Skip to content

Skip to table of contents

ਭਾਗ 5

ਆਪਣੇ ਰਿਸ਼ਤੇਦਾਰਾਂ ਨਾਲ ਬਣਾਈ ਰੱਖੋ

ਆਪਣੇ ਰਿਸ਼ਤੇਦਾਰਾਂ ਨਾਲ ਬਣਾਈ ਰੱਖੋ

“ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ।”​—ਕੁਲੁੱਸੀਆਂ 3:12

ਤੀਵੀਂ-ਆਦਮੀ ਦੇ ਵਿਆਹ ਕਰਨ ਨਾਲ ਇਕ ਨਵਾਂ ਪਰਿਵਾਰ ਬਣਦਾ ਹੈ। ਇਹ ਸੱਚ ਹੈ ਕਿ ਤੁਸੀਂ ਆਪਣੇ ਮਾਪਿਆਂ ਨੂੰ ਹਮੇਸ਼ਾ ਪਿਆਰ ਕਰੋਗੇ ਤੇ ਉਨ੍ਹਾਂ ਦੀ ਇੱਜ਼ਤ ਕਰੋਗੇ, ਪਰ ਹੁਣ ਤੋਂ ਤੁਹਾਡਾ ਜੀਵਨ ਸਾਥੀ ਹੀ ਤੁਹਾਡੇ ਲਈ ਸਭਨਾਂ ਨਾਲੋਂ ਪਿਆਰਾ ਹੋਵੇਗਾ। ਤੁਹਾਡੇ ਰਿਸ਼ਤੇਦਾਰਾਂ ਲਈ ਸ਼ਾਇਦ ਇਹ ਗੱਲ ਮੰਨਣੀ ਔਖੀ ਹੋਵੇ। ਪਰ ਤੁਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਪਣੇ ਰਿਸ਼ਤੇਦਾਰਾਂ ਨਾਲ ਕਿਵੇਂ ਬਣਾਈ ਰੱਖ ਸਕਦੇ ਹੋ? ਇਸ ਮਾਮਲੇ ਵਿਚ ਬਾਈਬਲ ਦੇ ਅਸੂਲ ਤੁਹਾਡੀ ਮਦਦ ਕਰ ਸਕਦੇ ਹਨ।

1 ਰਿਸ਼ਤੇਦਾਰਾਂ ਬਾਰੇ ਸਹੀ ਨਜ਼ਰੀਆ ਰੱਖੋ

ਬਾਈਬਲ ਕੀ ਕਹਿੰਦੀ ਹੈ: “ਆਪਣੇ ਮਾਤਾ-ਪਿਤਾ ਦਾ ਆਦਰ ਕਰ।” (ਅਫ਼ਸੀਆਂ 6:2) ਤੁਸੀਂ ਭਾਵੇਂ ਜਿੰਨੇ ਮਰਜ਼ੀ ਵੱਡੇ ਹੋ ਜਾਓ, ਫਿਰ ਵੀ ਤੁਹਾਨੂੰ ਆਪਣੇ ਮਾਪਿਆਂ ਦੀ ਹਮੇਸ਼ਾ ਇੱਜ਼ਤ ਕਰਨੀ ਚਾਹੀਦੀ ਹੈ। ਨਾਲੇ ਇਹ ਨਾ ਭੁੱਲੋ ਕਿ ਤੁਹਾਡਾ ਸਾਥੀ ਵੀ ਕਿਸੇ ਦਾ ਧੀ-ਪੁੱਤ ਹੈ, ਇਸ ਲਈ ਉਸ ਦੇ ਵੀ ਆਪਣੇ ਮਾਪਿਆਂ ਪ੍ਰਤੀ ਕੁਝ ਫ਼ਰਜ਼ ਬਣਦੇ ਹਨ। “ਪਿਆਰ ਈਰਖਾ ਨਹੀਂ ਕਰਦਾ,” ਇਸ ਲਈ ਜੇ ਤੁਹਾਡੇ ਸਾਥੀ ਦਾ ਆਪਣੇ ਮਾਪਿਆਂ ਨਾਲ ਗੂੜ੍ਹਾ ਰਿਸ਼ਤਾ ਹੈ, ਤਾਂ ਫ਼ਿਕਰ ਨਾ ਕਰੋ।​—1 ਕੁਰਿੰਥੀਆਂ 13:4; ਗਲਾਤੀਆਂ 5:26.

ਤੁਸੀਂ ਕੀ ਕਰ ਸਕਦੇ ਹੋ:

  • ਇੱਦਾਂ ਦੀਆਂ ਗੱਲਾਂ ਨਾ ਕਹੋ: “ਤੇਰਾ ਟੱਬਰ ਹਮੇਸ਼ਾ ਮੇਰੀ ਲਾਹ-ਪਾਹ ਕਰਦਾ ਰਹਿੰਦਾ” ਜਾਂ “ਮੈਂ ਜੋ ਮਰਜ਼ੀ ਕਰੀ ਜਾਵਾਂ ਤੇਰੀ ਮਾਂ ਨੇ ਕਦੇ ਖ਼ੁਸ਼ ਨਹੀਂ ਹੋਣਾ”

  • ਮਾਮਲੇ ਨੂੰ ਆਪਣੇ ਜੀਵਨ ਸਾਥੀ ਦੇ ਨਜ਼ਰੀਏ ਤੋਂ ਦੇਖੋ

2 ਲੋੜ ਪੈਣ ਤੇ ‘ਨਾਂਹ’ ਕਹੋ

ਬਾਈਬਲ ਕੀ ਕਹਿੰਦੀ ਹੈ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਉਤਪਤ 2:24) ਜਦੋਂ ਤੁਹਾਡਾ ਵਿਆਹ ਹੋ ਜਾਂਦਾ ਹੈ, ਤਾਂ ਸ਼ਾਇਦ ਤੁਹਾਡੇ ਮਾਪਿਆਂ ਨੂੰ ਲੱਗੇ ਕਿ ਤੁਹਾਡੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਅਜੇ ਵੀ ਉਨ੍ਹਾਂ ਦੇ ਸਿਰ ʼਤੇ ਹੈ ਅਤੇ ਉਹ ਸ਼ਾਇਦ ਤੁਹਾਡੀ ਜ਼ਿੰਦਗੀ ਵਿਚ ਹੱਦੋਂ ਵੱਧ ਦਖ਼ਲ ਦੇਣਾ ਚਾਹੁਣ।

ਪਤੀ-ਪਤਨੀ ਵਜੋਂ ਸਲਾਹ ਕਰੋ ਕਿ ਤੁਸੀਂ ਕਿਨ੍ਹਾਂ ਮਾਮਲਿਆਂ ਵਿਚ ਉਨ੍ਹਾਂ ਦੀ ਰਾਇ ਲਵੋਗੇ ਅਤੇ ਕਿਨ੍ਹਾਂ ਵਿਚ ਨਹੀਂ। ਫਿਰ ਪਿਆਰ ਨਾਲ ਉਨ੍ਹਾਂ ਨੂੰ ਆਪਣੇ ਫ਼ੈਸਲਿਆਂ ਬਾਰੇ ਸਮਝਾਓ। ਤੁਸੀਂ ਉਨ੍ਹਾਂ ਨਾਲ ਇੱਜ਼ਤ-ਮਾਣ ਨਾਲ ਖੁੱਲ੍ਹ ਕੇ ਗੱਲ ਕਰੋ ਤਾਂਕਿ ਉਨ੍ਹਾਂ ਨੂੰ ਬੁਰਾ ਨਾ ਲੱਗੇ। (ਕਹਾਉਤਾਂ 15:1) ਨਿਮਰਤਾ, ਧੀਰਜ ਅਤੇ ਨਰਮਾਈ ਨਾਲ ਪੇਸ਼ ਆ ਕੇ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਚੰਗਾ ਰਿਸ਼ਤਾ ਬਣਾਈ ਰੱਖ ਸਕੋਗੇ ਅਤੇ ‘ਪਿਆਰ ਨਾਲ ਇਕ-ਦੂਜੇ ਦੀ ਸਹਿ ਪਾਓਗੇ।’​—ਅਫ਼ਸੀਆਂ 4:2.

ਤੁਸੀਂ ਕੀ ਕਰ ਸਕਦੇ ਹੋ:

  • ਜੇ ਤੁਹਾਨੂੰ ਲੱਗੇ ਕਿ ਰਿਸ਼ਤੇਦਾਰ ਤੁਹਾਡੀ ਜ਼ਿੰਦਗੀ ਵਿਚ ਕੁਝ ਜ਼ਿਆਦਾ ਹੀ ਦਖ਼ਲ ਦੇ ਰਹੇ ਹਨ, ਤਾਂ ਆਪਣੇ ਸਾਥੀ ਨਾਲ ਉਦੋਂ ਇਸ ਬਾਰੇ ਗੱਲ ਕਰੋ ਜਦੋਂ ਘਰ ਦਾ ਮਾਹੌਲ ਸ਼ਾਂਤ ਹੁੰਦਾ ਹੈ

  • ਦੋਵੇਂ ਸਲਾਹ ਕਰੋ ਕਿ ਤੁਸੀਂ ਅਜਿਹੇ ਮਸਲਿਆਂ ਨੂੰ ਕਿੱਦਾਂ ਸੁਲਝਾਓਗੇ