Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਉਨ੍ਹਾਂ ਨੇ ਮੇਰੇ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ!

ਉਨ੍ਹਾਂ ਨੇ ਮੇਰੇ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ!
  • ਜਨਮ: 1950

  • ਦੇਸ਼: ਸਪੇਨ

  • ਅਤੀਤ: ਕੈਥੋਲਿਕ ਨਨ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰਾ ਜਨਮ ਉੱਤਰ-ਪੱਛਮੀ ਸਪੇਨ ਵਿਚ ਗਲਿਸ਼ਾ ਦੇ ਇਕ ਪਿੰਡ ਵਿਚ ਹੋਇਆ ਸੀ। ਸਾਡੇ ਪਰਿਵਾਰ ਵਿਚ ਅੱਠ ਬੱਚੇ ਸੀ ਤੇ ਮੈਂ ਸੀ ਚੌਥੇ ਨੰਬਰ ’ਤੇ। ਉਸ ਵੇਲੇ ਮੇਰੇ ਮਾਪਿਆਂ ਦਾ ਇਕ ਛੋਟਾ ਜਿਹਾ ਫਾਰਮ ਸੀ ਤੇ ਸਾਡੇ ਘਰ ਦਾ ਮਾਹੌਲ ਬੜਾ ਖ਼ੁਸ਼ੀਆਂ ਭਰਿਆ ਸੀ। ਉਸ ਵੇਲੇ ਸਪੇਨ ਵਿਚ ਘਰ ਦੇ ਘੱਟੋ-ਘੱਟ ਇਕ ਬੱਚੇ ਨੂੰ ਸੈਮੀਨਰੀ ਜਾਂ ਕਾਨਵੈਂਟ (ਧਾਰਮਿਕ ਸਕੂਲ) ਭੇਜਿਆ ਜਾਂਦਾ ਸੀ ਤਾਂਕਿ ਉਹ ਨਨ ਜਾਂ ਪਾਦਰੀ ਬਣ ਸਕੇ। ਸਾਡੇ ਪਰਿਵਾਰ ਵਿੱਚੋਂ ਤਿੰਨ ਜਣਿਆਂ ਨੇ ਇਸੇ ਤਰ੍ਹਾਂ ਕੀਤਾ।

ਮੇਰੀ ਇਕ ਭੈਣ ਮੈਡਰਿਡ ਦੇ ਇਕ ਕਾਨਵੈਂਟ ਵਿਚ ਸੀ। 13 ਸਾਲਾਂ ਦੀ ਉਮਰ ਵਿਚ ਮੈਂ ਵੀ ਉੱਥੇ ਹੀ ਦਾਖ਼ਲਾ ਲੈ ਲਿਆ। ਉੱਥੇ ਦਾ ਮਾਹੌਲ ਬੜਾ ਰੁੱਖਾ ਜਿਹਾ ਸੀ, ਦੋਸਤੀ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਸੀ, ਬੱਸ ਕਾਇਦੇ-ਕਾਨੂੰਨ, ਪ੍ਰਾਰਥਨਾ ਅਤੇ ਸੰਨਿਆਸੀਆਂ ਵਰਗਾ ਜੀਵਨ। ਭਾਵੇਂ ਅਸੀਂ ਸਵੇਰੇ-ਸਵੇਰੇ ਪਰਮੇਸ਼ੁਰ ਦਾ ਧਿਆਨ ਕਰਨ ਲਈ ਪ੍ਰਾਰਥਨਾ ਘਰ ਵਿਚ ਇਕੱਠੇ ਹੁੰਦੇ ਸੀ, ਪਰ ਉੱਥੇ ਮੇਰਾ ਧਿਆਨ ਨਹੀਂ ਲੱਗਦਾ ਸੀ। ਬਾਅਦ ਵਿਚ ਅਸੀਂ ਧਾਰਮਿਕ ਗੀਤ ਗਾਉਂਦੇ ਸੀ ਅਤੇ ਈਸਾਈਆਂ ਦਾ ਇਕ ਰਿਵਾਜ (ਮਾਸ) ਮਨਾਉਂਦੇ ਸੀ। ਇਹ ਸਾਰਾ ਕੁਝ ਲਾਤੀਨੀ ਭਾਸ਼ਾ ਵਿਚ ਹੁੰਦਾ ਸੀ ਤੇ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀ। ਮੈਨੂੰ ਲੱਗਦਾ ਸੀ ਕਿ ਮੈਂ ਪਰਮੇਸ਼ੁਰ ਦੇ ਨੇੜੇ ਨਹੀਂ ਜਾ ਸਕਾਂਗੀ ਤੇ ਉਹ ਮੇਰੇ ਤੋਂ ਬਹੁਤ ਦੂਰ ਹੈ। ਉੱਥੇ ਦੀ ਖ਼ਾਮੋਸ਼ੀ ਵਿਚ ਮੈਂ ਆਪਣੇ ਦਿਨ ਕੱਟਣ ਲੱਗੀ। ਆਪਣੀ ਭੈਣ ਨੂੰ ਮਿਲਣ ਤੇ ਵੀ ਮੈਂ ਉਹ ਦੇ ਨਾਲ ਗੱਲ ਨਹੀਂ ਕਰ ਪਾਉਂਦੀ ਸੀ। ਅਸੀਂ ਤਾਂ ਬੱਸ ਇਕ-ਦੂਜੇ ਨੂੰ “ਹੇਲ ਮੈਰੀ” ਹੀ ਕਹਿ ਪਾਉਂਦੀਆਂ ਸੀ। ਇਸ ਤੋਂ ਇਲਾਵਾ, ਰੋਟੀ ਖਾਣ ਤੋਂ ਬਾਅਦ ਨਨ ਸਾਨੂੰ ਸਾਰਿਆਂ ਨੂੰ ਗੱਲ ਕਰਨ ਲਈ ਸਿਰਫ਼ ਅੱਧਾ ਘੰਟਾ ਹੀ ਦਿੰਦੀ ਸੀ। ਇੱਥੇ ਦਾ ਮਾਹੌਲ ਮੇਰੇ ਘਰ ਤੋਂ ਬਹੁਤ ਵੱਖਰਾ ਸੀ। ਆਪਣੇ ਘਰ ਵਿਚ ਮੈਂ ਕਿੰਨਾ ਖ਼ੁਸ਼ ਰਹਿੰਦੀ ਸੀ। ਜਦ ਕਿ ਇੱਥੇ ਮੈਂ ਬਹੁਤ ਹੀ ਇਕੱਲਾਪਣ ਮਹਿਸੂਸ ਕਰਦੀ ਸੀ ਤੇ ਅਕਸਰ ਰੋਂਦੀ ਸੀ।

ਭਾਵੇਂ ਮੈਂ ਆਪਣੇ ਆਪ ਨੂੰ ਕਦੇ ਰੱਬ ਦੇ ਨੇੜੇ ਮਹਿਸੂਸ ਨਹੀਂ ਕੀਤਾ, ਫਿਰ ਵੀ 17 ਸਾਲਾਂ ਦੀ ਉਮਰ ਵਿਚ ਮੈਂ ਸਹੁੰ ਖਾ ਲਈ ਤੇ ਨਨ ਬਣ ਗਈ। ਮੇਰਾ ਦਿਲ ਤਾਂ ਨਹੀਂ ਕਰਦਾ ਸੀ, ਫਿਰ ਵੀ ਮੈਂ ਇਹ ਕਦਮ ਚੁੱਕਿਆ ਕਿਉਂਕਿ ਲੋਕ ਮੇਰੇ ਤੋਂ ਇਹੀ ਉਮੀਦ ਰੱਖਦੇ ਸੀ। ਪਰ ਕੁਝ ਸਮੇਂ ਬਾਅਦ ਮੈਂ ਸ਼ੱਕ ਕਰਨ ਲੱਗ ਪਈ ਕਿ ਕੀ ਸੱਚੀਂ ਰੱਬ ਨੇ ਮੈਨੂੰ ਇਸ ਕੰਮ ਲਈ ਚੁਣਿਆ ਹੈ। ਇਸ ਲਈ ਉੱਥੇ ਦੀ ਨਨ ਮੈਨੂੰ ਕਹਿੰਦੀ ਹੁੰਦੀ ਸੀ ਕਿ ਜਿਹੜੇ ਲੋਕ ਇੱਦਾਂ ਦੇ ਸ਼ੱਕ ਕਰਦੇ ਹਨ, ਉਨ੍ਹਾਂ ਨੂੰ ਨਰਕ ਦੀ ਅੱਗ ਵਿਚ ਤੜਫਾਇਆ ਜਾਵੇਗਾ। ਫਿਰ ਵੀ ਮੇਰਾ ਸ਼ੱਕ ਦੂਰ ਨਹੀਂ ਹੋਇਆ। ਮੈਂ ਜਾਣਦੀ ਸੀ ਕਿ ਯਿਸੂ ਨੇ ਸੰਨਿਆਸੀਆਂ ਵਰਗਾ ਜੀਵਨ ਨਹੀਂ ਬਿਤਾਇਆ ਸੀ, ਸਗੋਂ ਉਹ ਲੋਕਾਂ ਵਿਚ ਰਹਿ ਕੇ ਉਨ੍ਹਾਂ ਨੂੰ ਸਿਖਾਉਂਦਾ ਤੇ ਉਨ੍ਹਾਂ ਦੀ ਮਦਦ ਕਰਦਾ ਹੁੰਦਾ ਸੀ। (ਮੱਤੀ 4:23-25) ਨਨ ਬਣਨ ਤੋਂ ਤਿੰਨ ਸਾਲਾਂ ਬਾਅਦ ਵੀ ਯਾਨੀ 20 ਸਾਲਾਂ ਦੀ ਉਮਰ ਵਿਚ ਵੀ ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਨਨ ਕਿਉਂ ਬਣੀ। ਹੈਰਾਨੀ ਦੀ ਗੱਲ ਹੈ ਕਿ ਉੱਥੇ ਦੀ ਸਭ ਤੋਂ ਵੱਡੀ ਨਨ ਨੇ ਮੈਨੂੰ ਕਿਹਾ ਕਿ ਜੇ ਤੂੰ ਨਨ ਬਣੇ ਰਹਿਣ ਬਾਰੇ ਦੁਬਿਧਾ ਵਿਚ ਹੈਂ, ਤਾਂ ਚੰਗਾ ਹੋਵੇਗਾ ਕਿ ਤੂੰ ਫਟਾਫਟ ਇੱਥੋਂ ਚਲੀ ਜਾਹ। ਮੈਨੂੰ ਲੱਗਦਾ ਕਿ ਉਸ ਨੂੰ ਡਰ ਸੀ ਕਿ ਕਿਤੇ ਮੇਰੇ ਕਰਕੇ ਦੂਜਿਆਂ ਦੇ ਮਨ ਵਿਚ ਵੀ ਇਹੀ ਸ਼ੱਕ ਨਾ ਪੈਦਾ ਹੋ ਜਾਵੇ। ਅਖ਼ੀਰ ਮੈਂ ਕਾਨਵੈਂਟ ਛੱਡ ਦਿੱਤਾ।

ਜਦੋਂ ਮੈਂ ਘਰ ਵਾਪਸ ਆਈ, ਤਾਂ ਮੇਰੇ ਮਾਪਿਆਂ ਨੂੰ ਮੇਰੇ ਫ਼ੈਸਲੇ ਤੇ ਕੋਈ ਇਤਰਾਜ਼ ਨਹੀਂ ਸੀ। ਸਾਡੇ ਪਿੰਡ ਵਿਚ ਕੋਈ ਨੌਕਰੀ ਮਿਲਣੀ ਔਖੀ ਸੀ, ਇਸ ਲਈ ਮੈਂ ਜਰਮਨੀ ਚਲੀ ਗਈ ਜਿੱਥੇ ਮੇਰਾ ਭਰਾ ਰਹਿੰਦਾ ਸੀ। ਉਹ ਇਕ ਜੋਸ਼ੀਲੇ ਕਮਿਊਨਿਸਟ (ਸਾਮਵਾਦੀ) ਸਮੂਹ ਦਾ ਮੈਂਬਰ ਸੀ। ਇਹ ਸਮੂਹ ਸਪੇਨ ਤੋਂ ਆਏ ਲੋਕਾਂ ਦਾ ਬਣਿਆ ਸੀ। ਉਸ ਸਮੂਹ ਵਿਚ ਰਹਿਣਾ ਮੈਨੂੰ ਚੰਗਾ ਲੱਗਦਾ ਸੀ ਕਿਉਂਕਿ ਉਹ ਮਜ਼ਦੂਰਾਂ ਦੇ ਹੱਕਾਂ ਤੇ ਔਰਤਾਂ ਨੂੰ ਬਰਾਬਰ ਅਧਿਕਾਰ ਦਿਵਾਉਣ ਲਈ ਲੜਦੇ ਸਨ। ਇਸ ਲਈ ਮੈਂ ਵੀ ਇਕ ਕਮਿਊਨਿਸਟ ਬਣ ਗਈ ਤੇ ਕੁਝ ਸਮੇਂ ਬਾਅਦ ਮੈਂ ਉਸ ਸਮੂਹ ਦੇ ਇਕ ਮੈਂਬਰ ਨਾਲ ਵਿਆਹ ਕਰਾ ਲਿਆ। ਮੈਂ ਕਮਿਊਨਿਸਟ ਸਾਹਿੱਤ ਵੰਡਦੀ ਸੀ ਤੇ ਉਨ੍ਹਾਂ ਨਾਲ ਮਿਲ ਕੇ ਧਰਨੇ ਦਿੰਦੀ ਹੁੰਦੀ ਸੀ। ਮੈਨੂੰ ਲੱਗਦਾ ਸੀ ਕਿ ਮੈਂ ਚੰਗਾ ਕੰਮ ਕਰ ਰਹੀ ਹਾਂ।

ਪਰ ਕੁਝ ਸਮੇਂ ਬਾਅਦ ਮੈਂ ਫਿਰ ਤੋਂ ਨਿਰਾਸ਼ ਰਹਿਣ ਲੱਗੀ। ਮੈਨੂੰ ਅਹਿਸਾਸ ਹੋਣ ਲੱਗਾ ਕਿ ਕਮਿਊਨਿਸਟ ਲੋਕਾਂ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਫ਼ਰਕ ਹੈ। ਮੇਰਾ ਇਹ ਸ਼ੱਕ ਉਸ ਵੇਲੇ ਪੂਰੀ ਤਰ੍ਹਾਂ ਯਕੀਨ ਵਿਚ ਬਦਲ ਗਿਆ ਜਦ 1971 ਵਿਚ ਇਸ ਦਲ ਦੇ ਕੁਝ ਨੌਜਵਾਨਾਂ ਨੇ ਫਰੈਂਕਫਰਟ ਵਿਚ ਸਪੇਨ ਦੇ ਕਾਂਸਲੇਟ ਦਫ਼ਤਰ ਨੂੰ ਅੱਗ ਲਾ ਦਿੱਤੀ। ਇਹ ਉਨ੍ਹਾਂ ਨੇ ਇਸ ਲਈ ਕੀਤਾ ਕਿਉਂਕਿ ਤਾਨਾਸ਼ਾਹੀ ਕਰਕੇ ਸਪੇਨ ਵਿਚ ਅਨਿਆਂ ਹੋ ਰਿਹਾ ਸੀ ਤੇ ਉਹ ਉਸ ਦਾ ਵਿਰੋਧ ਕਰਨਾ ਚਾਹੁੰਦੇ ਸਨ। ਪਰ ਮੈਨੂੰ ਲੱਗਾ ਕਿ ਇਸ ਤਰ੍ਹਾਂ ਗੁੱਸਾ ਜ਼ਾਹਰ ਕਰਨਾ ਗ਼ਲਤ ਹੈ।

ਜਦੋਂ ਸਾਡਾ ਪਹਿਲਾ ਬੱਚਾ ਹੋਇਆ, ਤਾਂ ਮੈਂ ਆਪਣੇ ਪਤੀ ਨੂੰ ਸਾਫ਼ ਕਹਿ ਦਿੱਤਾ ਕਿ ਹੁਣ ਤੋਂ ਮੈਂ ਕਮਿਊਨਿਸਟ ਦਲ ਦੀਆਂ ਮੀਟਿੰਗਾਂ ਵਿਚ ਨਹੀਂ ਜਾਵਾਂਗੀ। ਮੈਂ ਬਹੁਤ ਇਕੱਲੀ ਮਹਿਸੂਸ ਕਰ ਰਹੀ ਸੀ ਕਿਉਂਕਿ ਮੇਰੇ ਪੁਰਾਣੇ ਦੋਸਤਾਂ ਵਿੱਚੋਂ ਕੋਈ ਵੀ ਮੈਨੂੰ ਤੇ ਮੇਰੇ ਮੁੰਡੇ ਨੂੰ ਮਿਲਣ ਨਹੀਂ ਆਇਆ। ਮੈਂ ਸੋਚਦੀ ਰਹਿੰਦੀ ਸੀ ਕਿ ਆਖ਼ਰ ਜ਼ਿੰਦਗੀ ਦਾ ਮਕਸਦ ਕੀ ਹੈ? ਕੀ ਸਮਾਜ ਨੂੰ ਸੁਧਾਰਨ ਲਈ ਇੰਨੀ ਮਿਹਨਤ ਕਰਨ ਦਾ ਕੋਈ ਫ਼ਾਇਦਾ ਹੈ?

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:

ਸੰਨ 1976 ਵਿਚ ਸਪੇਨ ਦੇ ਰਹਿਣ ਵਾਲੇ ਦੋ ਯਹੋਵਾਹ ਦੇ ਗਵਾਹ ਮੇਰੇ ਘਰ ਆਏ ਤੇ ਉਨ੍ਹਾਂ ਨੇ ਮੈਨੂੰ ਕੁਝ ਬਾਈਬਲ-ਆਧਾਰਿਤ ਪ੍ਰਕਾਸ਼ਨ ਦਿੱਤੇ। ਜਦੋਂ ਉਹ ਮੈਨੂੰ ਦੁਬਾਰਾ ਮਿਲਣ ਆਏ, ਤਾਂ ਮੈਂ ਉਨ੍ਹਾਂ ’ਤੇ ਸਵਾਲਾਂ ਦੀ ਝੜੀ ਲਾ ਦਿੱਤੀ। ਆਖ਼ਰ ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ? ਸਮਾਜ ਵਿਚ ਇੰਨਾ ਪੱਖਪਾਤ ਕਿਉਂ ਹੈ? ਲੋਕਾਂ ਨਾਲ ਇੰਨੀ ਬੇਇਨਸਾਫ਼ੀ ਕਿਉਂ ਹੁੰਦੀ ਹੈ? ਮੈਂ ਹੈਰਾਨ ਰਹਿ ਗਈ ਕਿ ਉਨ੍ਹਾਂ ਨੇ ਮੇਰੇ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ। ਮੈਂ ਫ਼ੌਰਨ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਈ।

ਸ਼ੁਰੂ-ਸ਼ੁਰੂ ਵਿਚ ਤਾਂ ਮੈਂ ਬੱਸ ਇਸ ਲਈ ਸਟੱਡੀ ਕਰਦੀ ਸੀ ਕਿਉਂਕਿ ਮੈਨੂੰ ਜਾਣਕਾਰੀ ਲੈਣ ਵਿਚ ਮਜ਼ਾ ਆ ਰਿਹਾ ਸੀ। ਪਰ ਜਦੋਂ ਮੈਂ ਆਪਣੇ ਪਤੀ ਨਾਲ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਜਾਣ ਲੱਗੀ, ਤਾਂ ਮੇਰਾ ਨਜ਼ਰੀਆ ਬਦਲ ਗਿਆ। ਹੁਣ ਤਕ ਸਾਡੇ ਦੋ ਮੁੰਡੇ ਹੋ ਚੁੱਕੇ ਸਨ। ਗਵਾਹ ਸਾਨੂੰ ਮੀਟਿੰਗਾਂ ਵਿਚ ਲੈ ਜਾਂਦੇ ਸਨ ਤੇ ਮੀਟਿੰਗਾਂ ਦੌਰਾਨ ਬੜੇ ਪਿਆਰ ਨਾਲ ਸਾਡੇ ਬੱਚਿਆਂ ਨੂੰ ਸੰਭਾਲਦੇ ਸਨ। ਹੌਲੀ-ਹੌਲੀ ਮੇਰਾ ਗਵਾਹਾਂ ਨਾਲ ਪਿਆਰ ਪੈ ਗਿਆ।

ਪਰ ਹਾਲੇ ਵੀ ਧਰਮ ਨੂੰ ਲੈ ਕੇ ਮੇਰੇ ਮਨ ਵਿਚ ਕੁਝ ਸਵਾਲ ਸਨ। ਉਸ ਸਮੇਂ ਦੌਰਾਨ ਮੈਂ ਸਪੇਨ ਵਿਚ ਆਪਣੇ ਪਰਿਵਾਰ ਨੂੰ ਮਿਲਣ ਗਈ। ਮੇਰੇ ਚਾਚਾ ਜੀ ਇਕ ਪਾਦਰੀ ਸੀ ਤੇ ਉਨ੍ਹਾਂ ਨੇ ਮੈਨੂੰ ਸਟੱਡੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉੱਥੋਂ ਦੇ ਗਵਾਹਾਂ ਨੇ ਮੇਰੀ ਬਹੁਤ ਮਦਦ ਕੀਤੀ। ਉਨ੍ਹਾਂ ਨੇ ਵੀ ਮੇਰੇ ਸਵਾਲਾਂ ਦੇ ਜਵਾਬ ਬਾਈਬਲ ਤੋਂ ਦਿੱਤੇ, ਠੀਕ ਜਿਵੇਂ ਜਰਮਨੀ ਵਿਚ ਗਵਾਹਾਂ ਨੇ ਕੀਤਾ ਸੀ। ਮੈਂ ਫ਼ੈਸਲਾ ਕਰ ਲਿਆ ਕਿ ਜਦੋਂ ਮੈਂ ਵਾਪਸ ਜਰਮਨੀ ਜਾਵਾਂਗੀ, ਤਾਂ ਮੈਂ ਦੁਬਾਰਾ ਸਟੱਡੀ ਕਰਾਂਗੀ। ਭਾਵੇਂ ਮੇਰੇ ਪਤੀ ਨੇ ਸਟੱਡੀ ਕਰਨੀ ਛੱਡ ਦਿੱਤੀ, ਪਰ ਮੈਂ ਸਟੱਡੀ ਕਰਦੀ ਰਹੀ। ਸੰਨ 1978 ਵਿਚ ਮੈਂ ਬਪਤਿਸਮਾ ਲੈ ਲਿਆ ਤੇ ਯਹੋਵਾਹ ਦੀ ਗਵਾਹ ਬਣ ਗਈ।

ਅੱਜ ਮੇਰੀ ਜ਼ਿੰਦਗੀ:

ਬਾਈਬਲ ਦੀਆਂ ਸੱਚਾਈਆਂ ਬਾਰੇ ਮੈਂ ਜੋ ਗਿਆਨ ਹਾਸਲ ਕੀਤਾ, ਉਸ ਤੋਂ ਮੇਰੀ ਜ਼ਿੰਦਗੀ ਨੂੰ ਇਕ ਮਕਸਦ ਅਤੇ ਸਹੀ ਸੇਧ ਮਿਲੀ। ਮਿਸਾਲ ਲਈ, 1 ਪਤਰਸ 3:​1-4 ਪਤਨੀਆਂ ਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਉਹ ਆਪਣੇ-ਆਪਣੇ ਪਤੀਆਂ ਦੇ ‘ਅਧੀਨ ਰਹਿਣ’ ਤੇ ਉਨ੍ਹਾਂ ਦੀ ‘ਦਿਲੋਂ ਇੱਜ਼ਤ ਕਰਨ’ ਅਤੇ ‘ਨਰਮ ਸੁਭਾਅ ਦੀਆਂ ਹੋਣ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈ।’ ਇਸ ਤਰ੍ਹਾਂ ਦੇ ਅਸੂਲਾਂ ਨੇ ਮੈਨੂੰ ਇਕ ਚੰਗੀ ਪਤਨੀ ਅਤੇ ਮਾਂ ਬਣਨ ਵਿਚ ਮਦਦ ਕੀਤੀ ਹੈ।

ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਪਰਮੇਸ਼ੁਰ ਦੇ ਵੱਡੇ ਪਰਿਵਾਰ ਦਾ ਹਿੱਸਾ ਹਾਂ ਤੇ ਪਿਛਲੇ 35 ਸਾਲਾਂ ਤੋਂ ਉਸ ਦੀ ਸੇਵਾ ਕਰ ਰਹੀ ਹਾਂ। ਨਾਲੇ ਮੈਂ ਇਸ ਗੱਲੋਂ ਵੀ ਖ਼ੁਸ਼ ਹਾਂ ਕਿ ਪੰਜ ਵਿੱਚੋਂ ਮੇਰੇ ਚਾਰ ਬੱਚਿਆਂ ਨੇ ਇਸ ਰਾਹ ’ਤੇ ਚੱਲਣ ਦਾ ਫ਼ੈਸਲਾ ਕੀਤਾ ਹੈ।