Skip to content

ਕੇਂਦਰੀ ਯੂਰਪ ਵਿਚ ਸ਼ਰਨਾਰਥੀਆਂ ਦੀ ਮਦਦ

ਕੇਂਦਰੀ ਯੂਰਪ ਵਿਚ ਸ਼ਰਨਾਰਥੀਆਂ ਦੀ ਮਦਦ

ਹਾਲ ਹੀ ਦੇ ਸਾਲਾਂ ਵਿਚ ਅਫ਼ਰੀਕਾ, ਮੱਧ ਪੂਰਬ ਅਤੇ ਦੱਖਣੀ ਏਸ਼ੀਆ ਤੋਂ ਵੱਡੀ ਗਿਣਤੀ ਵਿਚ ਸ਼ਰਨਾਰਥੀ ਯੂਰਪ ਆਏ ਹਨ। ਉਨ੍ਹਾਂ ਦੀ ਮਦਦ ਕਰਨ ਲਈ ਸਰਕਾਰੀ ਏਜੰਸੀਆਂ ਅਤੇ ਇਲਾਕੇ ਦੇ ਵਲੰਟੀਅਰਾਂ ਨੇ ਉਨ੍ਹਾਂ ਲਈ ਖਾਣੇ, ਰਹਿਣ ਦੀ ਜਗ੍ਹਾ ਅਤੇ ਦਵਾਈਆਂ ਵਗੈਰਾ ਦਾ ਪ੍ਰਬੰਧ ਕੀਤਾ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਰਨਾਰਥੀਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਇਲਾਵਾ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ। ਉਨ੍ਹਾਂ ਵਿੱਚੋਂ ਕਈਆਂ ਨੇ ਸਦਮਾ ਝੱਲਿਆ ਹੈ, ਇਸ ਲਈ ਉਨ੍ਹਾਂ ਨੂੰ ਦਿਲਾਸੇ ਅਤੇ ਉਮੀਦ ਦੀ ਵੀ ਲੋੜ ਹੈ। ਕੇਂਦਰੀ ਯੂਰਪ ਵਿਚ ਯਹੋਵਾਹ ਦੇ ਗਵਾਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਸ਼ਰਨਾਰਥੀਆਂ ਦੀ ਗੱਲ ਸੁਣ ਕੇ ਅਤੇ ਉਨ੍ਹਾਂ ਨੂੰ ਬਾਈਬਲ ਵਿੱਚੋਂ ਦਿਲਾਸੇ ਭਰੀਆਂ ਗੱਲਾਂ ਦੱਸ ਕੇ ਉਨ੍ਹਾਂ ਦੀ ਇਹ ਲੋੜ ਪੂਰੀ ਕਰਨ।

ਬਾਈਬਲ ਵਿੱਚੋਂ ਦਿਲਾਸਾ

ਅਗਸਤ 2015 ਤੋਂ ਆਸਟ੍ਰੀਆ ਅਤੇ ਜਰਮਨੀ ਵਿਚ 300 ਤੋਂ ਜ਼ਿਆਦਾ ਮੰਡਲੀਆਂ ਦੇ ਗਵਾਹਾਂ ਨੇ ਖ਼ਾਸ ਕੋਸ਼ਿਸ਼ ਕੀਤੀ ਹੈ ਕਿ ਉਹ ਸ਼ਰਨਾਰਥੀਆਂ ਨੂੰ ਦਿਲਾਸਾ ਦੇ ਸਕਣ। ਉਨ੍ਹਾਂ ਨੇ ਦੇਖਿਆ ਕਿ ਸ਼ਰਨਾਰਥੀਆਂ ਨੂੰ ਖ਼ਾਸ ਕਰ ਕੇ ਬਾਈਬਲ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨੇ ਵਧੀਆ ਲੱਗਦੇ ਹਨ:

ਅਗਸਤ ਤੋਂ ਅਕਤੂਬਰ 2015 ਦੌਰਾਨ ਯਹੋਵਾਹ ਦੇ ਗਵਾਹਾਂ ਨੇ ਕੇਂਦਰੀ ਯੂਰਪ ਦੇ ਸ਼ਾਖ਼ਾ ਦਫ਼ਤਰ ਤੋਂ 4 ਟਨ ਤੋਂ ਜ਼ਿਆਦਾ ਬਾਈਬਲ-ਆਧਾਰਿਤ ਪ੍ਰਕਾਸ਼ਨ ਮੰਗਵਾਇਆ। ਗਵਾਹਾਂ ਨੇ ਸ਼ਰਨਾਰਥੀਆਂ ਨੂੰ ਇਹ ਪ੍ਰਕਾਸ਼ਨ ਮੁਫ਼ਤ ਦਿੱਤਾ।

ਅਲੱਗ-ਅਲੱਗ ਭਾਸ਼ਾ ਵਿਚ ਪ੍ਰਚਾਰ

ਬਹੁਤ ਸਾਰੇ ਸ਼ਰਨਾਰਥੀ ਸਿਰਫ਼ ਆਪਣੀ ਮਾਂ-ਬੋਲੀ ਬੋਲਦੇ ਹਨ। ਇਸ ਲਈ ਗਵਾਹਾਂ ਨੇ jw.org ਵੈੱਬਸਾਈਟ ਦਿਖਾਈ ਜਿਸ ʼਤੇ ਸੈਂਕੜੇ ਹੀ ਭਾਸ਼ਾਵਾਂ ਵਿਚ ਲੇਖ ਅਤੇ ਵੀਡੀਓ ਉਪਲਬਧ ਹਨ। ਅਰਫਰਟ, ਜਰਮਨੀ ਵਿਚ ਸੇਵਾ ਕਰਨ ਵਾਲੇ ਮੱਤਿਅਸ ਅਤੇ ਪੈਤਰਾ ਕਹਿੰਦੇ ਹਨ: “ਕਦੇ-ਕਦੇ ਅਸੀਂ ਇਸ਼ਾਰਿਆਂ, ਹਾਵਾਂ-ਭਾਵਾਂ ਅਤੇ ਤਸਵੀਰਾਂ ਰਾਹੀਂ ਗੱਲਬਾਤ ਕਰਦੇ ਹਾਂ।” ਗਵਾਹ JW Language ਐਪ ਵਰਤ ਕੇ ਸ਼ਰਨਾਰਥੀਆਂ ਨਾਲ ਉਨ੍ਹਾਂ ਦੀ ਮਾਂ-ਬੋਲੀ ਵਿਚ ਗੱਲ ਕਰ ਸਕੇ। ਇਸ ਐਪ ਰਾਹੀਂ ਅਸੀਂ ਹੋਰ ਭਾਸ਼ਾ ਸਿੱਖ ਸਕਦੇ ਹਾਂ। ਕਈਆਂ ਨੇ JW Library ਐਪ ਵਰਤ ਕੇ ਅਲੱਗ-ਅਲੱਗ ਭਾਸ਼ਾਵਾਂ ਬਾਈਬਲ ਦੇ ਹਵਾਲੇ ਪੜ੍ਹੇ ਅਤੇ ਵੀਡੀਓ ਦਿਖਾਏ।

ਚੰਗਾ ਹੁੰਗਾਰਾ

ਸ਼ਵੀਨਫਰਟ, ਜਰਮਨੀ ਵਿਚ ਰਹਿਣ ਵਾਲੇ ਇਕ ਜੋੜੇ ਨੇ ਦੱਸਿਆ: “ਸਾਡੇ ਆਲੇ-ਦੁਆਲੇ ਲੋਕਾਂ ਦੀ ਭੀੜ ਲੱਗ ਗਈ। ਢਾਈ ਘੰਟਿਆਂ ਦੇ ਅੰਦਰ-ਅੰਦਰ ਸ਼ਰਨਾਰਥੀਆਂ ਨੇ ਲਗਭਗ 360 ਪ੍ਰਕਾਸ਼ਨ ਲਏ। ਕਈ ਜਣਿਆਂ ਨੇ ਸਿਰ ਝੁਕਾ ਕੇ ਸਾਡਾ ਧੰਨਵਾਦ ਕੀਤਾ।” ਜਰਮਨੀ ਦੇ ਡੇਅਸ ਸ਼ਹਿਰ ਵਿਚ ਸੇਵਾ ਕਰ ਰਹੇ ਵੋਲਫਗੈਂਗ ਨਾਂ ਦੇ ਵਲੰਟੀਅਰ ਨੇ ਕਿਹਾ: “ਸ਼ਰਨਾਰਥੀ ਇਹ ਦੇਖ ਕੇ ਬਹੁਤ ਖ਼ੁਸ਼ ਹਨ ਕਿ ਕੋਈ ਉਨ੍ਹਾਂ ਵਿਚ ਦਿਲਚਸਪੀ ਲੈ ਰਿਹਾ ਹੈ। ਕਦੀ-ਕਦੀ ਉਹ ਪੰਜ ਜਾਂ ਛੇ ਭਾਸ਼ਾਵਾਂ ਵਿਚ ਪ੍ਰਕਾਸ਼ਨ ਮੰਗਦੇ ਹਨ।”

ਬਹੁਤ ਜਣੇ ਉਸੇ ਵੇਲੇ ਪ੍ਰਕਾਸ਼ਨ ਪੜ੍ਹਨ ਲੱਗ ਪੈਂਦੇ ਹਨ ਅਤੇ ਕਈ ਦੁਬਾਰਾ ਆ ਕੇ ਗਵਾਹਾਂ ਦਾ ਧੰਨਵਾਦ ਕਰਦੇ ਹਨ। ਬਰਲਿਨ, ਜਰਮਨੀ ਦੀ ਇਕ ਗਵਾਹ ਕਹਿੰਦੀ ਹੈ: “ਦੋ ਨੌਜਵਾਨਾਂ ਨੇ ਕੁਝ ਪ੍ਰਕਾਸ਼ਨ ਲਏ। ਅੱਧੇ ਘੰਟੇ ਬਾਅਦ ਉਹ ਕੁਝ ਬਰੈੱਡ ਤੋਹਫ਼ੇ ਵਜੋਂ ਲਿਆਏ ਤੇ ਸਾਡੇ ਕੋਲੋਂ ਮਾਫ਼ੀ ਮੰਗਣ ਲੱਗੇ ਕਿ ਸ਼ੁਕਰਗੁਜ਼ਾਰੀ ਦਿਖਾਉਣ ਲਈ ਉਨ੍ਹਾਂ ਕੋਲ ਹੋਰ ਕੁਝ ਨਹੀਂ ਸੀ।”

“ਬਹੁਤ-ਬਹੁਤ ਸ਼ੁਕਰੀਆ!”

ਸਮਾਜ-ਸੇਵਕਾਂ, ਸਰਕਾਰੀ ਅਧਿਕਾਰੀਆਂ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਗਵਾਹਾਂ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ। ਲਗਭਗ 300 ਸ਼ਰਨਾਰਥੀਆਂ ਦੀ ਦੇਖ-ਭਾਲ ਕਰਨ ਵਾਲੀ ਇਕ ਸਮਾਜ ਸੇਵਕਾ ਨੇ ਖ਼ੁਸ਼ੀ ਨਾਲ ਕਿਹਾ: “ਸ਼ੁਕਰੀਆ! ਸ਼ਰਨਾਰਥੀਆਂ ਦੀ ਇੰਨੀ ਪਰਵਾਹ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ!” ਸ਼ਰਨਾਰਥੀਆਂ ਦੇ ਕੈਂਪ ਵਿਚ ਇਕ ਹੋਰ ਸਮਾਜ-ਸੇਵਕ ਨੇ ਗਵਾਹਾਂ ਨੂੰ ਕਿਹਾ ਕਿ ਸ਼ਰਨਾਰਥੀਆਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਕੁਝ ਪੜ੍ਹਨ ਲਈ ਦੇਣਾ ਬਹੁਤ ਚੰਗੀ ਗੱਲ ਹੈ “ਕਿਉਂਕਿ ਇਸ ਵੇਲੇ ਉਨ੍ਹਾਂ ਦੀ ਜ਼ਿੰਦਗੀ ਬਸ ਤਿੰਨ ਵਕਤ ਦੀ ਰੋਟੀ ʼਤੇ ਟਿਕੀ ਹੋਈ ਹੈ।”

ਆਸਟ੍ਰੀਆ ਵਿਚ ਰਹਿਣ ਵਾਲੀ ਮਾਰੀਅਨ ਅਤੇ ਉਸ ਦੇ ਪਤੀ ਸਟੀਫਨ ਨੇ ਪਹਿਰਾ ਦੇਣ ਵਾਲੇ ਦੋ ਪੁਲਿਸ ਅਫ਼ਸਰਾਂ ਨੂੰ ਦੱਸਿਆ ਕਿ ਉਹ ਵਲੰਟੀਅਰਾਂ ਵਜੋਂ ਕੰਮ ਕਿਉਂ ਕਰਦੇ ਹਨ। ਅਫ਼ਸਰਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕੋਲੋਂ ਦੋ ਕਿਤਾਬਾਂ ਮੰਗੀਆਂ। ਮਾਰੀਅਨ ਨੇ ਦੇਖਿਆ: “ਅਫ਼ਸਰ ਵਾਰ-ਵਾਰ ਸਾਡੇ ਕੰਮ ਦੀ ਤਾਰੀਫ਼ ਕਰੀ ਜਾ ਰਹੇ ਸਨ।”

ਆਸਟ੍ਰੀਆ ਵਿਚ ਰਹਿਣ ਵਾਲੀ ਇਕ ਔਰਤ ਸ਼ਰਨਾਰਥੀ ਕੈਂਪ ਵਿਚ ਲਗਾਤਾਰ ਚੀਜ਼ਾਂ ਦਿੰਦੀ ਹੈ। ਉਸ ਨੇ ਦੇਖਿਆ ਕਿ ਭਾਵੇਂ ਮੀਂਹ ਆਵੇ ਜਾਂ ਹਨੇਰੀ, ਗਵਾਹ ਸ਼ਰਨਾਰਥੀਆਂ ਦੀ ਮਦਦ ਕਰਨ ਲਈ ਹਮੇਸ਼ਾ ਅੱਗੇ ਰਹਿੰਦੇ ਸਨ। ਇਕ ਦਿਨ ਉਸ ਨੇ ਗਵਾਹਾਂ ਨੂੰ ਕਿਹਾ: “ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਰਨਾਰਥੀਆਂ ਨੂੰ ਚੀਜ਼ਾਂ ਦੀ ਲੋੜ ਹੈ। ਪਰ ਉਨ੍ਹਾਂ ਨੂੰ ਸਭ ਤੋਂ ਵੱਧ ਜਿਸ ਚੀਜ਼ ਦੀ ਲੋੜ ਹੈ, ਉਹ ਹੈ, ਉਮੀਦ ਅਤੇ ਇਹ ਤੁਸੀਂ ਉਨ੍ਹਾਂ ਨੂੰ ਦੇ ਰਹੇ ਹੋ।”