Skip to content

Skip to table of contents

ਪ੍ਰਾਰਥਨਾ ਕਿਵੇਂ ਕਰੀਏ?

ਪ੍ਰਾਰਥਨਾ ਕਿਵੇਂ ਕਰੀਏ?

ਯਹੋਵਾਹ ਪਰਮੇਸ਼ੁਰ ਨੂੰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਕਿਹਾ ਗਿਆ ਹੈ। (ਜ਼ਬੂਰ 65:2) ਅਸੀਂ ਉਸ ਨੂੰ ਕਦੀ ਵੀ ਅਤੇ ਕਿਤੇ ਵੀ ਪ੍ਰਾਰਥਨਾ ਕਰ ਸਕਦੇ ਹਾਂ। ਜੇ ਅਸੀਂ ਉਸ ਨੂੰ ਮਨ ਵਿਚ ਪ੍ਰਾਰਥਨਾ ਕਰੀਏ, ਤਾਂ ਵੀ ਉਹ ਸਾਡੀ ਸੁਣਦਾ ਹੈ। ਦੇਖਿਆ ਜਾਵੇ ਤਾਂ ਅਸੀਂ ਸਾਰੇ ਹੀ ਉਸ ਦੇ ਬੱਚੇ ਹਾਂ, ਇਸ ਲਈ ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਆਪਣਾ ਪਿਤਾ ਮੰਨ ਕੇ ਆਪਣੇ ਦਿਲ ਦੀ ਹਰ ਗੱਲ ਦੱਸੀਏ। (ਮੱਤੀ 6:9) ਬਾਈਬਲ ਵਿਚ ਉਸ ਨੇ ਸਾਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਅਸੀਂ ਉਸ ਨੂੰ ਕਿਵੇਂ ਪ੍ਰਾਰਥਨਾ ਕਰ ਸਕਦੇ ਹਾਂ।

ਯਹੋਵਾਹ ਪਰਮੇਸ਼ੁਰ ਨੂੰ ਯਿਸੂ ਦੇ ਨਾਂ ’ਤੇ ਪ੍ਰਾਰਥਨਾ ਕਰੋ

“ਜੇ ਤੁਸੀਂ ਮੇਰੇ ਨਾਂ ’ਤੇ ਪਿਤਾ ਤੋਂ ਕੁਝ ਵੀ ਮੰਗੋਗੇ, ਤਾਂ ਉਹ ਤੁਹਾਨੂੰ ਦੇ ਦੇਵੇਗਾ।”—ਯੂਹੰਨਾ 16:23.

ਇਹ ਗੱਲ ਯਿਸੂ ਨੇ ਕਹੀ ਸੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਨੂੰ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਨਾਲੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਾਨੂੰ ਕਿਸੇ ਮੂਰਤ, ਧਾਰਮਿਕ ਆਗੂਆਂ, ਸਵਰਗ ਦੂਤ ਜਾਂ ਵੱਡ-ਵਡੇਰਿਆਂ ਰਾਹੀਂ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ, ਸਗੋਂ ਯਿਸੂ ਮਸੀਹ ਦੇ ਨਾਂ ’ਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਅਸੀਂ ਜਦੋਂ ਵੀ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ ਅਖ਼ੀਰ ਵਿਚ ਕਹਿਣਾ ਚਾਹੀਦਾ ਹੈ ਕਿ ਅਸੀਂ ਇਹ ਪ੍ਰਾਰਥਨਾ ਯਿਸੂ ਦੇ ਨਾਂ ’ਤੇ ਮੰਗਦੇ ਹਾਂ। ਯਿਸੂ ਨੇ ਕਿਹਾ, “ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜੋ ਮੇਰੇ ਰਾਹੀਂ ਆਉਂਦਾ ਹੈ।”—ਯੂਹੰਨਾ 14:6.

ਦਿਲ ਖੋਲ੍ਹ ਕੇ ਗੱਲ ਕਰੋ

“ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ।”—ਜ਼ਬੂਰ 62:8.

ਪ੍ਰਾਰਥਨਾ ਵਿਚ ਯਹੋਵਾਹ ਨਾਲ ਉੱਦਾਂ ਗੱਲ ਕਰੋ ਜਿੱਦਾਂ ਤੁਸੀਂ ਆਪਣੇ ਪਿਤਾ ਨਾਲ ਕਰਦੇ ਹੋ। ਹਰ ਰੋਜ਼ ਇੱਕੋ ਜਿਹੀ ਪ੍ਰਾਰਥਨਾ ਨਾ ਕਰੋ ਅਤੇ ਨਾ ਹੀ ਕਿਸੇ ਕਿਤਾਬ ਵਿਚ ਲਿਖੀਆਂ ਗੱਲਾਂ ਵਾਰ-ਵਾਰ ਪੜ੍ਹੋ। ਇਸ ਦੀ ਬਜਾਇ, ਆਪਣੇ ਦਿਲ ਦੀਆਂ ਗੱਲਾਂ ਉਸ ਨੂੰ ਦੱਸੋ ਚਾਹੇ ਤੁਸੀਂ ਕਿਸੇ ਗੱਲ ਨੂੰ ਲੈ ਕੇ ਖ਼ੁਸ਼ ਹੋ ਜਾਂ ਦੁਖੀ।

ਸਹੀ ਚੀਜ਼ਾਂ ਲਈ ਪ੍ਰਾਰਥਨਾ ਕਰੋ

“ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”—1 ਯੂਹੰਨਾ 5:14.

ਜੇ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ “ਪਰਮੇਸ਼ੁਰ ਦੀ ਇੱਛਾ ਅਨੁਸਾਰ” ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਅਸੀਂ ਉਸ ਦੀ ਮਰਜ਼ੀ ਕਿਵੇਂ ਜਾਣ ਸਕਦੇ ਹਾਂ? ਬਾਈਬਲ ਪੜ੍ਹ ਕੇ ਅਸੀਂ ਜਾਣ ਸਕਦੇ ਹਾਂ ਕਿ ਉਸ ਨੂੰ ਕੀ ਪਸੰਦ ਹੈ ਤੇ ਕੀ ਨਹੀਂ। ਜੇ ਅਸੀਂ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਪ੍ਰਾਰਥਨਾ ਕਰਾਂਗੇ, ਤਾਂ ਉਹ ਜ਼ਰੂਰ ਸਾਡੀ ਸੁਣੇਗਾ।

ਸਾਨੂੰ ਕਿਨ੍ਹਾਂ ਗੱਲਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਆਪਣੀਆਂ ਲੋੜਾਂ ਲਈ ਪ੍ਰਾਰਥਨਾ ਕਰੋ। ਅਸੀਂ ਰੱਬ ਨੂੰ ਆਪਣੀਆਂ ਲੋੜਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ, ਜਿਵੇਂ ਰੋਟੀ, ਕੱਪੜਾ ਅਤੇ ਮਕਾਨ। ਅਸੀਂ ਉਸ ਦੀਆਂ ਮਿੰਨਤਾਂ ਵੀ ਕਰ ਸਕਦੇ ਹਾਂ ਕਿ ਉਹ ਸਾਨੂੰ ਸਹੀ ਫ਼ੈਸਲੇ ਕਰਨ ਲਈ ਬੁੱਧ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਦੇਵੇ। ਨਾਲੇ ਅਸੀਂ ਰੱਬ ਤੋਂ ਆਪਣੀਆਂ ਗ਼ਲਤੀਆਂ ਦੀ ਮਾਫ਼ੀ ਮੰਗਣ ਦੇ ਨਾਲ-ਨਾਲ ਉਸ ’ਤੇ ਵਿਸ਼ਵਾਸ ਪੈਦਾ ਕਰਨ ਲਈ ਮਦਦ ਵੀ ਮੰਗ ਸਕਦੇ ਹਾਂ।—ਲੂਕਾ 11:3, 4, 13; ਯਾਕੂਬ 1:5, 17.

ਦੂਜਿਆਂ ਲਈ ਪ੍ਰਾਰਥਨਾ ਕਰੋ। ਮਾਪਿਆਂ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਪਰਿਵਾਰ ਵਿਚ ਸਾਰੇ ਬੱਚੇ ਆਪਸ ਵਿਚ ਪਿਆਰ ਨਾਲ ਰਹਿੰਦੇ ਹਨ। ਅਸੀਂ ਸਾਰੇ ਪਰਮੇਸ਼ੁਰ ਦੇ ਬੱਚੇ ਹਾਂ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਇਕ-ਦੂਜੇ ਨਾਲ ਪਿਆਰ ਕਰੀਏ। ਬਾਈਬਲ ਵਿਚ ਲਿਖਿਆ ਹੈ: “ਇਕ-ਦੂਜੇ ਲਈ ਪ੍ਰਾਰਥਨਾ ਕਰੋ।” (ਯਾਕੂਬ 5:16) ਇਸ ਲਈ ਸਾਨੂੰ ਆਪਣੇ ਜੀਵਨ ਸਾਥੀ, ਬੱਚਿਆਂ, ਪਰਿਵਾਰ ਅਤੇ ਦੋਸਤਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।

ਸ਼ੁਕਰਗੁਜ਼ਾਰੀ ਜ਼ਾਹਰ ਕਰੋ। ਬਾਈਬਲ ਦੱਸਦੀ ਹੈ, “ਉਹ ਆਕਾਸ਼ੋਂ ਮੀਂਹ ਵਰ੍ਹਾਉਂਦਾ ਰਿਹਾ ਤੇ ਤੁਹਾਨੂੰ ਭਰਪੂਰ ਫ਼ਸਲਾਂ ਦਿੰਦਾ ਰਿਹਾ। ਇਸ ਤਰ੍ਹਾਂ ਉਸ ਨੇ ਤੁਹਾਨੂੰ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦਿੱਤੀਆਂ ਅਤੇ ਤੁਹਾਡੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰ ਦਿੱਤਾ।” (ਰਸੂਲਾਂ ਦੇ ਕੰਮ 14:17) ਵਾਕਈ, ਰੱਬ ਸਾਡੇ ਲਈ ਕਿੰਨਾ ਕੁਝ ਕਰਦਾ ਹੈ! ਸਾਨੂੰ ਇਸ ਬਾਰੇ ਗਹਿਰਾਈ ਨਾਲ ਸੋਚਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਉਸ ਦਾ ਸ਼ੁਕਰੀਆ ਅਦਾ ਕਰਨ ਲਈ ਪ੍ਰੇਰਿਤ ਹੋਵਾਂਗੇ। ਅਸੀਂ ਉਸ ਦਾ ਕਹਿਣਾ ਮੰਨ ਕੇ ਵੀ ਸ਼ੁਕਰੀਆ ਜ਼ਾਹਰ ਕਰ ਸਕਦੇ ਹਾਂ।—ਕੁਲੁੱਸੀਆਂ 3:15.

ਪ੍ਰਾਰਥਨਾ ਕਰਦੇ ਰਹੋ!

ਹੋ ਸਕਦਾ ਹੈ ਕਿ ਅਸੀਂ ਰੱਬ ਨੂੰ ਸੱਚੇ ਦਿਲੋਂ ਪ੍ਰਾਰਥਨਾ ਕੀਤੀ ਹੋਵੇ, ਪਰ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਇਕਦਮ ਜਵਾਬ ਨਾ ਮਿਲਿਆ ਹੋਵੇ। ਇਸ ਕਰਕੇ ਅਸੀਂ ਸ਼ਾਇਦ ਨਿਰਾਸ਼ ਹੋ ਜਾਈਏ ਅਤੇ ਸੋਚੀਏ, ‘ਰੱਬ ਨੂੰ ਮੇਰਾ ਕੋਈ ਫ਼ਿਕਰ ਨਹੀਂ ਹੈ!’ ਪਰ ਇਹ ਸੱਚ ਨਹੀਂ ਹੈ। ਆਓ ਆਪਾਂ ਉਨ੍ਹਾਂ ਲੋਕਾਂ ’ਤੇ ਦੁਬਾਰਾ ਗੌਰ ਕਰੀਏ ਜਿਨ੍ਹਾਂ ਦਾ ਜ਼ਿਕਰ ਇਸ ਰਸਾਲੇ ਦੇ ਸ਼ੁਰੂ ਵਿਚ ਕੀਤਾ ਗਿਆ ਸੀ। ਉਨ੍ਹਾਂ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਜਦੋਂ ਰੱਬ ਸਾਨੂੰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਝੱਟ ਨਹੀਂ ਦਿੰਦਾ, ਤਾਂ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਸਗੋਂ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ।

ਸਟੀਵ ਨਾਂ ਦਾ ਆਦਮੀ ਦੱਸਦਾ ਹੈ, “ਮੈਂ ਜ਼ਿੰਦਗੀ ਵਿਚ ਕਦੋਂ ਦੀ ਹਾਰ ਮੰਨ ਲੈਣੀ ਸੀ, ਪਰ ਪ੍ਰਾਰਥਨਾ ਨਾਲ ਮੇਰੇ ਵਿਚ ਫਿਰ ਤੋਂ ਉਮੀਦ ਦੀ ਕਿਰਨ ਜਾਗੀ।” ਦਰਅਸਲ, ਸਟੀਵ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਨੇ ਸਿੱਖਿਆ ਕਿ ਸਾਨੂੰ ਰੱਬ ਨੂੰ ਪ੍ਰਾਰਥਨਾ ਕਿਉਂ ਕਰਦੇ ਰਹਿਣਾ ਚਾਹੀਦਾ ਹੈ। ਸਟੀਵ ਦੱਸਦਾ ਹੈ, “ਮੇਰੇ ਦੋਸਤਾਂ ਨੇ ਔਖੀਆਂ ਘੜੀਆਂ ਵਿਚ ਮੇਰੀ ਮਦਦ ਕੀਤੀ। ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਅਜਿਹੇ ਦੋਸਤ ਦਿੱਤੇ।”

ਜੈਨੀ ਨਾਂ ਦੀ ਔਰਤ ਨੂੰ ਲੱਗਦਾ ਸੀ ਕਿ ਉਹ ਰੱਬ ਨਾਲ ਗੱਲ ਕਰਨ ਦੇ ਲਾਇਕ ਨਹੀਂ ਸੀ। ਉਹ ਕਹਿੰਦੀ ਹੈ: “ਜਦੋਂ ਮੈਂ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬੀ ਹੋਈ ਸੀ, ਤਾਂ ਮੈਂ ਰੱਬ ਨੂੰ ਬੇਨਤੀ ਕੀਤੀ ਅਤੇ ਆਪਣਾ ਦਿਲ ਉਸ ਅੱਗੇ ਖੋਲ੍ਹਿਆ। ਇੱਦਾਂ ਕਰਨ ਨਾਲ ਮੇਰਾ ਮਨ ਸ਼ਾਂਤ ਹੋਇਆ। ਭਾਵੇਂ ਕਿ ਮੈਂ ਆਪਣੀਆਂ ਗ਼ਲਤੀਆਂ ਕਰਕੇ ਆਪਣੇ ਆਪ ਨੂੰ ਨਿਕੰਮੀ ਸਮਝਦੀ ਸੀ, ਪਰ ਰੱਬ ਮੇਰੇ ਬਾਰੇ ਇੱਦਾਂ ਨਹੀਂ ਸੋਚਦਾ ਸੀ। ਕਈ ਵਾਰ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਇਕਦਮ ਨਹੀਂ ਮਿਲਦਾ, ਪਰ ਸਾਨੂੰ ਪ੍ਰਾਰਥਨਾ ਕਰਨੀ ਛੱਡਣੀ ਨਹੀਂ ਚਾਹੀਦੀ। ਪ੍ਰਾਰਥਨਾ ਕਰਨ ਨਾਲ ਮੈਂ ਯਹੋਵਾਹ ਨੂੰ ਆਪਣਾ ਪਿਤਾ ਤੇ ਦੋਸਤ ਮੰਨ ਸਕੀ ਹਾਂ। ਉਸ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜੇ ਅਸੀਂ ਉਸ ਦਾ ਕਹਿਣਾ ਮੰਨਾਂਗੇ, ਤਾਂ ਉਹ ਸਾਨੂੰ ਕਦੇ ਵੀ ਇਕੱਲਾ ਨਹੀਂ ਛੱਡੇਗਾ।”

ਇਜ਼ਾਬੈਲ ਮੰਨਦੀ ਹੈ ਕਿ ਰੱਬ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਕਿਉਂਕਿ ਉਸ ਦਾ ਮੁੰਡਾ ਅਪਾਹਜ ਹੋਣ ਦੇ ਬਾਵਜੂਦ ਵੀ ਖ਼ੁਸ਼ ਹੈ

ਜ਼ਰਾ ਇਜ਼ਾਬੈਲ ਨਾਂ ਦੀ ਔਰਤ ’ਤੇ ਗੌਰ ਕਰੋ। ਜਦੋਂ ਉਹ ਗਰਭਵਤੀ ਸੀ, ਤਾਂ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਸ ਦਾ ਬੱਚਾ ਅਪਾਹਜ ਪੈਦਾ ਹੋਵੇਗਾ। ਇਹ ਸੁਣ ਕੇ ਇਜ਼ਾਬੈਲ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕੁਝ ਲੋਕਾਂ ਨੇ ਉਸ ਨੂੰ ਗਰਭਪਾਤ ਕਰਾਉਣ ਦੀ ਸਲਾਹ ਦਿੱਤੀ। ਉਹ ਦੱਸਦੀ ਹੈ: “ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਦਿਨ-ਰਾਤ ਰੱਬ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਤੋਂ ਮਦਦ ਮੰਗੀ।” ਕੁਝ ਸਮੇਂ ਬਾਅਦ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਜੇਰਡ ਰੱਖਿਆ। ਭਾਵੇਂ ਉਸ ਦਾ ਮੁੰਡਾ ਅਪਾਹਜ ਪੈਦਾ ਹੋਇਆ ਸੀ, ਪਰ ਫਿਰ ਵੀ ਇਜ਼ਾਬੈਲ ਮੰਨਦੀ ਹੈ ਕਿ ਰੱਬ ਨੇ ਉਸ ਦੀ ਪ੍ਰਾਰਥਨਾ ਸੁਣ ਲਈ। ਉਹ ਕਿਵੇਂ? ਉਹ ਦੱਸਦੀ ਹੈ: “ਅੱਜ ਮੇਰਾ ਮੁੰਡਾ ਜੇਰਡ 14 ਸਾਲਾਂ ਦਾ ਹੈ ਅਤੇ ਅਪਾਹਜ ਹੋਣ ਦੇ ਬਾਵਜੂਦ ਵੀ ਉਹ ਖ਼ੁਸ਼ ਹੈ। ਯਹੋਵਾਹ ਨੇ ਮੁੰਡਾ ਦੇ ਕੇ ਮੇਰੇ ’ਤੇ ਬਹੁਤ ਵੱਡਾ ਉਪਕਾਰ ਕੀਤਾ ਹੈ। ਉਸ ਨੇ ਮੇਰੀ ਪ੍ਰਾਰਥਨਾ ਸੁਣੀ ਹੈ। ਇਸ ਲਈ ਮੈਂ ਉਸ ਦੀ ਸ਼ੁਕਰਗੁਜ਼ਾਰ ਹਾਂ।”

ਬਾਈਬਲ ਵਿਚ ਰੱਬ ਬਾਰੇ ਲਿਖੀ ਇਹ ਗੱਲ ਕਿੰਨੀ ਸੱਚ ਹੈ: “ਹੇ ਯਹੋਵਾਹ, ਤੂੰ ਮਸਕੀਨਾਂ ਦੀ ਇੱਛਿਆ ਸੁਣੀ ਹੈ, ਤੂੰ ਉਨ੍ਹਾਂ ਦੇ ਮਨ ਦ੍ਰਿੜ੍ਹ ਕਰੇਂਗਾ, ਤੂੰ ਆਪਣਾ ਕੰਨ ਲਾਏਂਗਾ।” (ਜ਼ਬੂਰ 10:17) ਭਰੋਸਾ ਰੱਖੋ ਕਿ ਰੱਬ ਤੁਹਾਡੀਆਂ ਪ੍ਰਾਰਥਨਾਵਾਂ ਤੇ ਬੇਨਤੀਆਂ ਜ਼ਰੂਰ ਸੁਣੇਗਾ।

ਬਾਈਬਲ ਵਿਚ ਯਿਸੂ ਦੀਆਂ ਪ੍ਰਾਰਥਨਾਵਾਂ ਦਰਜ ਹਨ। ਇਨ੍ਹਾਂ ਵਿੱਚੋਂ ਇਕ ਮਸ਼ਹੂਰ ਪ੍ਰਾਰਥਨਾ ਹੈ ਜੋ ਯਿਸੂ ਨੇ ਆਪਣੇ ਚੇਲਿਆਂ ਨੂੰ ਕਰਨੀ ਸਿਖਾਈ ਸੀ। ਆਓ ਆਪਾਂ ਉਸ ਪ੍ਰਾਰਥਨਾ ਬਾਰੇ ਜਾਣੀਏ।