Skip to content

ਥਾਈਲੈਂਡ ਵਿਚ ਸਕੂਲੀ ਬੱਚਿਆਂ ਦੀ ਸਫ਼ਲ ਹੋਣ ਵਿਚ ਮਦਦ

ਥਾਈਲੈਂਡ ਵਿਚ ਸਕੂਲੀ ਬੱਚਿਆਂ ਦੀ ਸਫ਼ਲ ਹੋਣ ਵਿਚ ਮਦਦ

ਦਸੰਬਰ 2012 ਵਿਚ ਥਾਈਲੈਂਡ ਵਿਚ ਯਹੋਵਾਹ ਦੇ ਗਵਾਹਾਂ ਨੇ ਵਿਦਿਆਰਥੀਆਂ ਦੀ ਸਕੂਲ ਵਿਚ ਸਫ਼ਲ ਹੋਣ ਵਿਚ ਮਦਦ ਕਰਨ ਲਈ ਇਕ ਖ਼ਾਸ ਮੁਹਿੰਮ ਚਲਾਈ। ਬੈਂਕਾਕ ਵਿਚ 20 ਗਵਾਹ ਅਲੱਗ-ਅਲੱਗ ਸਕੂਲਾਂ ਵਿਚ ਗਏ। ਉਹ ਹਰ ਸਕੂਲ ਦੇ ਪ੍ਰਿੰਸੀਪਲ ਨੂੰ ਮਿਲੇ ਅਤੇ ਉਨ੍ਹਾਂ ਨੇ ਅਕਤੂਬਰ 2012 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੀਆਂ ਕਾਪੀਆਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਿਸ ਦਾ ਵਿਸ਼ਾ ਸੀ, “ਸਕੂਲ ਵਿਚ ਸਫ਼ਲ ਕਿਵੇਂ ਹੋਈਏ?”

ਇਹ ਮੁਹਿੰਮ ਬਹੁਤ ਹੀ ਸਫ਼ਲ ਰਹੀ ਜਿਸ ਕਰਕੇ ਗਵਾਹਾਂ ਨੇ ਇਹ ਮੁਹਿੰਮ ਪੂਰੇ ਦੇਸ਼ ਵਿਚ ਚਲਾਈ। ਡੇਢ ਸਾਲ ਵਿਚ ਉਹ 830 ਸਕੂਲਾਂ ਵਿਚ ਗਏ ਅਤੇ ਉਨ੍ਹਾਂ ਨੇ ਦੇਖਿਆ ਕਿ ਵਿਦਿਆਰਥੀ ਤੇ ਅਧਿਆਪਕ ਜਾਗਰੂਕ ਬਣੋ! ਦੇ ਇਸ ਅੰਕ ਨੂੰ ਲੈਣ ਲਈ ਬਹੁਤ ਉਤਾਵਲੇ ਸਨ। ਇਸ ਮੰਗ ਨੂੰ ਪੂਰੀ ਕਰਨ ਲਈ ਤਿੰਨ ਵਾਰ ਦੁਬਾਰਾ ਇਸ ਅੰਕ ਨੂੰ ਛਾਪਿਆ ਗਿਆ। ਪਹਿਲੀ ਵਾਰ ਅਕਤੂਬਰ 2012 ਦੇ ਜਾਗਰੂਕ ਬਣੋ! ਦੀਆਂ ਲਗਭਗ 30,000 ਕਾਪੀਆਂ ਦੀ ਮੰਗ ਕੀਤੀ ਗਈ। ਪਰ ਇਹ ਵਿਸ਼ਾ ਇੰਨਾ ਪਸੰਦ ਕੀਤਾ ਗਿਆ ਕਿ ਇਸ ਮੈਗਜ਼ੀਨ ਦੀਆਂ 6,50,000 ਤੋਂ ਜ਼ਿਆਦਾ ਕਾਪੀਆਂ ਵੰਡੀਆਂ ਗਈਆਂ।

ਸਕੂਲ ਦੇ ਪ੍ਰਬੰਧਕਾਂ ਤੇ ਅਧਿਆਪਕਾਂ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਜਾਗਰੂਕ ਬਣੋ! ਮੈਗਜ਼ੀਨ ਕਿੰਨਾ ਅਸਰਕਾਰੀ ਹੈ। ਇਕ ਅਧਿਆਪਕ ਨੇ ਕਿਹਾ: “ਇਹ ਮੈਗਜ਼ੀਨ ਸਾਡੇ ਵਿਦਿਆਰਥੀਆਂ ਦੀ ਆਪਣੇ ਪਰਿਵਾਰ ਦੇ ਹੋਰ ਨੇੜੇ ਜਾਣ ਅਤੇ ਸਹੀ ਟੀਚੇ ਰੱਖਣ ਵਿਚ ਮਦਦ ਕਰੇਗਾ।” ਕੁਝ ਸਕੂਲਾਂ ਨੇ ਇਸ ਵਿਚ ਦਿੱਤੀਆਂ ਗੱਲਾਂ ਨੂੰ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣਾ ਦਿੱਤਾ। ਹੋਰ ਸਕੂਲਾਂ ਵਿਚ ਇਸ ਮੈਗਜ਼ੀਨ ਨੂੰ ਕਲਾਸ ਵਿਚ ਪੜ੍ਹਿਆ ਜਾਣ ਲੱਗਾ। ਇਕ ਸਕੂਲ ਵਿਚ ਵਿਦਿਆਰਥੀਆਂ ਨੂੰ ਇਸ ਵਿਚ ਦਿੱਤੀਆਂ ਗੱਲਾਂ ʼਤੇ ਆਧਾਰਿਤ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਤੇ ਜਿਹੜੇ ਵਿਦਿਆਰਥੀਆਂ ਦੀਆਂ ਰਿਪੋਰਟਾਂ ਸਭ ਤੋਂ ਵਧੀਆ ਸਨ, ਉਨ੍ਹਾਂ ਨੂੰ ਇਨਾਮ ਦਿੱਤੇ ਗਏ।

ਇਕ ਵਿਦਿਆਰਥਣ ਨੂੰ ਇਸ ਮੈਗਜ਼ੀਨ ਵਿਚ “ਨੌਜਵਾਨਾਂ ਵਿਚ ਮੋਟਾਪੇ ਵਿਰੁੱਧ ਜਿੱਤ” ਨਾਂ ਦਾ ਲੇਖ ਪਸੰਦ ਆਇਆ। ਉਸ ਨੇ ਸਮਝਾਇਆ ਕਿ ਮੋਟਾਪਾ ਇਕ ਆਮ ਸਮੱਸਿਆ ਬਣਦੀ ਜਾ ਰਹੀ ਹੈ ਤੇ ਉਸ ਦੇ ਦੋਸਤ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦੇ। ਉਹ ਕਹਿੰਦੀ ਹੈ: “ਇਸ ਵਿਸ਼ੇ ʼਤੇ ਸਲਾਹ ਦੇਣ ਲਈ ਬਹੁਤ ਸ਼ੁਕਰੀਆ। ਇਹ ਸਲਾਹ ਸਮਝਣੀ ਬਹੁਤ ਆਸਾਨ ਹੈ ਤੇ ਇਸ ਨੂੰ ਸੌਖਿਆਂ ਹੀ ਲਾਗੂ ਕੀਤਾ ਜਾ ਸਕਦਾ ਹੈ।”

ਮਾਪਿਆਂ ਨੂੰ ਵੀ ਇਹ ਮੈਗਜ਼ੀਨ ਪਸੰਦ ਆਇਆ। ਇਕ ਮਾਂ ਨੇ ਉਸ ਦੇ ਘਰ ਆਏ ਗਵਾਹਾਂ ਦਾ ਇਸ ਮੈਗਜ਼ੀਨ ਲਈ ਧੰਨਵਾਦ ਕੀਤਾ। ਉਸ ਨੇ ਕਿਹਾ: “ਇਸ ਵਿਚ ਬਹੁਤ ਵਧੀਆ ਗੱਲਾਂ ਹਨ ਜੋ ਮੇਰੀ ਧੀ ਨੂੰ ਸਕੂਲ ਵਿਚ ਸਫ਼ਲ ਹੋਣ ਵਿਚ ਮਦਦ ਕਰਨਗੀਆਂ।”

ਥਾਈਲੈਂਡ ਵਿਚ ਯਹੋਵਾਹ ਦੇ ਗਵਾਹਾਂ ਦੇ ਬੁਲਾਰੇ ਪਿਛਾਈ ਪੀਟਰਾਟਾਓਟੀਨ ਨੇ ਕਿਹਾ: “ਜਾਗਰੂਕ ਬਣੋ! ਬਾਈਬਲ ਵਿਚ ਸਦੀਆਂ ਤੋਂ ਪਾਈ ਜਾਣ ਵਾਲੀ ਬੁੱਧ ਵੱਲ ਧਿਆਨ ਖਿੱਚਦਾ ਹੈ ਜਿਸ ਨਾਲ ਅੱਜ ਵੀ ਸੱਚ-ਮੁੱਚ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ। ਯਹੋਵਾਹ ਦੇ ਗਵਾਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੜ੍ਹਾਈ ਦੀ ਕੀ ਅਹਿਮੀਅਤ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਅੰਕ ਮੁਫ਼ਤ ਵਿਚ ਦੇਣ ਵਿਚ ਖ਼ੁਸ਼ੀ ਹੋਈ ਸੀ।”