Skip to content

ਯਹੋਵਾਹ ਦੇ ਗਵਾਹ ਸੰਸਕਾਰ ਬਾਰੇ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹਨ?

ਯਹੋਵਾਹ ਦੇ ਗਵਾਹ ਸੰਸਕਾਰ ਬਾਰੇ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹਨ?

 ਅਸੀਂ ਬਾਈਬਲ ਦੀਆਂ ਸਿੱਖਿਆਵਾਂ ਮੁਤਾਬਕ ਸੰਸਕਾਰ ਨਾਲ ਜੁੜੇ ਵਿਚਾਰ ਰੱਖਦੇ ਹਾਂ ਅਤੇ ਕੰਮ ਕਰਦੇ ਹਾਂ ਜਿਵੇਂ ਥੱਲੇ ਦੱਸਿਆ ਹੈ:

  •   ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੀ ਮੌਤ ਹੋਣ ਤੇ ਸੋਗ ਮਨਾਉਣਾ ਆਮ ਗੱਲ ਹੈ। ਯਿਸੂ ਦੇ ਚੇਲਿਆਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਤ ਹੋਣ ਤੇ ਸੋਗ ਮਨਾਇਆ ਸੀ। (ਯੂਹੰਨਾ 11:33-35, 38; ਰਸੂਲਾਂ ਦੇ ਕੰਮ 8:2; 9:39) ਇਸ ਲਈ ਅਸੀਂ ਸੰਸਕਾਰ ਨੂੰ ਮੌਜ-ਮਸਤੀ ਦਾ ਸਮਾਂ ਨਹੀਂ ਮੰਨਦੇ। (ਉਪਦੇਸ਼ਕ ਦੀ ਪੋਥੀ 3:1, 4; 7:1-4) ਅਸੀਂ ਇਸ ਮੌਕੇ ਤੇ ਹਮਦਰਦੀ ਜਤਾਉਂਦੇ ਹਾਂ।—ਰੋਮੀਆਂ 12:15.

  •   ਮਰੇ ਹੋਏ ਕੁਝ ਵੀ ਨਹੀਂ ਜਾਣਦੇ। ਸਾਡੀ ਨਸਲ ਜਾਂ ਸਭਿਆਚਾਰ ਜੋ ਵੀ ਹੋਵੇ, ਅਸੀਂ ਬਾਈਬਲ ਤੋਂ ਉਲਟ ਰੀਤੀ-ਰਿਵਾਜਾਂ ਨੂੰ ਨਹੀਂ ਮੰਨਦੇ ਜੋ ਇਸ ਵਿਸ਼ਵਾਸ ʼਤੇ ਆਧਾਰਿਤ ਹਨ ਕਿ ਮਰੇ ਹੋਏ ਲੋਕ ਸਭ ਕੁਝ ਜਾਣਦੇ ਹਨ ਅਤੇ ਜੀਉਂਦੇ ਲੋਕਾਂ ʼਤੇ ਪ੍ਰਭਾਵ ਪਾ ਸਕਦੇ ਹਨ। (ਉਪਦੇਸ਼ਕ ਦੀ ਪੋਥੀ 9:5, 6, 10) ਇਨ੍ਹਾਂ ਵਿੱਚੋਂ ਕੁਝ ਰੀਤੀ-ਰਿਵਾਜ ਹਨ: ਸਾਰੀ ਰਾਤ ਜਾਗਣਾ, ਇਕੱਠੇ ਹੋ ਕੇ ਖਾਣਾ-ਪੀਣਾ ਅਤੇ ਨਾਚ-ਗਾਣਾ, ਬਰਸੀਆਂ ਮਨਾਉਣੀਆਂ, ਮੁਰਦਿਆਂ ਨੂੰ ਚੜ੍ਹਾਵੇ ਚੜ੍ਹਾਉਣੇ, ਮਰੇ ਹੋਏ ਲੋਕਾਂ ਨਾਲ ਗੱਲਾਂ ਕਰਨੀਆਂ ਤੇ ਉਨ੍ਹਾਂ ਨੂੰ ਬੇਨਤੀਆਂ ਕਰਨੀਆਂ ਅਤੇ ਪਤੀ ਜਾਂ ਪਤਨੀ ਦੇ ਮਰਨ ਤੋਂ ਬਾਅਦ ਦੀਆਂ ਰਸਮਾਂ-ਰੀਤਾਂ ਪੂਰੀਆਂ ਕਰਨੀਆਂ। ਅਸੀਂ ਇਨ੍ਹਾਂ ਸਾਰੀਆਂ ਰਸਮਾਂ ਅਤੇ ਕੰਮਾਂ ਤੋਂ ਦੂਰ ਰਹਿੰਦੇ ਹਾਂ ਤੇ ਬਾਈਬਲ ਦਾ ਇਹ ਹੁਕਮ ਮੰਨਦੇ ਹਾਂ: “ਆਪਣੇ ਆਪ ਨੂੰ ਵੱਖ ਕਰੋ, . . . ਕਿਸੇ ਵੀ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ।”—2 ਕੁਰਿੰਥੀਆਂ 6:17.

  •   ਮਰੇ ਲੋਕਾਂ ਲਈ ਉਮੀਦ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਇਕ ਅਜਿਹਾ ਸਮਾਂ ਆਵੇਗਾ ਜਦੋਂ ਮੌਤ ਨਹੀਂ ਹੋਵੇਗੀ। (ਰਸੂਲਾਂ ਦੇ ਕੰਮ 24:15; ਪ੍ਰਕਾਸ਼ ਦੀ ਕਿਤਾਬ 21:4) ਜਿਸ ਤਰ੍ਹਾਂ ਇਸ ਉਮੀਦ ਨੇ ਪਹਿਲੀ ਸਦੀ ਦੇ ਮਸੀਹੀਆਂ ਦੀ ਮਦਦ ਕੀਤੀ ਸੀ, ਉਸੇ ਤਰ੍ਹਾਂ ਇਹ ਉਮੀਦ ਸਾਡੀ ਵੀ ਮਦਦ ਕਰਦੀ ਹੈ ਜਿਸ ਕਰਕੇ ਅਸੀਂ ਹੱਦੋਂ-ਵੱਧ ਸੋਗ ਨਹੀਂ ਮਨਾਉਂਦੇ।—1 ਥੱਸਲੁਨੀਕੀਆਂ 4:13.

  •   ਬਾਈਬਲ ਦਿਖਾਵਾ ਨਾ ਕਰਨ ਦੀ ਸਲਾਹ ਦਿੰਦੀ ਹੈ। (ਕਹਾਉਤਾਂ 11:2) ਅਸੀਂ ਇਹ ਨਹੀਂ ਮੰਨਦੇ ਕਿ ਕਿਸੇ ਦੀ ਮੌਤ ਹੋਣ ਤੇ ਅਸੀਂ ਆਪਣੇ ਸਮਾਜਕ ਜਾਂ ਆਰਥਿਕ ਰੁਤਬੇ ਦਾ “ਦਿਖਾਵਾ” ਕਰੀਏ। (1 ਯੂਹੰਨਾ 2:16) ਅਸੀਂ ਠਾਠ-ਬਾਠ ਨਾਲ ਸੰਸਕਾਰ ਨਹੀਂ ਕਰਦੇ ਜੋ ਸਿਰਫ਼ ਮਨੋਰੰਜਨ ਕਰਨ ਲਈ ਹੁੰਦੇ ਹਨ ਜਾਂ ਅਸੀਂ ਬਹੁਤ ਮਹਿੰਗੇ ਤਾਬੂਤ ਨਹੀਂ ਖ਼ਰੀਦਦੇ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਮਹਿੰਗੇ-ਮਹਿੰਗੇ ਕੱਪੜੇ ਨਹੀਂ ਪਾਉਂਦੇ।

  •   ਅਸੀਂ ਸੰਸਕਾਰ ਸੰਬੰਧੀ ਆਪਣੇ ਵਿਸ਼ਵਾਸ ਦੂਸਰਿਆਂ ʼਤੇ ਥੋਪਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਮਾਮਲੇ ਵਿਚ ਅਸੀਂ ਇਹ ਅਸੂਲ ਮੰਨਦੇ ਹਾਂ: “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀਆਂ 14:12) ਪਰ ਮੌਕਾ ਮਿਲਣ ਤੇ ਅਸੀਂ “ਨਰਮਾਈ ਅਤੇ ਪੂਰੇ ਆਦਰ” ਨਾਲ ਆਪਣੇ ਵਿਸ਼ਵਾਸ ਦੱਸਣ ਦੀ ਕੋਸ਼ਿਸ਼ ਕਰਦੇ ਹਾਂ।—1 ਪਤਰਸ 3:15.

ਗਵਾਹ ਅੰਤਿਮ-ਸੰਸਕਾਰ ਕਿਸ ਤਰ੍ਹਾਂ ਕਰਦੇ ਹਨ?

 ਜਗ੍ਹਾ: ਜੇ ਕਿਸੇ ਪਰਿਵਾਰ ਨੇ ਸੰਸਕਾਰ ਕਰਨਾ ਹੈ, ਤਾਂ ਉਹ ਫ਼ੈਸਲਾ ਕਰ ਸਕਦਾ ਹੈ ਕਿ ਸੰਸਕਾਰ ਕਿੰਗਡਮ ਹਾਲ, ਜਨਾਜ਼ਾ-ਘਰ, ਕਿਸੇ ਘਰ, ਸ਼ਮਸ਼ਾਨ ਘਾਟ ਜਾਂ ਕਬਰਸਤਾਨ ਵਿਚ ਕਰਨਾ ਹੈ।

 ਪ੍ਰਬੰਧ: ਸੰਸਕਾਰ ਦੇ ਮੌਕੇ ਤੇ ਇਕ ਭਾਸ਼ਣ ਦਿੱਤਾ ਜਾਂਦਾ ਹੈ ਕਿ ਬਾਈਬਲ ਮੌਤ ਅਤੇ ਦੁਬਾਰਾ ਜੀ ਉਠਾਉਣ ਦੀ ਉਮੀਦ ਬਾਰੇ ਕੀ ਕਹਿੰਦੀ ਹੈ ਤਾਂਕਿ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਮਿਲ ਸਕੇ। (ਯੂਹੰਨਾ 11:25; ਰੋਮੀਆਂ 5:12; 2 ਪਤਰਸ 3:13) ਸੰਸਕਾਰ ਦੇ ਮੌਕੇ ਤੇ ਸ਼ਾਇਦ ਮਰ ਚੁੱਕੇ ਵਿਅਕਤੀ ਦੇ ਚੰਗੇ ਗੁਣਾਂ ਨੂੰ ਯਾਦ ਕੀਤਾ ਜਾਵੇ ਜਾਂ ਉਸ ਦੀ ਵਫ਼ਾਦਾਰੀ ਬਾਰੇ ਹੌਸਲੇ ਭਰੀਆਂ ਗੱਲਾਂ ਦੱਸੀਆਂ ਜਾਣ।—2 ਸਮੂਏਲ 1:17-27.

 ਬਾਈਬਲ ʼਤੇ ਆਧਾਰਿਤ ਗੀਤ ਗਾਇਆ ਜਾਂਦਾ ਹੈ। (ਕੁਲੁੱਸੀਆਂ 3:16) ਪ੍ਰੋਗ੍ਰਾਮ ਦੇ ਅਖ਼ੀਰ ਵਿਚ ਦਿਲਾਸੇ ਭਰੀ ਪ੍ਰਾਰਥਨਾ ਕੀਤੀ ਜਾਂਦੀ ਹੈ।—ਫ਼ਿਲਿੱਪੀਆਂ 4:6, 7.

 ਫ਼ੀਸ ਜਾਂ ਚੰਦਾ: ਅਸੀਂ ਨਾ ਤਾਂ ਸੰਸਕਾਰ ਕਰਨ ਲਈ ਜਾਂ ਹੋਰ ਧਾਰਮਿਕ ਸੇਵਾਵਾਂ ਲਈ ਕੋਈ ਫ਼ੀਸ ਲੈਂਦੇ ਹਾਂ ਤੇ ਨਾ ਹੀ ਸਾਡੀਆਂ ਸਭਾਵਾਂ ਵਿਚ ਚੰਦਾ ਇਕੱਠਾ ਕੀਤਾ ਜਾਂਦਾ ਹੈ।—ਮੱਤੀ 10:8.

 ਹਾਜ਼ਰੀ: ਜਿਹੜੇ ਲੋਕ ਗਵਾਹ ਨਹੀਂ ਹਨ, ਉਨ੍ਹਾਂ ਦਾ ਕਿੰਗਡਮ ਹਾਲ ਵਿਚ ਸੰਸਕਾਰ ਦੇ ਮੌਕੇ ਤੇ ਹਾਜ਼ਰ ਹੋਣ ਲਈ ਸੁਆਗਤ ਕੀਤਾ ਜਾਂਦਾ ਹੈ। ਸਾਡੀਆਂ ਹੋਰ ਸਭਾਵਾਂ ਵਾਂਗ ਸੰਸਕਾਰ ਦੇ ਮੌਕੇ ਤੇ ਵੀ ਸਾਰੇ ਲੋਕ ਹਾਜ਼ਰ ਹੋ ਸਕਦੇ ਹਨ।

ਕੀ ਗਵਾਹ ਹੋਰ ਧਰਮਾਂ ਵਿਚ ਕੀਤੇ ਜਾਂਦੇ ਸੰਸਕਾਰਾਂ ਤੇ ਜਾਂਦੇ ਹਨ?

 ਹਰ ਗਵਾਹ ਬਾਈਬਲ ਅਨੁਸਾਰ ਢਾਲ਼ੀ ਗਈ ਜ਼ਮੀਰ ਅਨੁਸਾਰ ਖ਼ੁਦ ਫ਼ੈਸਲਾ ਕਰਦਾ ਹੈ ਕਿ ਉਹ ਹੋਰ ਧਰਮਾਂ ਅਨੁਸਾਰ ਕੀਤੇ ਜਾਂਦੇ ਸੰਸਕਾਰਾਂ ਵਿਚ ਹਾਜ਼ਰ ਹੋਵੇਗਾ ਕਿ ਨਹੀਂ। (1 ਤਿਮੋਥਿਉਸ 1:19) ਪਰ ਅਸੀਂ ਉਨ੍ਹਾਂ ਧਾਰਮਿਕ ਰਸਮਾਂ ਵਿਚ ਹਿੱਸਾ ਨਹੀਂ ਲੈਂਦੇ ਜੋ ਬਾਈਬਲ ਨਾਲ ਮੇਲ ਨਹੀਂ ਖਾਂਦੀਆਂ।—2 ਕੁਰਿੰਥੀਆਂ 6:14-17.