Skip to content

ਯਿਸੂ ਸਾਨੂੰ ਕਿਵੇਂ ਬਚਾਉਂਦਾ ਹੈ?

ਯਿਸੂ ਸਾਨੂੰ ਕਿਵੇਂ ਬਚਾਉਂਦਾ ਹੈ?

ਬਾਈਬਲ ਕਹਿੰਦੀ ਹੈ

 ਯਿਸੂ ਨੇ ਆਪਣੀ ਕੁਰਬਾਨੀ ਦੇ ਕੇ ਵਫ਼ਾਦਾਰ ਲੋਕਾਂ ਦੀ ਜਾਨ ਬਚਾਈ। (ਮੱਤੀ 20:28) ਇਸ ਕਰਕੇ ਬਾਈਬਲ ਯਿਸੂ ਮਸੀਹ ਨੂੰ ‘ਦੁਨੀਆਂ ਦਾ ਮੁਕਤੀਦਾਤਾ’ ਕਹਿੰਦੀ ਹੈ। (1 ਯੂਹੰਨਾ 4:14) ਬਾਈਬਲ ਇਹ ਵੀ ਦੱਸਦੀ ਹੈ: “ਹੋਰ ਕਿਸੇ ਰਾਹੀਂ ਮੁਕਤੀ ਨਹੀਂ ਮਿਲੇਗੀ ਕਿਉਂਕਿ ਪਰਮੇਸ਼ੁਰ ਨੇ ਧਰਤੀ ਉੱਤੇ ਹੋਰ ਕਿਸੇ ਨੂੰ ਨਹੀਂ ਚੁਣਿਆ ਜਿਸ ਦੇ ਨਾਂ ʼਤੇ ਸਾਨੂੰ ਬਚਾਇਆ ਜਾਵੇਗਾ।”​—ਰਸੂਲਾਂ ਦੇ ਕੰਮ 4:12.

 ਯਿਸੂ ਨੇ ਉਨ੍ਹਾਂ “ਸਾਰਿਆਂ ਵਾਸਤੇ ਮੌਤ ਦਾ ਸੁਆਦ ਚੱਖਿਆ” ਜੋ ਉਸ ਉੱਤੇ ਨਿਹਚਾ ਕਰਦੇ ਹਨ। (ਇਬਰਾਨੀਆਂ 2:9; ਯੂਹੰਨਾ 3:16) ਫਿਰ “ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ” ਅਤੇ ਉਹ ਦੂਤ ਵਜੋਂ ਸਵਰਗ ਵਾਪਸ ਚਲਾ ਗਿਆ। (ਰਸੂਲਾਂ ਦੇ ਕੰਮ 3:15) ਇਸ ਕਰਕੇ ਯਿਸੂ “ਉਨ੍ਹਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਕਾਬਲ ਹੈ ਜਿਹੜੇ ਉਸ ਰਾਹੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਨ ਕਿਉਂਕਿ ਉਹ ਉਨ੍ਹਾਂ ਵਾਸਤੇ ਬੇਨਤੀ ਕਰਨ ਲਈ ਹਮੇਸ਼ਾ ਜੀਉਂਦਾ ਰਹਿੰਦਾ ਹੈ।”​—ਇਬਰਾਨੀਆਂ 7:25.

ਯਿਸੂ ਨੂੰ ਸਾਡੇ ਵਾਸਤੇ ਬੇਨਤੀ ਕਰਨ ਦੀ ਕਿਉਂ ਲੋੜ ਹੈ?

 ਅਸੀਂ ਸਾਰੇ ਪਾਪੀ ਹਾਂ। (ਰੋਮੀਆਂ 3:23) ਪਾਪ ਕਰਕੇ ਸਾਡੇ ਅਤੇ ਪਰਮੇਸ਼ੁਰ ਦੇ ਰਿਸ਼ਤੇ ਵਿਚ ਦਰਾੜ ਪੈ ਗਈ ਜਿਸ ਕਰਕੇ ਅਸੀਂ ਮਰਦੇ ਹਾਂ। (ਰੋਮੀਆਂ 6:23) ਪਰ ਯਿਸੂ ਉਨ੍ਹਾਂ ਲੋਕਾਂ ਲਈ “ਵਕੀਲ” ਵਜੋਂ ਕੰਮ ਕਰਦਾ ਹੈ ਜੋ ਉਸ ਦੀ ਕੁਰਬਾਨੀ ਉੱਤੇ ਨਿਹਚਾ ਕਰਦੇ ਹਨ। (1 ਯੂਹੰਨਾ 2:1, ਫੁਟਨੋਟ) ਯਿਸੂ ਪਰਮੇਸ਼ੁਰ ਨੂੰ ਬੇਨਤੀ ਕਰਦਾ ਹੈ ਕਿ ਉਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੇ ਅਤੇ ਉਸ ਦੀ ਕੁਰਬਾਨੀ ਦੇ ਆਧਾਰ ਤੇ ਉਨ੍ਹਾਂ ਦੇ ਪਾਪ ਮਾਫ਼ ਕਰ ਦੇਵੇ। (ਮੱਤੀ 1:21; ਰੋਮੀਆਂ 8:34) ਯਹੋਵਾਹ ਪਰਮੇਸ਼ੁਰ ਯਿਸੂ ਦੀਆਂ ਬੇਨਤੀਆਂ ਇਸ ਕਰਕੇ ਸੁਣਦਾ ਹੈ ਕਿਉਂਕਿ ਉਹ ਉਸ ਦੀ ਇੱਛਾ ਮੁਤਾਬਕ ਹੁੰਦੀਆਂ ਹਨ। ਪਰਮੇਸ਼ੁਰ ਨੇ ਯਿਸੂ ਨੂੰ ਧਰਤੀ ʼਤੇ ਭੇਜਿਆ ਤਾਂਕਿ “ਉਸ ਰਾਹੀਂ ਦੁਨੀਆਂ ਬਚਾਈ ਜਾਵੇ।”​—ਯੂਹੰਨਾ 3:17.

ਕੀ ਆਪਣੀ ਜਾਨ ਬਚਾਉਣ ਲਈ ਯਿਸੂ ʼਤੇ ਨਿਹਚਾ ਕਰਨੀ ਹੀ ਕਾਫ਼ੀ ਹੈ?

 ਨਹੀਂ। ਭਾਵੇਂ ਕਿ ਮੁਕਤੀ ਪਾਉਣ ਲਈ ਸਾਨੂੰ ਯਿਸੂ ʼਤੇ ਨਿਹਚਾ ਕਰਨੀ ਚਾਹੀਦੀ ਹੈ, ਪਰ ਸਾਨੂੰ ਇਸ ਤੋਂ ਇਲਾਵਾ ਹੋਰ ਵੀ ਕੁਝ ਕਰਨ ਦੀ ਲੋੜ ਹੈ। (ਰਸੂਲਾਂ ਦੇ ਕੰਮ 16:30, 31) ਬਾਈਬਲ ਕਹਿੰਦੀ ਹੈ: “ਜਿਵੇਂ ਸਾਹ ਤੋਂ ਬਿਨਾਂ ਸਰੀਰ ਮੁਰਦਾ ਹੁੰਦਾ ਹੈ, ਉਸੇ ਤਰ੍ਹਾਂ ਕੰਮਾਂ ਤੋਂ ਬਿਨਾਂ ਨਿਹਚਾ ਮਰੀ ਹੁੰਦੀ ਹੈ।” (ਯਾਕੂਬ 2:26) ਜਾਨ ਬਚਾਉਣ ਲਈ ਹੇਠ ਲਿਖੇ ਕੰਮ ਕਰਨ ਦੀ ਲੋੜ ਹੈ:

  •   ਯਿਸੂ ਤੇ ਉਸ ਦੇ ਪਿਤਾ ਯਹੋਵਾਹ ਬਾਰੇ ਸਿੱਖੋ।​—ਯੂਹੰਨਾ 17:3.

  •   ਉਨ੍ਹਾਂ ਉੱਤੇ ਨਿਹਚਾ ਪੈਦਾ ਕਰੋ।​—ਯੂਹੰਨਾ 12:44; 14:1.

  •   ਉਨ੍ਹਾਂ ਦੇ ਹੁਕਮ ਮੰਨ ਕੇ ਆਪਣੀ ਨਿਹਚਾ ਜ਼ਾਹਰ ਕਰੋ। (ਲੂਕਾ 6:46; 1 ਯੂਹੰਨਾ 2:17) ਯਿਸੂ ਨੇ ਕਿਹਾ ਸੀ ਕਿ ਉਸ ਨੂੰ “ਪ੍ਰਭੂ” ਕਹਿਣ ਵਾਲੇ ਲੋਕ ਨਹੀਂ, ਸਗੋਂ ਉਸ ਦੇ “ਸਵਰਗੀ ਪਿਤਾ ਦੀ ਇੱਛਾ ਪੂਰੀ” ਕਰਨ ਵਾਲੇ ਲੋਕ ਹੀ ਬਚਾਏ ਜਾਣਗੇ।​—ਮੱਤੀ 7:21.

  •   ਮੁਸ਼ਕਲਾਂ ਦੇ ਬਾਵਜੂਦ ਵੀ ਨਿਹਚਾ ਦਿਖਾਉਂਦੇ ਰਹੋ। ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ: “ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।”​—ਮੱਤੀ 24:13.