਰ੍ਹਾਂ ਸਾਡੇ ਮਾਪਿਆਂ ’ਤੇ ਨਿਰਭਰ ਕਰਦੀ ਸੀ। ਜਦੋਂ ਅਸੀਂ ਤੁਰਨਾ ਸਿੱਖਿਆ, ਤਾਂ ਅਜਨਬੀ ਲੋਕ ਸਾਨੂੰ ਰਾਖ਼ਸ਼ਾਂ ਵਰਗੇ ਲੱਗਦੇ ਸਨ। ਉਹ ਸਾਨੂੰ ਡਰਾ ਦਿੰਦੇ ਸਨ ਜਦ ਸਾਡੇ ਮਾਂ-ਬਾਪ ਸਾਡੇ ਨਾਲ ਨਹੀਂ ਹੁੰਦੇ ਸਨ। ਪਰ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਸੀ ਜਦੋਂ ਅਸੀਂ ਆਪਣੀ ਮਾਤਾ ਜਾਂ ਪਿਤਾ ਦਾ ਹੱਥ ਫੜਿਆ ਹੁੰਦਾ ਸੀ।

ਬਚਪਨ ਵਿਚ ਸਾਡੀ ਸਲਾਮਤੀ ਸਾਡੇ ਮਾਪਿਆਂ ਤੋਂ ਮਿਲੇ ਪਿਆਰ ਅਤੇ ਹੌਸਲੇ ’ਤੇ ਨਿਰਭਰ ਕਰਦੀ ਸੀ। ਜਦੋਂ ਸਾਨੂੰ ਅਹਿਸਾਸ ਹੋਇਆ ਕਿ ਸਾਡੇ ਮਾਤਾ-ਪਿਤਾ ਸਾਨੂੰ ਪਿਆਰ ਕਰਦੇ ਹਨ, ਤਾਂ ਅਸੀਂ ਹੋਰ ਵੀ ਸੁਰੱਖਿਅਤ ਮਹਿਸੂਸ ਕੀਤਾ। ਜਦੋਂ ਉਨ੍ਹਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਅਸੀਂ ਬਹੁਤ ਵਧੀਆ ਕਰ ਰਹੇ ਹਾਂ, ਤਾਂ ਸਾਡਾ ਭਰੋਸਾ ਵਧਿਆ ਤੇ ਅਸੀਂ ਅੱਗੇ ਵਧੇ।

ਜਦੋਂ ਅਸੀਂ ਥੋੜ੍ਹਾ ਵੱਡੇ ਹੋਏ, ਤਾਂ ਅਸੀਂ ਆਪਣੇ ਪੱਕੇ ਦੋਸਤਾਂ ਕਰਕੇ ਹੋਰ ਵੀ ਸੁਰੱਖਿਅਤ ਮਹਿਸੂਸ ਕੀਤਾ। ਉਨ੍ਹਾਂ ਦੀ ਮੌਜੂਦਗੀ ਵਿਚ ਸਾਨੂੰ ਚੰਗਾ ਲੱਗਦਾ ਸੀ ਅਤੇ ਉਨ੍ਹਾਂ ਕਰਕੇ ਸਕੂਲ ਵਿਚ ਇੰਨਾ ਡਰ ਨਹੀਂ ਸੀ ਲੱਗਦਾ।

ਆਮ ਬਚਪਨ ਇਸ ਤਰ੍ਹਾਂ ਦਾ ਹੁੰਦਾ ਹੈ। ਕੁਝ ਬੱਚਿਆਂ ਦੇ ਬਹੁਤ ਘੱਟ ਜਿਗਰੀ ਦੋਸਤ ਹੁੰਦੇ ਹਨ ਅਤੇ ਬਹੁਤ ਸਾਰੇ ਬੱਚਿਆਂ ਦੇ ਮਾਤਾ-ਪਿਤਾ ਉਨ੍ਹਾਂ ਦੀ ਘੱਟ ਹੀ ਪਰਵਾਹ ਕਰਦੇ ਹਨ। ਮਲੀਸਾ * ਕਹਿੰਦੀ ਹੈ, “ਮੈਂ ਜਦੋਂ ਵੀ ਫੋਟੋਆਂ ਵਿਚ ਪਰਿਵਾਰਾਂ ਨੂੰ ਇਕੱਠੇ ਦੇਖਦੀ ਹਾਂ, ਤਾਂ ਮੈਂ ਸੋਚਦੀ ਹਾਂ, ‘ਕਾਸ਼! ਛੋਟੇ ਹੁੰਦਿਆਂ ਮੈਂ ਵੀ ਇੰਨਾ ਮਜ਼ਾ ਕੀਤਾ ਹੁੰਦਾ।’” ਸ਼ਾਇਦ ਤੁਸੀਂ ਵੀ ਇਸ ਤਰ੍ਹਾਂ ਸੋਚਦੇ ਹੋਵੋ।

ਡਰਾਉਣੇ ਬਚਪਨ ਦੀਆਂ ਮੁਸ਼ਕਲਾਂ

ਸ਼ਾਇਦ ਬਚਪਨ ਵਿਚ ਤੁਹਾਡੇ ਵਿਚ ਵਿਸ਼ਵਾਸ ਦੀ ਕਮੀ ਸੀ। ਸ਼ਾਇਦ ਤੁਹਾਨੂੰ ਇੰਨਾ ਪਿਆਰ ਤੇ ਹੌਸਲਾ ਨਹੀਂ ਮਿਲਿਆ। ਤੁਹਾਨੂੰ ਸ਼ਾਇਦ ਚੇਤੇ ਆਉਂਦਾ ਰਹਿੰਦਾ ਹੈ ਕਿ ਤੁਹਾਡੇ ਮਾਤਾ-ਪਿਤਾ ਹਮੇਸ਼ਾ ਲੜਦੇ ਰਹਿੰਦੇ ਸਨ ਜਿਸ ਕਾਰਨ ਉਨ੍ਹਾਂ ਦਾ ਵਿਆਹੁਤਾ-ਬੰਧਨ ਟੁੱਟ ਗਿਆ ਤੇ ਇਸ ਦੇ ਕਸੂਰਵਾਰ ਤੁਸੀਂ ਆਪਣੇ ਆਪ ਨੂੰ ਠਹਿਰਾਉਂਦੇ ਹੋ। ਇਸ ਤੋਂ ਵੀ ਭੈੜੀ ਗੱਲ ਸ਼ਾਇਦ ਇਹ ਹੋਵੇ ਕਿ ਤੁਹਾਡੀ ਮਾਤਾ ਜਾਂ ਪਿਤਾ ਤੁਹਾਨੂੰ ਗਾਲ਼ਾਂ ਕੱਢਦੇ ਸਨ ਤੇ ਮਾਰਦੇ-ਕੁੱਟਦੇ ਸਨ।

ਇਕ ਡਰਿਆ ਹੋਇਆ ਬੱਚਾ ਸ਼ਾਇਦ ਕੀ ਕਰੇ? ਕਈ ਅੱਲ੍ਹੜ ਉਮਰ ਵਿਚ ਨਸ਼ੇ ਕਰਨੇ ਜਾਂ ਕਈ ਬਹੁਤ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹਨ। ਕਈ ਹੋਰ ਸਾਥ ਭਾਲਣ ਲਈ ਕਿਸੇ ਗੈਂਗ ਵਿਚ ਸ਼ਾਮਲ ਹੋ ਜਾਂਦੇ ਹਨ। ਅਸੁਰੱਖਿਅਤ ਨੌਜਵਾਨ ਪਿਆਰ ਪਾਉਣ ਲਈ ਕਿਸੇ ਨਾਲ ਰੁਮਾਂਟਿਕ ਰਿਸ਼ਤਾ ਜੋੜ ਲੈਂਦੇ ਹਨ। ਇਸ ਤਰ੍ਹਾਂ ਦੇ ਰਿਸ਼ਤੇ ਘੱਟ ਹੀ ਸਿਰੇ ਚੜ੍ਹਦੇ ਹਨ ਅਤੇ ਰਿਸ਼ਤਾ ਟੁੱਟਣ ਨਾਲ ਨੌਜਵਾਨ ਪਹਿਲਾਂ ਨਾਲੋਂ ਵੀ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰਦੇ ਹਨ।

ਕਈ ਨੌਜਵਾਨ ਸ਼ਾਇਦ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਮ੍ਹਣਾ ਨਾ ਵੀ ਕਰਨ, ਪਰ ਫਿਰ ਵੀ ਉਹ ਇਸੇ ਸੋਚ ਨਾਲ ਵੱਡੇ ਹੁੰਦੇ ਹਨ ਕਿ ਉਹ ਕਿਸੇ ਕੰਮ ਦੇ ਨਹੀਂ। ਆਨਾ ਦੱਸਦੀ ਹੈ: “ਮੇਰੇ ਦਿਮਾਗ਼ ਅੰਦਰ ਇਹ ਸੋਚ ਘਰ ਕਰ ਗਈ ਕਿ ਮੈਂ ਕਿਸੇ ਕੰਮ ਦੀ ਨਹੀਂ ਕਿਉਂਕਿ ਮੇਰੀ ਮੰਮੀ ਹਮੇਸ਼ਾ ਮੈਨੂੰ ਇਹੀ ਕਹਿੰਦੀ ਰਹਿੰਦੀ ਸੀ। ਮੈਨੂੰ ਨਹੀਂ ਯਾਦ ਕਿ ਉਨ੍ਹਾਂ ਨੇ ਕਦੇ ਮੇਰੀ ਤਾਰੀਫ਼ ਕੀਤੀ ਹੋਵੇ ਜਾਂ ਮੈਨੂੰ ਪਿਆਰ ਦਿਖਾਇਆ ਹੋਵੇ।”

ਅਸੀਂ ਮਾੜੀ ਪਰਵਰਿਸ਼ ਕਰਕੇ ਹੀ ਅਸੁਰੱਖਿਅਤ ਮਹਿਸੂਸ ਨਹੀਂ ਕਰਦੇ। ਸ਼ਾਇਦ ਅਸੀਂ ਤਲਾਕ ਹੋਣ ਕਰਕੇ, ਵਧਦੀ ਉਮਰ ਦੀਆਂ ਮੁਸ਼ਕਲਾਂ ਕਰਕੇ ਜਾਂ ਆਪਣੀ ਦਿੱਖ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰੀਏ। ਕਾਰਨ ਚਾਹੇ ਜੋ ਮਰਜ਼ੀ ਹੋਵੇ, ਪਰ ਇਸ ਤਰ੍ਹਾਂ ਮਹਿਸੂਸ ਕਰਨ ਨਾਲ ਸਾਡੀ ਖ਼ੁਸ਼ੀ ਗੁਆਚ ਸਕਦੀ ਹੈ ਅਤੇ ਦੂਸਰਿਆਂ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਅਸੀਂ ਇਨ੍ਹਾਂ ਭਾਵਨਾਵਾਂ ਤੋਂ ਛੁਟਕਾਰਾ ਪਾਉਣ ਲਈ ਕੀ ਕਰ ਸਕਦੇ ਹਾਂ?

ਰੱਬ ਨੂੰ ਸਾਡੀ ਪਰਵਾਹ ਹੈ

ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਸਾਨੂੰ ਮਦਦ ਮਿਲ ਸਕਦੀ ਹੈ। ਸਾਡੇ ਸਾਰਿਆਂ ਦਾ ਕੋਈ ਹੈ ਜੋ ਸਾਡੀ ਮਦਦ ਕਰ ਸਕਦਾ ਹੈ ਤੇ ਕਰਨੀ ਵੀ ਚਾਹੁੰਦਾ ਹੈ। ਉਹ ਹੈ ਰੱਬ।

ਪਰਮੇਸ਼ੁਰ ਨੇ ਆਪਣੇ ਨਬੀ ਯਸਾਯਾਹ ਰਾਹੀਂ ਇਹ ਸੰਦੇਸ਼ ਦਿੱਤਾ ਸੀ: “ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।” (ਯਸਾਯਾਹ 41:10, 13) ਇਹ ਸੋਚ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਰੱਬ ਸਾਡੀ ਮਦਦ ਕਰਨੀ ਚਾਹੁੰਦਾ ਹੈ! ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ!

ਬਾਈਬਲ ਕਈ ਰੱਬ ਦੇ ਭਗਤਾਂ ਬਾਰੇ ਦੱਸਦੀ ਹੈ ਜਿਨ੍ਹਾਂ ਨੂੰ ਚਿੰਤਾ ਸੀ, ਪਰ ਉਨ੍ਹਾਂ ਨੇ ਰੱਬ ਦਾ ਹੱਥ ਫੜਨਾ ਸਿੱਖਿਆ ਯਾਨੀ ਉਸ ਦਾ ਸਹਾਰਾ ਲੈਣਾ ਸਿੱਖਿਆ। ਹੰਨਾਹ, ਜੋ ਸਮੂਏਲ ਦੀ ਮਾਤਾ ਸੀ, ਆਪਣੇ ਆਪ ਨੂੰ ਨਿਕੰਮੀ ਸਮਝਦੀ ਸੀ ਕਿਉਂਕਿ ਉਸ ਦੇ ਕੋਈ ਔਲਾਦ ਨਹੀਂ ਸੀ। ਬਾਂਝ ਹੋਣ ਕਰਕੇ ਅਕਸਰ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ। ਇਸ ਕਰਕੇ ਹੰਨਾਹ ਨੇ ਖਾਣਾ-ਪੀਣਾ ਛੱਡ ਦਿੱਤਾ ਤੇ ਉਹ ਰੋਂਦੀ ਰਹਿੰਦੀ ਸੀ। (1 ਸਮੂਏਲ 1:6, 8) ਪਰ ਰੱਬ ਅੱਗੇ ਆਪਣਾ ਦਿਲ ਖੋਲ੍ਹਣ ਤੋਂ ਬਾਅਦ ਉਹ ਉਦਾਸ ਨਾ ਰਹੀ।​—1 ਸਮੂਏਲ 1:18.

ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਵੀ ਕਈ ਸਮਿਆਂ ਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕੀਤਾ। ਕਈ ਸਾਲਾਂ ਤਕ ਰਾਜਾ ਸ਼ਾਊਲ ਨੇ ਉਸ ਨੂੰ ਥਾਂ-ਥਾਂ ਲੱਭਣ ਦੀ ਕੋਸ਼ਿਸ਼ ਕੀਤੀ। ਦਾਊਦ ਕਈ ਵਾਰ ਸ਼ਾਊਲ ਦੇ ਹੱਥੋਂ ਮਰਨੋਂ ਬਚਿਆ ਅਤੇ ਕਦੀ-ਕਦੀ ਉਸ ਨੂੰ ਲੱਗਦਾ ਸੀ ਕਿ ਉਹ ਬੁਰੀ ਤਰ੍ਹਾਂ ਮੁਸ਼ਕਲਾਂ ਨਾਲ ਘਿਰਿਆ ਹੋਇਆ ਸੀ। (ਜ਼ਬੂਰਾਂ ਦੀ ਪੋਥੀ 55:3-5; 69:1) ਇਸ ਦੇ ਬਾਵਜੂਦ ਵੀ ਉਸ ਨੇ ਲਿਖਿਆ: “ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈਂ।”​—ਜ਼ਬੂਰਾਂ ਦੀ ਪੋਥੀ 4:8.

ਹੰਨਾਹ ਅਤੇ ਦਾਊਦ ਦੋਵਾਂ ਨੇ ਆਪਣਾ ਭਾਰ ਯਹੋਵਾਹ ਤੇ ਸੁੱਟਿਆ ਅਤੇ ਉਨ੍ਹਾਂ ਨੇ ਦੇਖਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਸੰਭਾਲੀ ਰੱਖਿਆ। (ਜ਼ਬੂਰਾਂ ਦੀ ਪੋਥੀ 55:22) ਅਸੀਂ ਅੱਜ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ?

ਡਰ ਨੂੰ ਦੂਰ ਕਰਨ ਦੇ ਤਿੰਨ ਤਰੀਕੇ

1. ਇਕ ਪਿਤਾ ਵਾਂਗ ਯਹੋਵਾਹ ’ਤੇ ਭਰੋਸਾ ਰੱਖਣਾ ਸਿੱਖੋ।

ਯਿਸੂ ਨੇ ਸਾਨੂੰ ਤਾਕੀਦ ਕੀਤੀ ਕਿ ਅਸੀਂ ਉਸ ਦੇ ਪਿਤਾ ਯਾਨੀ “ਇੱਕੋ-ਇਕ ਸੱਚੇ ਪਰਮੇਸ਼ੁਰ” ਬਾਰੇ ਜਾਣੀਏ। (ਯੂਹੰਨਾ 17:3) ਪਤਰਸ ਰਸੂਲ ਨੇ ਭਰੋਸਾ ਦਿਵਾਇਆ ਕਿ “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂਲਾਂ ਦੇ ਕੰਮ 17:27) ਯਾਕੂਬ ਨੇ ਲਿਖਿਆ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”​—ਯਾਕੂਬ 4:8.

ਇਹ ਜਾਣ ਕੇ ਸਾਡੀ ਚਿੰਤਾ ਘੱਟ ਜਾਂਦੀ ਹੈ ਕਿ ਸਾਡਾ ਸਵਰਗੀ ਪਿਤਾ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੀ ਪਰਵਾਹ ਕਰਦਾ ਹੈ। ਇਹ ਭਰੋਸਾ ਕਰਨ ਲਈ ਸਮਾਂ ਲੱਗਦਾ ਹੈ, ਪਰ ਕਈਆਂ ਨੇ ਦੇਖਿਆ ਹੈ ਕਿ ਇਸ ਤਰ੍ਹਾਂ ਦਾ ਭਰੋਸਾ ਕਰਨ ਨਾਲ ਵਾਕਈ ਫ਼ਾਇਦਾ ਹੁੰਦਾ ਹੈ। ਕੈਰੋਲੀਨ ਦੱਸਦੀ ਹੈ: “ਜਦੋਂ ਮੈਂ ਯਹੋਵਾਹ ਨੂੰ ਆਪਣਾ ਪਿਤਾ ਬਣਾਇਆ, ਤਾਂ ਮੈਂ ਉਸ ਅੱਗੇ ਆਪਣਾ ਦਿਲ ਖੋਲ੍ਹ ਸਕਦੀ ਸੀ। ਮੈਨੂੰ ਇਸ ਤਰ੍ਹਾਂ ਕਰ ਕੇ ਬਹੁਤ ਰਾਹਤ ਮਿਲੀ!”

ਰੇਚਲ ਦੱਸਦੀ ਹੈ: “ਜਦੋਂ ਮੇਰੇ ਮਾਪੇ ਮੈਨੂੰ ਇਕੱਲੀ ਛੱਡ ਕੇ ਚਲੇ ਗਏ, ਤਾਂ ਉਸ ਸਮੇਂ ਯਹੋਵਾਹ ਹੀ ਸੀ ਜਿਸ ਕਰਕੇ ਮੈਂ ਸੁਰੱਖਿਅਤ ਮਹਿਸੂਸ ਕਰਦੀ ਸੀ। ਮੈਂ ਉਸ ਨਾਲ ਗੱਲ ਕਰ ਸਕਦੀ ਸੀ, ਮੁਸ਼ਕਲਾਂ ਵਿਚ ਉਸ ਤੋਂ ਮਦਦ ਮੰਗ ਸਕਦੀ ਸੀ ਤੇ ਉਸ ਨੇ ਸੱਚੀਂ ਮੇਰੀ ਮਦਦ ਕੀਤੀ।” *

2. ਰੱਬ ਦੇ ਲੋਕਾਂ ਨੂੰ ਆਪਣਾ ਪਰਿਵਾਰ ਸਮਝੋ।

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਇਕ-ਦੂਜੇ ਨੂੰ ਭੈਣ-ਭਰਾ ਸਮਝਣ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਾਰੇ ਜਣੇ ਭਰਾ ਹੋ।” (ਮੱਤੀ 23:8) ਉਹ ਚਾਹੁੰਦਾ ਸੀ ਕਿ ਉਸ ਦੇ ਸੱਚੇ ਚੇਲੇ ਇਕ-ਦੂਜੇ ਨੂੰ ਪਿਆਰ ਕਰਨ ਅਤੇ ਇਕ ਪਰਿਵਾਰ ਵਾਂਗ ਰਹਿਣ।​—ਮੱਤੀ 12:48-50; ਯੂਹੰਨਾ 13:35.

ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਵਿਚ ਰੱਬ ਦੇ ਸੇਵਕ ਇਕ ਪਰਿਵਾਰ ਦੀ ਤਰ੍ਹਾਂ ਹਨ ਜੋ ਇਕ-ਦੂਜੇ ਨੂੰ ਪਿਆਰ ਅਤੇ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਇਬਰਾਨੀਆਂ 10:24, 25) ਕਈਆਂ ਨੂੰ ਮੰਡਲੀ ਦੀਆਂ ਸਭਾਵਾਂ ਉਸ ਮਲ੍ਹਮ ਵਾਂਗ ਲੱਗਦੀਆਂ ਹਨ ਜੋ ਉਨ੍ਹਾਂ ਦੇ ਜਜ਼ਬਾਤੀ ਜ਼ਖ਼ਮਾਂ ਨੂੰ ਭਰਦੀ ਹੈ।

ਈਵਾ ਕਹਿੰਦੀ ਹੈ: “ਮੇਰੀ ਮੰਡਲੀ ਵਿਚ ਮੇਰੀ ਇਕ ਪੱਕੀ ਸਹੇਲੀ ਸੀ ਜੋ ਮੇਰੇ ਦੁੱਖ ਨੂੰ ਸਮਝਦੀ ਸੀ। ਉਹ ਮੇਰੀ ਗੱਲ ਸੁਣਦੀ ਸੀ, ਮੈਨੂੰ ਬਾਈਬਲ ਪੜ੍ਹ ਕੇ ਸੁਣਾਉਂਦੀ ਸੀ ਅਤੇ ਮੇਰੇ ਨਾਲ ਪ੍ਰਾਰਥਨਾ ਕਰਦੀ ਸੀ। ਉਹ ਪੱਕਾ ਕਰਦੀ ਸੀ ਕਿ ਮੈਂ ਇਕੱਲੀ ਨਾ ਰਹਾਂ। ਉਹ ਮੇਰੀ ਮਦਦ ਕਰਦੀ ਸੀ ਕਿ ਮੈਂ ਆਪਣਾ ਦਿਲ ਖੋਲ੍ਹਾਂ ਅਤੇ ਆਪਣਾ ਬੋਝ ਹਲਕਾ ਕਰਾਂ। ਉਸ ਦੀ ਮਦਦ ਸਦਕਾ ਮੈਂ ਹੋਰ ਜ਼ਿਆਦਾ ਸੁਰੱਖਿਅਤ ਮਹਿਸੂਸ ਕੀਤਾ।” ਰੇਚਲ ਅੱਗੇ ਦੱਸਦੀ ਹੈ: “ਮੈਨੂੰ ਮੰਡਲੀ ਵਿਚ ‘ਮਾਂ-ਬਾਪ’ ਮਿਲੇ। ਪੂਰੀ ਮੰਡਲੀ ਨੇ ਮੈਨੂੰ ਅਹਿਸਾਸ ਕਰਾਇਆ ਕਿ ਉਹ ਮੈਨੂੰ ਪਿਆਰ ਕਰਦੇ ਸਨ ਤੇ ਹੁਣ ਮੈਨੂੰ ਡਰਨ ਦੀ ਲੋੜ ਨਹੀਂ ਸੀ।”

3. ਦੂਸਰਿਆਂ ਨੂੰ ਪਿਆਰ ਕਰੋ ਅਤੇ ਹਮਦਰਦੀ ਜਤਾਓ।

ਦੂਸਰਿਆਂ ਨੂੰ ਪਿਆਰ ਅਤੇ ਹਮਦਰਦੀ ਦਿਖਾਉਣ ਨਾਲ ਦੋਸਤੀ ਪੱਕੀ ਹੁੰਦੀ ਹੈ। ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂਲਾਂ ਦੇ ਕੰਮ 20:35) ਬਿਨਾਂ ਸ਼ੱਕ ਜਿੰਨਾ ਜ਼ਿਆਦਾ ਅਸੀਂ ਦੂਸਰਿਆਂ ਨੂੰ ਪਿਆਰ ਕਰਾਂਗੇ, ਉਹ ਉੱਨਾ ਜ਼ਿਆਦਾ ਪਿਆਰ ਸਾਨੂੰ ਕਰਨਗੇ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਦੂਸਰਿਆਂ ਨੂੰ ਦਿੰਦੇ ਰਹੋ, ਤਾਂ ਲੋਕ ਤੁਹਾਨੂੰ ਵੀ ਦੇਣਗੇ।”​—ਲੂਕਾ 6:38.

ਦੂਜਿਆਂ ਨਾਲ ਪਿਆਰ ਕਰਨ ਅਤੇ ਉਨ੍ਹਾਂ ਦਾ ਪਿਆਰ ਪਾਉਣ ਨਾਲ ਅਸੀਂ ਹੋਰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਾਂਗੇ। ਬਾਈਬਲ ਕਹਿੰਦੀ ਹੈ ਕਿ “ਪਿਆਰ ਕਦੇ ਖ਼ਤਮ ਨਹੀਂ ਹੁੰਦਾ।” (1 ਕੁਰਿੰਥੀਆਂ 13:8) ਮਾਰੀਆ ਕਹਿੰਦੀ ਹੈ: “ਮੈਂ ਆਪਣੇ ਬਾਰੇ ਜਿੰਨਾ ਮਾੜਾ ਸੋਚਦੀ ਸੀ, ਉਹ ਸਹੀ ਨਹੀਂ ਸੀ। ਇਸ ਸੋਚ ਨੂੰ ਦਿਮਾਗ਼ ਵਿੱਚੋਂ ਕੱਢਣ ਲਈ ਮੈਂ ਦੂਜਿਆਂ ਦੀ ਮਦਦ ਕਰਦੀ ਸੀ ਤੇ ਆਪਣਾ ਆਪ ਭੁਲਾ ਦਿੰਦੀ ਸੀ। ਜਦ ਮੈਂ ਦੂਜਿਆਂ ਲਈ ਕੁਝ ਕਰਦੀ ਸੀ, ਤਾਂ ਮੈਨੂੰ ਸੰਤੁਸ਼ਟੀ ਮਿਲਦੀ ਸੀ।”

ਸਾਰਿਆਂ ਲਈ ਸੁਰੱਖਿਆ

ਉੱਪਰ ਦੱਸੇ ਕਦਮ ਕੋਈ ‘ਜਾਦੂ’ ਨਹੀਂ ਹਨ ਜਿਨ੍ਹਾਂ ਨਾਲ ਫਟਾਫਟ ਤੇ ਹਮੇਸ਼ਾ ਲਈ ਰਾਹਤ ਮਿਲ ਸਕਦੀ ਹੈ। ਪਰ ਇਹ ਕਦਮ ਚੁੱਕਣ ਨਾਲ ਬਹੁਤ ਫ਼ਾਇਦਾ ਹੋ ਸਕਦਾ ਹੈ। ਕੈਰੋਲੀਨ ਮੰਨਦੀ ਹੈ: “ਮੈਨੂੰ ਹਾਲੇ ਵੀ ਕਦੇ-ਕਦੇ ਡਰ ਲੱਗਦਾ ਹੈ। ਪਰ ਹੁਣ ਮੈਂ ਆਪਣੇ ਆਪ ਨੂੰ ਪਹਿਲਾਂ ਵਾਂਗ ਨਿਕੰਮੀ ਨਹੀਂ ਸਮਝਦੀ। ਮੈਨੂੰ ਪਤਾ ਹੈ ਕਿ ਰੱਬ ਮੇਰੀ ਪਰਵਾਹ ਕਰਦਾ ਹੈ ਅਤੇ ਮੇਰੇ ਕਈ ਜਿਗਰੀ ਦੋਸਤ ਵੀ ਹਨ ਜਿਨ੍ਹਾਂ ਕਰਕੇ ਮੈਂ ਸੁਰੱਖਿਅਤ ਮਹਿਸੂਸ ਕਰਦੀ ਹਾਂ।” ਰੇਚਲ ਵੀ ਇਸੇ ਤਰ੍ਹਾਂ ਮਹਿਸੂਸ ਕਰਦੀ ਹੈ। ਉਹ ਕਹਿੰਦੀ ਹੈ: “ਕਦੇ-ਕਦੇ ਉਦਾਸੀ ਮੈਨੂੰ ਘੇਰ ਲੈਂਦੀ ਹੈ। ਪਰ ਮੇਰੇ ਕਈ ਮਸੀਹੀ ਭੈਣ-ਭਰਾ ਹਨ ਜਿਨ੍ਹਾਂ ਤੋਂ ਮੈਂ ਸਲਾਹ ਲੈ ਸਕਦੀ ਹਾਂ ਅਤੇ ਉਹ ਸਹੀ ਨਜ਼ਰੀਆ ਰੱਖਣ ਵਿਚ ਮੇਰੀ ਮਦਦ ਕਰਦੇ ਹਨ। ਇਸ ਤੋਂ ਵੀ ਜ਼ਿਆਦਾ ਚੰਗੀ ਗੱਲ ਇਹ ਹੈ ਕਿ ਮੇਰਾ ਸਵਰਗੀ ਪਿਤਾ ਹੈ ਜਿਸ ਨਾਲ ਮੈਂ ਹਰ ਰੋਜ਼ ਗੱਲ ਕਰ ਸਕਦੀ ਹਾਂ। ਇਸ ਤਰ੍ਹਾਂ ਕਰਨ ਦਾ ਸੱਚੀਂ ਬਹੁਤ ਫ਼ਾਇਦਾ ਹੁੰਦਾ ਹੈ।”

ਬਾਈਬਲ ਇਕ ਨਵੀਂ ਦੁਨੀਆਂ ਬਾਰੇ ਦੱਸਦੀ ਹੈ ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰੇਗਾ

ਇਕ ਹੋਰ ਹੱਲ ਹੈ ਜੋ ਹਮੇਸ਼ਾ ਲਈ ਹੋਵੇਗਾ। ਬਾਈਬਲ ਇਕ ਨਵੀਂ ਦੁਨੀਆਂ ਬਾਰੇ ਦੱਸਦੀ ਹੈ ਜਿਸ ਵਿਚ ਹਰ ਕੋਈ ਸੁਰੱਖਿਅਤ ਮਹਿਸੂਸ ਕਰੇਗਾ। ਪਰਮੇਸ਼ੁਰ ਦਾ ਬਚਨ ਵਾਅਦਾ ਕਰਦਾ ਹੈ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।” (ਮੀਕਾਹ 4:4) ਉਸ ਸਮੇਂ ਨਾ ਤਾਂ ਕੋਈ ਸਾਨੂੰ ਬੇਸਹਾਰਾ ਮਹਿਸੂਸ ਕਰਵਾਏਗਾ ਅਤੇ ਨਾ ਹੀ ਕੋਈ ਸਾਨੂੰ ਨੁਕਸਾਨ ਪਹੁੰਚਾਵੇਗਾ। ਇੱਥੋਂ ਤਕ ਕਿ ਅਤੀਤ ਵਿਚ ਲੱਗੇ ਗਹਿਰੇ ਸਦਮੇ ਵੀ ‘ਚੇਤੇ ਨਾ ਆਉਣਗੇ।’ (ਯਸਾਯਾਹ 65:17, 25) ਰੱਬ ਅਤੇ ਉਸ ਦਾ ਪੁੱਤਰ ਯਿਸੂ ਮਸੀਹ ਸੱਚੀ ਧਾਰਮਿਕਤਾ ਕਾਇਮ ਕਰਨਗੇ ਅਤੇ ਹਰ ਪਾਸੇ ‘ਸਦੀਪਕ ਚੈਨ ਅਤੇ ਆਸ਼ਾ ਹੋਵੇਗੀ।’​—ਯਸਾਯਾਹ 32:17. ▪ (w16-E No. 1)

^ ਪੈਰਾ 5 ਸਾਰੇ ਨਾਂ ਬਦਲੇ ਗਏ ਹਨ।

^ ਪੈਰਾ 21 ਯਹੋਵਾਹ ਦੇ ਗਵਾਹ ਮੁਫ਼ਤ ਵਿਚ ਉਨ੍ਹਾਂ ਲੋਕਾਂ ਨੂੰ ਬਾਈਬਲ ਦਾ ਗਿਆਨ ਦਿੰਦੇ ਹਨ ਜੋ ਉਸ ਦੇ ਨੇੜੇ ਜਾਣਾ ਚਾਹੁੰਦੇ ਹਨ।