Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਅਖ਼ੀਰ ਆਪਣੇ ਪਿਤਾ ਨਾਲ ਮੇਰਾ ਵਧੀਆ ਰਿਸ਼ਤਾ ਬਣਿਆ

ਅਖ਼ੀਰ ਆਪਣੇ ਪਿਤਾ ਨਾਲ ਮੇਰਾ ਵਧੀਆ ਰਿਸ਼ਤਾ ਬਣਿਆ
  • ਜਨਮ: 1954

  • ਦੇਸ਼: ਫ਼ਿਲਪੀਨ

  • ਅਤੀਤ: ਮਾਰਨ-ਕੁੱਟਣ ਵਾਲੇ ਪਿਤਾ ਨੂੰ ਛੱਡਣਾ

ਮੇਰੇ ਅਤੀਤ ਬਾਰੇ ਕੁਝ ਗੱਲਾਂ

 ਬਹੁਤ ਸਾਰੇ ਸੈਲਾਨੀ ਫ਼ਿਲਪੀਨ ਦੇ ਪੈਗਸਨਜਨ ਸ਼ਹਿਰ ਦੇ ਨੇੜੇ ਮਸ਼ਹੂਰ ਝਰਨੇ ਦੇਖਣ ਆਉਂਦੇ ਹਨ। ਇੱਥੇ ਮੇਰੇ ਪਿਤਾ ਜੀ ਨਾਰਡੋ ਲੀਰੋਨ ਦੀ ਪਰਵਰਿਸ਼ ਗ਼ਰੀਬੀ ਵਿਚ ਹੋਈ ਸੀ। ਸਰਕਾਰ, ਪੁਲਿਸ ਅਤੇ ਕੰਮ ਦੀ ਥਾਂ ʼਤੇ ਭ੍ਰਿਸ਼ਟਾਚਾਰ ਦੇਖ ਕੇ ਉਨ੍ਹਾਂ ਦੇ ਮਨ ਵਿਚ ਕੁੜੱਤਣ ਤੇ ਗੁੱਸਾ ਭਰ ਗਿਆ।

 ਮੇਰੇ ਪਿਤਾ ਜੀ ਨੇ ਅੱਠ ਬੱਚਿਆਂ ਦੀ ਪਰਵਰਿਸ਼ ਕਰਨ ਲਈ ਬਹੁਤ ਸਖ਼ਤ ਮਿਹਨਤ ਕੀਤੀ। ਪਹਾੜਾਂ ʼਤੇ ਝੋਨੇ ਦੀ ਦੇਖ-ਭਾਲ ਕਰਨ ਲਈ ਉਹ ਅਕਸਰ ਲੰਬੇ ਸਮੇਂ ਤਕ ਘਰ ਤੋਂ ਦੂਰ ਰਹਿੰਦੇ ਸਨ। ਮੈਨੂੰ ਅਤੇ ਮੇਰੇ ਵੱਡੇ ਭਰਾ ਰੋਡੀਲੀਓ ਨੂੰ ਆਪਣਾ ਖ਼ਿਆਲ ਖ਼ੁਦ ਰੱਖਣਾ ਪੈਂਦਾ ਸੀ ਅਤੇ ਅਕਸਰ ਅਸੀਂ ਭੁੱਖੇ ਹੀ ਰਹਿੰਦੇ ਸੀ। ਬਚਪਨ ਵਿਚ ਸਾਨੂੰ ਕਦੇ ਕਿਤੇ ਹੀ ਖੇਡਣ ਦਾ ਮੌਕਾ ਮਿਲਦਾ ਸੀ। ਸੱਤ ਸਾਲ ਦੀ ਉਮਰ ਵਿਚ ਸਾਨੂੰ ਸਾਰੇ ਭੈਣਾਂ-ਭਰਾਵਾਂ ਨੂੰ ਖੇਤਾਂ ਵਿਚ ਕੰਮ ਕਰਨਾ ਪਿਆ ਅਤੇ ਸਿੱਧੀ ਢਲਾਨ ਵਾਲੇ ਪਹਾੜਾਂ ʼਤੇ ਨਾਰੀਅਲ ਦੇ ਭਾਰੇ ਬੋਰੇ ਲੈ ਕੇ ਚੜ੍ਹਨਾ ਪਿਆ। ਜੇ ਬੋਰਾ ਬਹੁਤ ਭਾਰਾ ਹੁੰਦਾ ਸੀ, ਤਾਂ ਸਾਨੂੰ ਇਸ ਨੂੰ ਘੜੀਸ ਕੇ ਲਿਜਾਣਾ ਪੈਂਦਾ ਸੀ।

 ਸਾਨੂੰ ਆਪਣੇ ਪਿਤਾ ਹੱਥੋਂ ਕੁੱਟ ਖਾਣੀ ਪੈਂਦੀ ਸੀ। ਪਰ ਆਪਣੀ ਮਾਤਾ ਜੀ ਨੂੰ ਕੁੱਟ ਖਾਂਦੇ ਦੇਖ ਕੇ ਸਾਨੂੰ ਬਹੁਤ ਦੁੱਖ ਲੱਗਦਾ ਸੀ। ਅਸੀਂ ਆਪਣੇ ਪਿਤਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀ, ਪਰ ਅਸੀਂ ਲਾਚਾਰ ਸੀ। ਮੈਂ ਅਤੇ ਰੋਡੀਲੀਓ ਨੇ ਚੁੱਪ-ਚੁਪੀਤੇ ਸਕੀਮ ਬਣਾਈ ਸੀ ਕਿ ਵੱਡੇ ਹੋ ਕੇ ਅਸੀਂ ਆਪਣੇ ਪਿਤਾ ਦਾ ਕਤਲ ਕਰ ਦੇਣਾ। ਮੈਂ ਦਿਲੋਂ ਚਾਹੁੰਦਾ ਸੀ ਕਿ ਸਾਡਾ ਪਿਤਾ ਵੀ ਸਾਨੂੰ ਪਿਆਰ ਕਰੇ।

 ਪਿਤਾ ਜੀ ਦੇ ਮਾਰਨ-ਕੁੱਟਣ ਕਰਕੇ ਮੈਂ 14 ਸਾਲ ਦੀ ਉਮਰ ਵਿਚ ਗੁੱਸੇ ਵਿਚ ਆਪਣਾ ਘਰ ਛੱਡ ਦਿੱਤਾ। ਕੁਝ ਸਮੇਂ ਤਕ ਮੈਂ ਸੜਕਾਂ ʼਤੇ ਰਿਹਾ ਅਤੇ ਮੈਂ ਭੰਗ ਪੀਣੀ ਸ਼ੁਰੂ ਕਰ ਦਿੱਤੀ। ਆਖ਼ਰਕਾਰ, ਮੈਨੂੰ ਕਿਸ਼ਤੀ ਚਲਾਉਣ ਦਾ ਕੰਮ ਮਿਲ ਗਿਆ ਤੇ ਮੈਂ ਘੁੰਮਣ ਆਏ ਲੋਕਾਂ ਨੂੰ ਝਰਨਿਆਂ ʼਤੇ ਲੈ ਕੇ ਜਾਂਦਾ ਸੀ।

 ਕੁਝ ਸਾਲਾਂ ਬਾਅਦ ਮੈਂ ਮਨੀਲਾ ਦੀ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਲਿਆ। ਮੈਂ ਸ਼ਨੀ-ਐਤਵਾਰ ਨੂੰ ਕੰਮ ਕਰਨ ਲਈ ਪੈਗਸਨਜਨ ਜਾਂਦਾ ਸੀ ਜਿਸ ਕਰਕੇ ਮੇਰੇ ਕੋਲ ਪੜ੍ਹਨ ਲਈ ਘੱਟ ਹੀ ਸਮਾਂ ਹੁੰਦਾ ਸੀ। ਮੇਰੀ ਜ਼ਿੰਦਗੀ ਔਖੀ ਤੇ ਮਕਸਦ ਤੋਂ ਬਿਨਾਂ ਸੀ ਅਤੇ ਭੰਗ ਪੀਣ ʼਤੇ ਵੀ ਮੇਰੀ ਚਿੰਤਾ ਹੁਣ ਖ਼ਤਮ ਨਹੀਂ ਹੁੰਦੀ ਸੀ। ਮੈਂ ਕੋਕੀਨ ਤੇ ਹੈਰੋਇਨ ਵਰਗੇ ਨਸ਼ੇ ਕਰਨ ਲੱਗ ਪਿਆ। ਨਸ਼ੇ ਅਕਸਰ ਅਨੈਤਿਕ ਜ਼ਿੰਦਗੀ ਵੱਲ ਲੈ ਜਾਂਦੇ ਹਨ। ਮੈਂ ਅਨਿਆਂ, ਗ਼ਰੀਬੀ ਤੇ ਦੁੱਖਾਂ ਨਾਲ ਘਿਰਿਆ ਹੋਇਆ ਸੀ। ਮੈਨੂੰ ਲੱਗਦਾ ਸੀ ਕਿ ਮੇਰੀਆਂ ਇਨ੍ਹਾਂ ਮੁਸ਼ਕਲਾਂ ਲਈ ਸਰਕਾਰ ਜ਼ਿੰਮੇਵਾਰ ਸੀ ਜਿਸ ਕਰਕੇ ਮੈਂ ਸਰਕਾਰ ਨਾਲ ਨਫ਼ਰਤ ਕਰਦਾ ਸੀ। ਮੈਂ ਰੱਬ ਨੂੰ ਪੁੱਛਿਆ, “ਜ਼ਿੰਦਗੀ ਅਜਿਹੀ ਕਿਉਂ ਹੈ?” ਪਰ ਮੈਨੂੰ ਕਿਸੇ ਵੀ ਧਰਮ ਤੋਂ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ। ਮੈਂ ਆਪਣੀ ਨਿਰਾਸ਼ਾ ਨੂੰ ਛੁਪਾਉਣ ਲਈ ਹੋਰ ਨਸ਼ੇ ਕਰਨੇ ਲੱਗ ਪਿਆ।

 1972 ਵਿਚ ਫ਼ਿਲਪੀਨ ਵਿਚ ਵਿਦਿਆਰਥੀਆਂ ਨੇ ਸਰਕਾਰ ਖ਼ਿਲਾਫ਼ ਮੋਰਚੇ ਕੱਢੇ। ਮੈਂ ਵੀ ਇਕ ਮੋਰਚੇ ਵਿਚ ਹਿੱਸਾ ਲਿਆ ਅਤੇ ਮੋਰਚੇ ਦੌਰਾਨ ਕਾਫ਼ੀ ਹਿੰਸਾ ਹੋਈ। ਬਹੁਤ ਸਾਰੇ ਲੋਕਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਕਈ ਮਹੀਨਿਆਂ ਬਾਅਦ ਪੂਰੇ ਦੇਸ਼ ਵਿਚ ਫੌਜੀ ਰਾਜ ਲਾਗੂ ਕਰ ਦਿੱਤਾ।

 ਮੈਂ ਫਿਰ ਤੋਂ ਸੜਕ ʼਤੇ ਆ ਗਿਆ। ਇਸ ਸਮੇਂ ਮੈਨੂੰ ਸਰਕਾਰ ਦਾ ਡਰ ਸੀ ਕਿਉਂਕਿ ਮੈਂ ਬਗਾਵਤ ਵਿਚ ਹਿੱਸਾ ਲਿਆ ਸੀ। ਆਪਣੀ ਨਸ਼ੇ ਦੀ ਲਤ ਪੂਰੀ ਕਰਨ ਲਈ ਮੈਂ ਚੋਰੀ ਕਰਨ ਲੱਗ ਪਿਆ ਅਤੇ ਪੈਸਿਆਂ ਲਈ ਮੈਂ ਅਮੀਰਾਂ ਤੇ ਪਰਦੇਸੀਆਂ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ। ਮੈਨੂੰ ਕੋਈ ਪਰਵਾਹ ਨਹੀਂ ਸੀ ਕਿ ਚਾਹੇ ਮੈਂ ਜੀਵਾਂ ਜਾਂ ਮਰਾਂ।

 ਇਸ ਸਮੇਂ ਦੌਰਾਨ ਮੇਰੇ ਮੰਮੀ ਜੀ ਅਤੇ ਮੇਰੇ ਛੋਟੇ ਭਰਾ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਮੇਰੇ ਪਿਤਾ ਜੀ ਬਹੁਤ ਗੁੱਸੇ ਵਿਚ ਸਨ ਅਤੇ ਉਨ੍ਹਾਂ ਨੇ ਬਾਈਬਲ-ਆਧਾਰਿਤ ਪ੍ਰਕਾਸ਼ਨ ਸਾੜ ਦਿੱਤੇ। ਪਰ ਮੇਰੇ ਮੰਮੀ ਜੀ ਤੇ ਭਰਾ ਸਟੱਡੀ ਕਰਦੇ ਰਹੇ ਅਤੇ ਉਨ੍ਹਾਂ ਨੇ ਗਵਾਹਾਂ ਵਜੋਂ ਬਪਤਿਸਮਾ ਲੈ ਲਿਆ।

 ਇਕ ਦਿਨ ਇਕ ਗਵਾਹ ਨੇ ਮੇਰੇ ਪਿਤਾ ਜੀ ਨਾਲ ਬਾਈਬਲ ਵਿਚ ਦੱਸੇ ਇਕ ਵਾਅਦੇ ਬਾਰੇ ਗੱਲ ਕੀਤੀ ਜਦੋਂ ਪੂਰੀ ਦੁਨੀਆਂ ਵਿਚ ਸਾਰਿਆਂ ਨੂੰ ਨਿਆਂ ਮਿਲੇਗਾ। (ਜ਼ਬੂਰ 72:12-14) ਇਹ ਗੱਲ ਮੇਰੇ ਪਿਤਾ ਜੀ ਨੂੰ ਇੰਨੀ ਵਧੀਆ ਲੱਗੀ ਕਿ ਉਨ੍ਹਾਂ ਨੇ ਖ਼ੁਦ ਇਸ ਬਾਰੇ ਸਿੱਖਣ ਦਾ ਫ਼ੈਸਲਾ ਕੀਤਾ। ਬਾਈਬਲ ਵਿੱਚੋਂ ਉਨ੍ਹਾਂ ਨੂੰ ਸਿਰਫ਼ ਇਹੀ ਪਤਾ ਨਹੀਂ ਲੱਗਾ ਕਿ ਪਰਮੇਸ਼ੁਰ ਨੇ ਨਿਆਂ ਕਰਨ ਵਾਲੀ ਸਰਕਾਰ ਦਾ ਵਾਅਦਾ ਕੀਤਾ ਹੈ, ਸਗੋਂ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਰੱਬ ਇਕ ਪਤੀ ਅਤੇ ਪਿਤਾ ਤੋਂ ਕੀ ਮੰਗ ਕਰਦਾ ਹੈ। (ਅਫ਼ਸੀਆਂ 5:28; 6:4) ਕੁਝ ਸਮੇਂ ਬਾਅਦ ਪਿਤਾ ਜੀ ਅਤੇ ਮੇਰੇ ਹੋਰ ਭੈਣ-ਭਰਾ ਗਵਾਹ ਬਣ ਗਏ। ਘਰ ਤੋਂ ਦੂਰ ਰਹਿਣ ਕਰਕੇ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ

 1978 ਵਿਚ ਮੈਂ ਆਸਟ੍ਰੇਲੀਆ ਚਲਾ ਗਿਆ। ਪਰ ਇਸ ਸ਼ਾਂਤ ਤੇ ਅਮੀਰ ਦੇਸ਼ ਵਿਚ ਵੀ ਮੇਰੇ ਕੋਲ ਮਨ ਦੀ ਸ਼ਾਂਤੀ ਨਹੀਂ ਸੀ। ਮੈਂ ਲਗਾਤਾਰ ਸ਼ਰਾਬ ਪੀਂਦਾ ਰਿਹਾ ਤੇ ਨਸ਼ੇ ਕਰਦਾ ਰਿਹਾ। 1979 ਵਿਚ ਯਹੋਵਾਹ ਦੇ ਗਵਾਹ ਮੈਨੂੰ ਮਿਲਣ ਆਏ। ਉਨ੍ਹਾਂ ਨੇ ਮੈਨੂੰ ਬਾਈਬਲ ਵਿੱਚੋਂ ਵਧੀਆ ਧਰਤੀ ਬਾਰੇ ਜੋ ਦੱਸਿਆ ਮੈਨੂੰ ਚੰਗਾ ਲੱਗਾ, ਪਰ ਮੈਨੂੰ ਉਨ੍ਹਾਂ ਬਾਰੇ ਸ਼ੱਕ ਸੀ।

 ਛੇਤੀ ਬਾਅਦ ਮੈਂ ਕੁਝ ਹਫ਼ਤਿਆਂ ਲਈ ਫ਼ਿਲਪੀਨ ਚਲਾ ਗਿਆ। ਮੇਰੇ ਭੈਣਾਂ-ਭਰਾਵਾਂ ਨੇ ਮੈਨੂੰ ਦੱਸਿਆ ਕਿ ਪਿਤਾ ਜੀ ਨੇ ਇਕ ਵਧੀਆ ਇਨਸਾਨ ਬਣਨ ਲਈ ਕਿੰਨੀ ਮਿਹਨਤ ਕੀਤੀ ਸੀ। ਪਰ ਮੇਰੇ ਦਿਲ ਵਿਚ ਉਨ੍ਹਾਂ ਲਈ ਇੰਨੀ ਕੁੜੱਤਣ ਭਰੀ ਹੋਈ ਸੀ ਕਿ ਮੈਂ ਉਨ੍ਹਾਂ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ।

 ਮੇਰੀ ਛੋਟੀ ਭੈਣ ਨੇ ਬਾਈਬਲ ਵਿੱਚੋਂ ਮੈਨੂੰ ਦੱਸਿਆ ਕਿ ਜ਼ਿੰਦਗੀ ਵਿਚ ਇੰਨੇ ਦੁੱਖ ਕਿਉਂ ਹਨ ਅਤੇ ਅਨਿਆਂ ਕਿਉਂ ਹੁੰਦਾ ਹੈ। ਮੈਂ ਹੈਰਾਨ ਸੀ ਕਿ ਇਕ ਨੌਜਵਾਨ ਕੁੜੀ ਕੋਲ ਮੇਰੇ ਸਵਾਲਾਂ ਦੇ ਜਵਾਬ ਸਨ। ਮੇਰੇ ਵਾਪਸ ਜਾਣ ਤੋਂ ਪਹਿਲਾਂ ਮੇਰੇ ਪਿਤਾ ਜੀ ਨੇ ਮੈਨੂੰ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਨਾਂ ਦੀ ਕਿਤਾਬ ਦਿੱਤੀ। a ਉਨ੍ਹਾਂ ਨੇ ਕਿਹਾ: “ਨਸ਼ੇ ਕਰ ਕੇ ਜਾਂ ਕਿਸੇ ਹੋਰ ਗ਼ਲਤ ਤਰੀਕੇ ਨਾਲ ਆਪਣੇ ਸਵਾਲਾਂ ਦੇ ਜਵਾਬ ਲੈਣ ਅਤੇ ਮਨ ਦੀ ਸ਼ਾਂਤੀ ਪਾਉਣ ਦੀ ਕੋਸ਼ਿਸ਼ ਨਾ ਕਰ। ਇਹ ਕਿਤਾਬ ਤੇਰੀ ਮਦਦ ਕਰੇਗੀ।” ਪਿਤਾ ਜੀ ਨੇ ਮੈਨੂੰ ਕਿਹਾ ਕਿ ਮੈਂ ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਨਾਲ ਗੱਲ ਕਰਾਂ।

 ਮੈਂ ਆਪਣੇ ਪਿਤਾ ਜੀ ਦੀ ਸਲਾਹ ਮੰਨੀ ਅਤੇ ਬਰਿਜ਼ਬੇਨ ਵਿਚ ਆਪਣੇ ਘਰ ਦੇ ਨੇੜੇ ਯਹੋਵਾਹ ਦੇ ਗਵਾਹਾਂ ਦਾ ਕਿੰਗਡਮ ਹਾਲ ਲੱਭਿਆ। ਮੈਂ ਬਾਈਬਲ ਸਟੱਡੀ ਕਰਨ ਲਈ ਮੰਨ ਗਿਆ। ਦਾਨੀਏਲ 7 ਅਤੇ ਯਸਾਯਾਹ 9 ਵਗੈਰਾ ਵਿਚ ਦਿੱਤੀਆਂ ਭਵਿੱਖਬਾਣੀਆਂ ਤੋਂ ਮੈਨੂੰ ਪਤਾ ਲੱਗਾ ਕਿ ਭਵਿੱਖ ਵਿਚ ਰੱਬ ਦੀ ਸਰਕਾਰ ਸਾਡੇ ʼਤੇ ਰਾਜ ਕਰੇਗੀ ਜੋ ਭ੍ਰਿਸ਼ਟ ਨਹੀਂ ਹੋਵੇਗੀ। ਮੈਂ ਸਿੱਖਿਆ ਕਿ ਅਸੀਂ ਸੋਹਣੀ ਧਰਤੀ ʼਤੇ ਜ਼ਿੰਦਗੀ ਦਾ ਆਨੰਦ ਮਾਣਾਂਗੇ। ਮੈਂ ਰੱਬ ਦੀ ਮਿਹਰ ਪਾਉਣੀ ਚਾਹੁੰਦਾ ਸੀ, ਪਰ ਮੈਨੂੰ ਅਹਿਸਾਸ ਸੀ ਕਿ ਮੈਨੂੰ ਆਪਣੀਆਂ ਭਾਵਨਾਵਾਂ ʼਤੇ ਕਾਬੂ ਪਾਉਣ, ਨਸ਼ੇ, ਸ਼ਰਾਬ ਅਤੇ ਅਨੈਤਿਕ ਜ਼ਿੰਦਗੀ ਛੱਡਣ ਦੀ ਲੋੜ ਸੀ। ਮੈਂ ਉਸ ਕੁੜੀ ਨੂੰ ਛੱਡ ਦਿੱਤਾ ਜਿਸ ਨਾਲ ਮੈਂ ਰਹਿੰਦਾ ਸੀ ਅਤੇ ਨਸ਼ੇ ਕਰਨੇ ਛੱਡ ਦਿੱਤੇ। ਜਿੱਦਾਂ-ਜਿੱਦਾਂ ਯਹੋਵਾਹ ʼਤੇ ਮੇਰਾ ਭਰੋਸਾ ਵਧਦਾ ਗਿਆ, ਉੱਦਾਂ-ਉੱਦਾਂ ਹੋਰ ਤਬਦੀਲੀਆਂ ਕਰਨ ਵਿਚ ਮੈਂ ਉਸ ਤੋਂ ਮਦਦ ਮੰਗਦਾ ਰਿਹਾ।

 ਹੌਲੀ-ਹੌਲੀ ਮੈਨੂੰ ਅਹਿਸਾਸ ਹੋਇਆ ਕਿ ਬਾਈਬਲ ਦੀਆਂ ਗੱਲਾਂ ਸਿੱਖ ਕੇ ਇਕ ਇਨਸਾਨ ਬਦਲ ਸਕਦਾ ਹੈ। ਬਾਈਬਲ ਕਹਿੰਦੀ ਹੈ ਕਿ ਕੋਸ਼ਿਸ਼ ਕਰਨ ਨਾਲ ਅਸੀਂ “ਨਵੇਂ ਸੁਭਾਅ” ਦੇ ਇਨਸਾਨ ਬਣ ਸਕਦੇ ਹਾਂ। (ਕੁਲੁੱਸੀਆਂ 3:9, 10) ਜਦੋਂ ਮੈਂ ਇੱਦਾਂ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਪਿਤਾ ਜੀ ਦੇ ਸੁਭਾਅ ਵਿਚ ਆਈ ਤਬਦੀਲੀ ਬਾਰੇ ਜੋ ਸੁਣਿਆ ਸੀ, ਉਹ ਸ਼ਾਇਦ ਸੱਚ ਹੋਵੇ। ਗੁੱਸੇ ਤੇ ਬਦਲੇ ਦੀ ਭਾਵਨਾ ਰੱਖਣ ਦੀ ਬਜਾਇ ਮੈਂ ਉਨ੍ਹਾਂ ਨਾਲ ਸ਼ਾਂਤੀ ਕਾਇਮ ਕਰਨੀ ਚਾਹੁੰਦਾ ਸੀ। ਅਖ਼ੀਰ ਮੈਂ ਆਪਣੇ ਪਿਤਾ ਜੀ ਨੂੰ ਮਾਫ਼ ਕਰ ਦਿੱਤਾ ਅਤੇ ਬਚਪਨ ਤੋਂ ਮਨ ਵਿਚ ਪਾਲ਼ੀ ਨਫ਼ਰਤ ਨੂੰ ਖ਼ਤਮ ਕਰ ਦਿੱਤਾ।

ਅੱਜ ਮੇਰੀ ਜ਼ਿੰਦਗੀ

 ਨੌਜਵਾਨ ਵਜੋਂ, ਮੈਂ ਅਕਸਰ ਦੂਜਿਆਂ ਦੇ ਮਾੜੇ ਰਾਹਾਂ ʼਤੇ ਚੱਲਿਆ। ਬਾਈਬਲ ਦੀ ਚੇਤਾਵਨੀ ਮੇਰੇ ਬਾਰੇ ਸੱਚ ਸਾਬਤ ਹੋਈ ਯਾਨੀ ਬੁਰੀਆਂ ਸੰਗਤਾਂ ਨੇ ਮੈਨੂੰ ਵਿਗਾੜ ਦਿੱਤਾ। (1 ਕੁਰਿੰਥੀਆਂ 15:33) ਪਰ ਮੈਂ ਯਹੋਵਾਹ ਦੇ ਗਵਾਹਾਂ ਵਿਚ ਭਰੋਸੇਮੰਦ ਦੋਸਤ ਬਣਾਏ ਜਿਨ੍ਹਾਂ ਨੇ ਮੇਰੀ ਹੋਰ ਵਧੀਆ ਇਨਸਾਨ ਬਣਨ ਵਿਚ ਮਦਦ ਕੀਤੀ। ਨਾਲੇ ਇਨ੍ਹਾਂ ਵਿੱਚੋਂ ਹੀ ਮੈਂ ਲੋਰੇਟਾ ਨੂੰ ਮਿਲਿਆ ਜਿਸ ਨਾਲ ਮੈਂ ਵਿਆਹ ਕਰਾ ਲਿਆ। ਅਸੀਂ ਦੂਜਿਆਂ ਨੂੰ ਸਿਖਾਉਂਦੇ ਹਾਂ ਕਿ ਬਾਈਬਲ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੀ ਹੈ।

ਆਪਣੀ ਪਤਨੀ ਤੇ ਦੋਸਤਾਂ ਨਾਲ ਖਾਣਾ ਖਾਂਦਾ ਹੋਇਆ

 ਮੈਂ ਬਾਈਬਲ ਦੀ ਸਿੱਖਿਆ ਦਾ ਸ਼ੁਕਰਗੁਜ਼ਾਰ ਹਾਂ ਜਿਸ ਕਰਕੇ ਮੇਰੇ ਪਿਤਾ ਜੀ ਇਕ ਪਿਆਰ ਕਰਨ ਵਾਲੇ ਪਤੀ ਅਤੇ ਇਕ ਨਿਮਰ ਤੇ ਸ਼ਾਂਤ ਸੁਭਾਅ ਦੇ ਮਸੀਹੀ ਬਣ ਸਕੇ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਪਿਤਾ ਜੀ ਇੰਨੇ ਬਦਲ ਸਕਦੇ ਸਨ। 1987 ਵਿਚ ਮੇਰੇ ਬਪਤਿਸਮੇ ਵੇਲੇ ਪਿਤਾ ਜੀ ਨੇ ਪਹਿਲੀ ਵਾਰ ਮੈਨੂੰ ਗਲੇ ਲਾਇਆ।

 35 ਤੋਂ ਜ਼ਿਆਦਾ ਸਾਲ ਮੇਰੇ ਪਿਤਾ ਜੀ ਮੇਰੇ ਮੰਮੀ ਜੀ ਨਾਲ ਮਿਲ ਕੇ ਦੂਜਿਆਂ ਨੂੰ ਬਾਈਬਲ ਤੋਂ ਮਿਲਦੀ ਉਮੀਦ ਬਾਰੇ ਦੱਸਦੇ ਰਹੇ। ਉਹ ਮਿਹਨਤੀ ਤੇ ਪਰਵਾਹ ਕਰਨ ਵਾਲੇ ਵਿਅਕਤੀ ਬਣ ਗਏ ਜੋ ਦੂਜਿਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਸਨ। ਉਨ੍ਹਾਂ ਸਾਲਾਂ ਦੌਰਾਨ ਮੈਂ ਉਨ੍ਹਾਂ ਦਾ ਆਦਰ ਕਰਨਾ ਤੇ ਉਨ੍ਹਾਂ ਨੂੰ ਪਿਆਰ ਕਰਨਾ ਸਿੱਖਿਆ। ਮੈਨੂੰ ਉਨ੍ਹਾਂ ਦਾ ਪੁੱਤਰ ਹੋਣ ʼਤੇ ਮਾਣ ਹੈ! ਸਾਲ 2016 ਵਿਚ ਉਨ੍ਹਾਂ ਦੀ ਮੌਤ ਹੋ ਗਈ, ਪਰ ਮੈਂ ਉਨ੍ਹਾਂ ਨੂੰ ਪਿਆਰ ਨਾਲ ਯਾਦ ਕਰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਤੇ ਉਨ੍ਹਾਂ ਨੇ ਬਾਈਬਲ ਦੀਆਂ ਸਿੱਖਿਆਵਾਂ ਲਾਗੂ ਕਰ ਕੇ ਆਪਣੇ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਮੇਰੇ ਮਨ ਵਿਚ ਉਨ੍ਹਾਂ ਲਈ ਬਿਲਕੁਲ ਵੀ ਨਫ਼ਰਤ ਨਹੀਂ ਹੈ। ਨਾਲੇ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੈਂ ਆਪਣੇ ਸਵਰਗੀ ਪਿਤਾ ਯਹੋਵਾਹ ਪਰਮੇਸ਼ੁਰ ਬਾਰੇ ਵੀ ਜਾਣ ਸਕਿਆ ਜੋ ਸਾਰੇ ਦੁੱਖਾਂ ਨੂੰ ਖ਼ਤਮ ਕਰਨ ਦਾ ਵਾਅਦਾ ਕਰਦਾ ਹੈ।

a ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਸੀ।