Skip to content

ਯਹੋਵਾਹ ਦੇ ਗਵਾਹ ਉਨ੍ਹਾਂ ਨਾਲ ਗੱਲ ਕਿਉਂ ਕਰਦੇ ਹਨ ਜਿਨ੍ਹਾਂ ਨੇ ਪਿਛਲੀ ਵਾਰ ਕਿਹਾ ਸੀ ਕਿ “ਮੈਨੂੰ ਕੋਈ ਦਿਲਚਸਪੀ ਨਹੀਂ?”

ਯਹੋਵਾਹ ਦੇ ਗਵਾਹ ਉਨ੍ਹਾਂ ਨਾਲ ਗੱਲ ਕਿਉਂ ਕਰਦੇ ਹਨ ਜਿਨ੍ਹਾਂ ਨੇ ਪਿਛਲੀ ਵਾਰ ਕਿਹਾ ਸੀ ਕਿ “ਮੈਨੂੰ ਕੋਈ ਦਿਲਚਸਪੀ ਨਹੀਂ?”

 ਯਹੋਵਾਹ ਦੇ ਗਵਾਹ ਪਰਮੇਸ਼ੁਰ ਅਤੇ ਆਪਣੀਆਂ ਗੁਆਂਢੀਆਂ ਨਾਲ ਪਿਆਰ ਕਰਦੇ ਹਨ। ਇਸ ਕਰਕੇ ਉਨ੍ਹਾਂ ਨੂੰ ਸਾਰੇ ਲੋਕਾਂ ਨਾਲ ਬਾਈਬਲ ਦਾ ਸੰਦੇਸ਼ ਸਾਂਝਾ ਕਰਕੇ ਬਹੁਤ ਖ਼ੁਸ਼ੀ ਹੁੰਦੀ ਹੈ, ਉਨ੍ਹਾਂ ਨਾਲ ਵੀ ਜਿਨ੍ਹਾਂ ਨੇ ਪਿਛਲੀ ਵਾਰ ਕਿਹਾ ਸੀ ਕਿ “ਮੈਨੂੰ ਕੋਈ ਦਿਲਚਸਪੀ ਨਹੀਂ।” (ਮੱਤੀ 22:37-39) ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਦੇ ਪੁੱਤਰ ਦਾ ਹੁਕਮ ਮੰਨਦੇ ਹੋਏ “ਚੰਗੀ ਤਰ੍ਹਾਂ” ਗਵਾਹੀ ਦੇਣ ਲਈ ਪ੍ਰੇਰਿਤ ਹੁੰਦੇ ਹਾਂ। (ਰਸੂਲਾਂ ਦੇ ਕੰਮ 10:42; 1 ਯੂਹੰਨਾ 5:3) ਇਸ ਤਰ੍ਹਾਂ ਕਰਨ ਲਈ ਅਸੀਂ ਪਰਮੇਸ਼ੁਰ ਦਾ ਸੰਦੇਸ਼ ਇਕ ਤੋਂ ਜ਼ਿਆਦਾ ਵਾਰ ਸੁਣਾਉਂਦੇ ਹਾਂ ਜਿਵੇਂ ਪੁਰਾਣੇ ਸਮੇਂ ਦੇ ਪਰਮੇਸ਼ੁਰ ਦੇ ਨਬੀਆਂ ਨੇ ਕੀਤਾ ਸੀ। (ਯਿਰਮਿਯਾਹ 25:4) ਗੁਆਂਢੀਆਂ ਨਾਲ ਪਿਆਰ ਹੋਣ ਕਰਕੇ ਅਸੀਂ ਸਾਰਿਆਂ ਨਾਲ ਜ਼ਿੰਦਗੀਆਂ ਬਚਾਉਣ ਵਾਲੀ “ਰਾਜ ਦੀ ਇਸ ਖ਼ੁਸ਼ ਖ਼ਬਰੀ” ਸਾਂਝੀ ਕਰਦੇ ਹਾਂ। ਇਸ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਪਹਿਲੀ ਵਾਰ ਮਿਲਣ ʼਤੇ ਇਸ ਖ਼ੁਸ਼ ਖ਼ਬਰੀ ਪ੍ਰਤੀ ਦਿਲਚਸਪੀ ਨਹੀਂ ਦਿਖਾਈ ਸੀ।​—ਮੱਤੀ 24:14.

 ਸਾਨੂੰ ਅਕਸਰ ਉਨ੍ਹਾਂ ਘਰਾਂ ਵਿਚ ਦਿਲਚਸਪੀ ਦਿਖਾਉਣ ਵਾਲੇ ਲੋਕ ਮਿਲ ਜਾਂਦੇ ਹਨ ਜਿਨ੍ਹਾਂ ਘਰਾਂ ਵਿਚ ਪਿਛਲੀ ਵਾਰ ਦਿਲਚਸਪੀ ਦੇਖਣ ਨੂੰ ਨਹੀਂ ਮਿਲੀ ਸੀ। ਇਸ ਦੇ ਤਿੰਨ ਕਾਰਨਾਂ ʼਤੇ ਗੌਰ ਕਰੋ:

  •   ਲੋਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਂਦੇ ਹਨ।

  •   ਘਰ ਦੇ ਹੋਰ ਮੈਂਬਰ ਸਾਡੇ ਸੰਦੇਸ਼ ਵਿਚ ਦਿਲਚਸਪੀ ਦਿਖਾਉਂਦੇ ਹਨ।

  •   ਲੋਕ ਬਦਲ ਜਾਂਦੇ ਹਨ। ਦੁਨੀਆਂ ਦੇ ਬਦਲਦੇ ਹਾਲਾਤਾਂ ਜਾਂ ਖ਼ੁਦ ਦੀ ਜ਼ਿੰਦਗੀ ਦੇ ਹਾਲਾਤ ਬਦਲ ਜਾਣ ਕਾਰਨ ਕਈ ਲੋਕ ‘ਪਰਮੇਸ਼ੁਰ ਦੀ ਅਗਵਾਈ ਲਈ ਤਰਸਣ’ ਲੱਗ ਪੈਂਦੇ ਹਨ ਅਤੇ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਲੈਣ ਲੱਗ ਪੈਂਦੇ ਹਨ। (ਮੱਤੀ 5:3) ਵਿਰੋਧ ਕਰਨ ਵਾਲਿਆਂ ਦੇ ਦਿਲ ਵੀ ਬਦਲ ਸਕਦੇ ਹਨ, ਠੀਕ ਜਿਵੇਂ ਪੌਲੁਸ ਰਸੂਲ ਨਾਲ ਹੋਇਆ ਸੀ।​—1 ਤਿਮੋਥਿਉਸ 1:13.

 ਫਿਰ ਵੀ, ਅਸੀਂ ਕਿਸੇ ਨੂੰ ਸਾਡਾ ਸੰਦੇਸ਼ ਸੁਣਨ ਲਈ ਮਜਬੂਰ ਨਹੀਂ ਕਰਦੇ। (1 ਪਤਰਸ 3:15) ਸਾਡਾ ਵਿਸ਼ਵਾਸ ਹੈ ਕਿ ਭਗਤੀ ਦੇ ਮਾਮਲੇ ਵਿਚ ਹਰ ਵਿਅਕਤੀ ਨੂੰ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ।—ਬਿਵਸਥਾ ਸਾਰ 30:19, 20.