Skip to content

ਹੋਰ ਭਾਸ਼ਾਵਾਂ ਵਿਚ ਗੱਲ ਕਰਨ ਬਾਰੇ ਬਾਈਬਲ ਕੀ ਕਹਿੰਦੀ ਹੈ?

ਹੋਰ ਭਾਸ਼ਾਵਾਂ ਵਿਚ ਗੱਲ ਕਰਨ ਬਾਰੇ ਬਾਈਬਲ ਕੀ ਕਹਿੰਦੀ ਹੈ?

ਬਾਈਬਲ ਕਹਿੰਦੀ ਹੈ

 “ਹੋਰ ਭਾਸ਼ਾਵਾਂ ਵਿਚ ਗੱਲ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਕੁਝ ਮਸੀਹੀ ਚਮਤਕਾਰੀ ਢੰਗ ਨਾਲ ਉਨ੍ਹਾਂ ਭਾਸ਼ਾਵਾਂ ਵਿਚ ਗੱਲਾਂ ਕਰਨ ਲੱਗੇ ਜੋ ਉਨ੍ਹਾਂ ਨੇ ਕਦੇ ਸਿੱਖੀਆਂ ਨਹੀਂ ਸਨ। (ਰਸੂਲਾਂ ਦੇ ਕੰਮ 10:46) ਜਿਹੜੇ ਲੋਕ ਉਹ ਭਾਸ਼ਾ ਜਾਣਦੇ ਸਨ, ਉਹ ਮਸੀਹੀਆਂ ਦੀ ਗੱਲਾਂ ਸਮਝ ਸਕਦੇ ਸਨ। (ਰਸੂਲਾਂ ਦੇ ਕੰਮ 2:4-8) ਹੋਰ ਭਾਸ਼ਾਵਾਂ ਵਿਚ ਗੱਲ ਕਰਨੀ ਪਵਿੱਤਰ ਸ਼ਕਤੀ ਵੱਲੋਂ ਮਿਲੇ ਤੋਹਫ਼ਿਆਂ ਵਿੱਚੋਂ ਇਕ ਸੀ ਜੋ ਪਰਮੇਸ਼ੁਰ ਨੇ ਪਹਿਲੀ ਸਦੀ ਦੇ ਕੁਝ ਮਸੀਹੀਆਂ ਨੂੰ ਦਿੱਤਾ ਸੀ।​—ਇਬਰਾਨੀਆਂ 2:4; 1 ਕੁਰਿੰਥੀਆਂ 12:4, 30.

 ਹੋਰ ਭਾਸ਼ਾਵਾਂ ਵਿਚ ਗੱਲ ਕਰਨ ਦੀ ਸ਼ੁਰੂਆਤ ਕਿੱਥੇ ਅਤੇ ਕਦੋਂ ਹੋਈ?

 ਇਹ ਚਮਤਕਾਰ ਪਹਿਲਾਂ ਯਰੂਸ਼ਲਮ ਵਿਚ 33 ਈਸਵੀ ਵਿਚ ਪੰਤੇਕੁਸਤ ਦੇ ਤਿਉਹਾਰ ਦੌਰਾਨ ਹੋਇਆ। ਯਿਸੂ ਦੇ ਲਗਭਗ 120 ਚੇਲੇ ਇਕੱਠੇ ਹੋਏ ਸਨ ਜਦੋਂ “ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ ਅਤੇ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਯੋਗਤਾ ਦਿੱਤੀ ਅਤੇ ਉਹ ਉਨ੍ਹਾਂ ਬੋਲੀਆਂ ਵਿਚ ਬੋਲਣ ਲੱਗ ਪਏ।” (ਰਸੂਲਾਂ ਦੇ ਕੰਮ 1:15; 2:1-4) “ਦੁਨੀਆਂ ਭਰ ਦੇ ਸਾਰੇ ਦੇਸ਼ਾਂ ਤੋਂ” ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ ਅਤੇ “ਹਰ ਜਣਾ ਆਪੋ-ਆਪਣੀ ਭਾਸ਼ਾ ਵਿਚ ਚੇਲਿਆਂ ਨੂੰ ਗੱਲ ਕਰਦਿਆਂ ਸੁਣ ਕੇ ਦੰਗ ਰਹਿ ਗਿਆ।”​—ਰਸੂਲਾਂ ਦੇ ਕੰਮ 2:5, 6.

 ਹੋਰ ਭਾਸ਼ਾਵਾਂ ਵਿਚ ਗੱਲ ਕਰਨ ਦਾ ਮਕਸਦ ਕੀ ਸੀ?

  1.  1. ਇਹ ਦਿਖਾਉਣ ਲਈ ਕਿ ਪਰਮੇਸ਼ੁਰ ਮਸੀਹੀਆਂ ਦਾ ਸਾਥ ਦੇ ਰਿਹਾ ਸੀ। ਪੁਰਾਣੇ ਸਮੇਂ ਵਿਚ ਪਰਮੇਸ਼ੁਰ ਨੇ ਚਮਤਕਾਰ ਕਰ ਕੇ ਦਿਖਾਇਆ ਕਿ ਉਹ ਵਫ਼ਾਦਾਰ ਲੋਕਾਂ ਦਾ ਸਾਥ ਦੇ ਰਿਹਾ ਸੀ, ਜਿਵੇਂ ਮੂਸਾ। (ਕੂਚ 4:1-9, 29-31; ਗਿਣਤੀ 17:10) ਹੋਰ ਭਾਸ਼ਾਵਾਂ ਵਿਚ ਗੱਲ ਕਰਨ ਤੋਂ ਵੀ ਇਹੀ ਪਤਾ ਲੱਗਾ ਕਿ ਨਵੀਂ ਮੰਡਲੀ ਬਣਨ ਪਿੱਛੇ ਪਰਮੇਸ਼ੁਰ ਦਾ ਹੱਥ ਸੀ। ਪੌਲੁਸ ਰਸੂਲ ਨੇ ਲਿਖਿਆ: “ਹੋਰ ਬੋਲੀਆਂ ਬੋਲਣ ਦੀ ਦਾਤ ਨਿਹਚਾਵਾਨਾਂ ਲਈ ਨਹੀਂ, ਸਗੋਂ ਅਵਿਸ਼ਵਾਸੀ ਲੋਕਾਂ ਲਈ ਇਕ ਨਿਸ਼ਾਨੀ ਹੈ।”​—1 ਕੁਰਿੰਥੀਆਂ 14:22.

  2.  2. ਮਸੀਹੀ ਚੰਗੀ ਤਰ੍ਹਾਂ ਗਵਾਹੀ ਦੇ ਸਕਣ। ਜਿਨ੍ਹਾਂ ਨੇ ਪੰਤੇਕੁਸਤ ਵਾਲੇ ਦਿਨ ਯਿਸੂ ਦੇ ਚੇਲਿਆਂ ਨੂੰ ਹੋਰ ਭਾਸ਼ਾਵਾਂ ਵਿਚ ਗੱਲ ਕਰਦਿਆਂ ਸੁਣਿਆ, ਉਨ੍ਹਾਂ ਨੇ ਕਿਹਾ: “ਅਸੀਂ ਸਾਰੇ ਲੋਕ ਆਪੋ-ਆਪਣੀ ਬੋਲੀ ਵਿਚ ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਬਾਰੇ ਸੁਣ ਰਹੇ ਹਾਂ।” (ਰਸੂਲਾਂ ਦੇ ਕੰਮ 2:11) ਇਸ ਚਮਤਕਾਰ ਦਾ ਇਕ ਹੋਰ ਮਕਸਦ ਇਹ ਸੀ ਕਿ ਮਸੀਹੀ ਯਿਸੂ ਦੇ ਹੁਕਮ ਮੁਤਾਬਕ ਲੋਕਾਂ ਨੂੰ ‘ਚੰਗੀ ਤਰ੍ਹਾਂ ਸਮਝਾ’ ਸਕਣ ਅਤੇ “ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ” ਬਣਾ ਸਕਣ। (ਰਸੂਲਾਂ ਦੇ ਕੰਮ 10:42; ਮੱਤੀ 28:19) ਲਗਭਗ 3,000 ਲੋਕ ਜਿਨ੍ਹਾਂ ਨੇ ਇਹ ਚਮਤਕਾਰ ਹੁੰਦੇ ਦੇਖਿਆ ਅਤੇ ਚੇਲਿਆਂ ਦਾ ਸੰਦੇਸ਼ ਸੁਣਿਆ, ਉਹ ਉਸੇ ਦਿਨ ਚੇਲੇ ਬਣ ਗਏ।​—ਰਸੂਲਾਂ ਦੇ ਕੰਮ 2:41.

 ਕੀ ਹੋਰ ਭਾਸ਼ਾਵਾਂ ਵਿਚ ਗੱਲ ਕਰਨੀ ਹਮੇਸ਼ਾ ਜਾਰੀ ਰਹਿਣੀ ਸੀ?

 ਨਹੀਂ। ਪਵਿੱਤਰ ਸ਼ਕਤੀ ਦੀਆਂ ਦਾਤਾਂ, ਜਿਨ੍ਹਾਂ ਵਿਚ ਹੋਰ ਬੋਲੀਆਂ ਬੋਲਣੀਆਂ ਵੀ ਸ਼ਾਮਲ ਸਨ, ਥੋੜ੍ਹੀ ਦੇਰ ਲਈ ਸਨ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ: “ਭਵਿੱਖਬਾਣੀਆਂ ਕਰਨ, ਵੱਖੋ-ਵੱਖ ਬੋਲੀਆਂ ਬੋਲਣ ਜਾਂ ਗਿਆਨ ਪਾਉਣ ਦੀਆਂ ਦਾਤਾਂ, ਸਭ ਖ਼ਤਮ ਹੋ ਜਾਣਗੀਆਂ।”​—1 ਕੁਰਿੰਥੀਆਂ 13:8.

 ਹੋਰ ਭਾਸ਼ਾਵਾਂ ਵਿਚ ਗੱਲ ਕਰਨੀ ਕਦੋਂ ਬੰਦ ਹੋ ਗਈ?

 ਆਮ ਤੌਰ ʼਤੇ ਪਵਿੱਤਰ ਸ਼ਕਤੀ ਦੀਆਂ ਦਾਤਾਂ ਰਸੂਲਾਂ ਦੀ ਮੌਜੂਦਗੀ ਵਿਚ ਹੋਰ ਮਸੀਹੀਆਂ ਨੂੰ ਦਿੱਤੀਆਂ ਜਾਂਦੀਆਂ ਸਨ। ਅਕਸਰ ਰਸੂਲ ਮਸੀਹੀਆਂ ʼਤੇ ਹੱਥ ਰੱਖ ਕੇ ਇਹ ਦਾਤਾਂ ਦਿੰਦੇ ਸਨ। (ਰਸੂਲਾਂ ਦੇ ਕੰਮ 8:18; 10:44-46) ਲੱਗਦਾ ਹੈ ਜਿਨ੍ਹਾਂ ਮਸੀਹੀਆਂ ਨੂੰ ਰਸੂਲਾਂ ਵੱਲੋਂ ਪਵਿੱਤਰ ਸ਼ਕਤੀ ਦੀ ਇਹ ਦਾਤ ਮਿਲਦੀ ਸੀ ਉਹ ਮਸੀਹੀ ਇਸ ਦਾਤ ਨੂੰ ਅਗਾਂਹ ਕਿਸੇ ਨੂੰ ਨਹੀਂ ਦੇ ਸਕਦੇ ਸਨ। (ਰਸੂਲਾਂ ਦੇ ਕੰਮ 8:5-7, 14-17) ਮਿਸਾਲ ਲਈ, ਇਕ ਸਰਕਾਰੀ ਅਧਿਕਾਰੀ ਕਿਸੇ ਵਿਅਕਤੀ ਨੂੰ ਡਰਾਈਵਿੰਗ ਲਾਈਸੈਂਸ ਦਿੰਦਾ ਹੈ। ਪਰ ਲਾਈਸੈਂਸ ਹਾਸਲ ਕਰਨ ਵਾਲੇ ਵਿਅਕਤੀ ਕੋਲ ਇਹ ਕਾਨੂੰਨੀ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਹੋਰ ਦਾ ਡਰਾਈਵਿੰਗ ਲਾਈਸੈਂਸ ਜਾਰੀ ਕਰੇ। ਇਸੇ ਤਰ੍ਹਾਂ ਵੱਖੋ-ਵੱਖ ਬੋਲੀਆਂ ਬੋਲਣ ਦੀ ਦਾਤ ਰਸੂਲਾਂ ਅਤੇ ਜਿਨ੍ਹਾਂ ਨੂੰ ਰਸੂਲਾਂ ਤੋਂ ਇਹ ਦਾਤ ਮਿਲੀ ਸੀ ਉਨ੍ਹਾਂ ਦੀ ਮੌਤ ਨਾਲ ਹੀ ਖ਼ਤਮ ਹੋ ਗਈ।

 ਅੱਜ ਹੋਰ ਭਾਸ਼ਾਵਾਂ ਵਿਚ ਗੱਲ ਕਰਨ ਬਾਰੇ ਕੀ?

 ਚਮਤਕਾਰੀ ਢੰਗ ਨਾਲ ਹੋਰ ਭਾਸ਼ਾਵਾਂ ਵਿਚ ਗੱਲ ਕਰਨ ਦਾ ਤੋਹਫ਼ਾ ਲਗਭਗ ਪਹਿਲੀ ਸਦੀ ਈਸਵੀ ਦੇ ਅਖ਼ੀਰ ਵਿਚ ਖ਼ਤਮ ਹੋ ਗਿਆ। ਅੱਜ ਕੋਈ ਵੀ ਦਾਅਵਾ ਨਹੀਂ ਕਰ ਸਕਦਾ ਕਿ ਉਹ ਪਰਮੇਸ਼ੁਰ ਦੀ ਮਦਦ ਨਾਲ ਹੋਰ ਭਾਸ਼ਾਵਾਂ ਵਿਚ ਗੱਲ ਕਰਦਾ ਹੈ।

 ਸੱਚੇ ਮਸੀਹੀ ਕਿਵੇਂ ਪਛਾਣੇ ਜਾ ਸਕਦੇ ਹਨ?

 ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਨਿਰਸੁਆਰਥ ਪਿਆਰ ਦਿਖਾਉਣ ਕਰਕੇ ਜਾਣੇ ਜਾਣਗੇ। (ਯੂਹੰਨਾ 13:34, 35) ਇਸੇ ਤਰ੍ਹਾਂ ਪੌਲੁਸ ਰਸੂਲ ਨੇ ਸਿਖਾਇਆ ਕਿ ਪਿਆਰ ਸੱਚੇ ਮਸੀਹੀਆਂ ਦੀ ਪਛਾਣ ਹੋਣਾ ਚਾਹੀਦਾ ਸੀ। (1 ਕੁਰਿੰਥੀਆਂ 13:1, 8) ਉਸ ਨੇ ਦਿਖਾਇਆ ਕਿ “ਪਵਿੱਤਰ ਸ਼ਕਤੀ” ਮਸੀਹੀਆਂ ਵਿਚ ਗੁਣ ਪੈਦਾ ਕਰੇਗੀ ਜਿਨ੍ਹਾਂ ਵਿਚ ਪਹਿਲਾ ਗੁਣ ਪਿਆਰ ਹੈ।​—ਗਲਾਤੀਆਂ 5:22, 23.