Skip to content

ਬਾਈਬਲ ਆਇਤਾਂ ਦੀ ਸਮਝ

ਜ਼ਬੂਰ 37:4​—‘ਤੁਸੀਂ ਪ੍ਰਭੂ ਵਿਚ ਆਨੰਦ ਮਨਾਵੋ’

ਜ਼ਬੂਰ 37:4​—‘ਤੁਸੀਂ ਪ੍ਰਭੂ ਵਿਚ ਆਨੰਦ ਮਨਾਵੋ’

 “ਯਹੋਵਾਹ ਤੋਂ ਅਪਾਰ ਖ਼ੁਸ਼ੀ ਪਾ ਅਤੇ ਉਹ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇਗਾ।”​—ਜ਼ਬੂਰ 37:4, ਨਵੀਂ ਦੁਨੀਆਂ ਅਨੁਵਾਦ।

 ‘ਤੁਸੀਂ ਪ੍ਰਭੂ ਵਿਚ ਆਨੰਦ ਮਨਾਵੋ, ਤਾਂ ਉਹ ਤੁਹਾਡੇ ਦਿਲ ਦੀ ਇੱਛਾ ਪੂਰੀ ਕਰੇਗਾ।’​—ਜ਼ਬੂਰ 37:4, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਜ਼ਬੂਰ 37:4 ਦਾ ਮਤਲਬ

 ਇਸ ਜ਼ਬੂਰ ਦਾ ਲਿਖਾਰੀ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਗੁਜ਼ਾਰਸ਼ ਕਰਦਾ ਹੈ ਕਿ ਉਹ ਪਰਮੇਸ਼ੁਰ ਨਾਲ ਗੂੜ੍ਹੀ ਦੋਸਤੀ ਕਰ ਕੇ ਖ਼ੁਸ਼ੀ ਪਾਉਣ। ਜਿਨ੍ਹਾਂ ਦੀ ਯਹੋਵਾਹ a ਪਰਮੇਸ਼ੁਰ ਨਾਲ ਇਹੋ ਜਿਹੀ ਦੋਸਤੀ ਹੈ, ਉਹ ਭਰੋਸਾ ਰੱਖ ਸਕਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਜਾਇਜ਼ ਇੱਛਾਵਾਂ ਜ਼ਰੂਰ ਪੂਰੀਆਂ ਕਰੇਗਾ।

 “ਯਹੋਵਾਹ ਤੋਂ ਅਪਾਰ ਖ਼ੁਸ਼ੀ ਪਾ।” ਇਨ੍ਹਾਂ ਸ਼ਬਦਾਂ ਦਾ ਅਨੁਵਾਦ ਇੱਦਾਂ ਵੀ ਕੀਤਾ ਜਾ ਸਕਦਾ ਹੈ, “ਯਹੋਵਾਹ ਉੱਤੇ ਨਿਹਾਲ ਰਹਿ,” ‘ਪ੍ਰਭੂ ਵਿਚ ਆਨੰਦ ਮਨਾਵੋ’ ਜਾਂ “ਪ੍ਰਭੂ ਨੇ ਤੁਹਾਡੇ ਨਾਲ ਜੋ ਵਾਅਦਾ ਕੀਤਾ ਹੈ, ਉਸ ਕਰਕੇ ਖ਼ੁਸ਼ੀ ਮਨਾਓ।” ਸੌਖੇ ਸ਼ਬਦਾਂ ਵਿਚ ਕਹੀਏ, ਤਾਂ ਸੱਚੇ ਪਰਮੇਸ਼ੁਰ ਦੀ ਭਗਤੀ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੇਗੀ। (ਜ਼ਬੂਰ 37:4) ਅਸੀਂ ਇੱਦਾਂ ਕਿਉਂ ਕਹਿੰਦੇ ਹਾਂ?

 ਯਹੋਵਾਹ ਦੇ ਸੇਵਕ ਕਿਸੇ ਵੀ ਮਾਮਲੇ ਨੂੰ ਉਸ ਦੇ ਨਜ਼ਰੀਏ ਤੋਂ ਦੇਖਦੇ ਹਨ ਅਤੇ ਇਸ ਬਾਰੇ ਉਨ੍ਹਾਂ ਨੂੰ ਬਾਈਬਲ ਤੋਂ ਪਤਾ ਲੱਗਦਾ ਹੈ। ਉਹ ਨਾ ਸਿਰਫ਼ ਪਰਮੇਸ਼ੁਰ ਨੂੰ ਜਾਣਦੇ ਹਨ, ਸਗੋਂ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਉਸ ਦਾ ਕਹਿਣਾ ਮੰਨਣ ਵਿਚ ਹੀ ਉਨ੍ਹਾਂ ਦੀ ਭਲਾਈ ਹੈ। ਨਤੀਜੇ ਵਜੋਂ, ਉਹ ਸਾਫ਼ ਜ਼ਮੀਰ ਰੱਖ ਪਾਉਂਦੇ ਹਨ ਅਤੇ ਬਹੁਤ ਸਾਰੀਆਂ ਮੁਸੀਬਤਾਂ ਵਿਚ ਫਸਣ ਤੋਂ ਬਚਦੇ ਹਨ। (ਕਹਾਉਤਾਂ 3:5, 6) ਉਦਾਹਰਣ ਲਈ, ਜਦੋਂ ਉਹ ਦੇਖਦੇ ਹਨ ਕਿ ਲਾਲਚੀ ਤੇ ਬੇਈਮਾਨ ਲੋਕ ਵਧ-ਫੁੱਲ ਰਹੇ ਹਨ, ਤਾਂ ਉਹ ਗੁੱਸੇ ਨਾਲ ਨਹੀਂ ਭਰਦੇ ਅਤੇ ਈਰਖਾ ਨਹੀਂ ਕਰਦੇ। (ਜ਼ਬੂਰ 37:1, 7-9) ਪਰਮੇਸ਼ੁਰ ਦੇ ਲੋਕ ਇਹ ਜਾਣ ਕੇ ਖ਼ੁਸ਼ ਹਨ ਕਿ ਉਹ ਜਲਦੀ ਹੀ ਹਰ ਤਰ੍ਹਾਂ ਦੀ ਬੇਇਨਸਾਫ਼ੀ ਦਾ ਖ਼ਾਤਮਾ ਕਰੇਗਾ ਅਤੇ ਵਫ਼ਾਦਾਰ ਲੋਕਾਂ ਨੂੰ ਉਨ੍ਹਾਂ ਦੇ ਚੰਗੇ ਚਾਲ-ਚਲਣ ਕਰਕੇ ਇਨਾਮ ਦੇਵੇਗਾ। (ਜ਼ਬੂਰ 37:34) ਉਹ ਇਹ ਜਾਣ ਕੇ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਦੇ ਸਵਰਗੀ ਪਿਤਾ ਯਹੋਵਾਹ ਦੀ ਮਿਹਰ ਉਨ੍ਹਾਂ ʼਤੇ ਹੈ।​—ਜ਼ਬੂਰ 5:12; ਕਹਾਉਤਾਂ 27:11.

 “ਉਹ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇਗਾ।” ਇਨ੍ਹਾਂ ਸ਼ਬਦਾਂ ਦਾ ਅਨੁਵਾਦ ਇੱਦਾਂ ਵੀ ਕੀਤਾ ਜਾ ਸਕਦਾ ਹੈ,“ਉਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ“ ਜਾਂ “ਉਹ ਤੁਹਾਡੇ ਦਿਲ ਦੀ ਇੱਛਾ ਪੂਰੀ ਕਰੇਗਾ।” ਇਹ ਤਾਂ ਸੱਚ ਹੈ ਕਿ ਉਹ ਸਾਡੀ ਹਰ ਬੇਨਤੀ ਨੂੰ ਕਬੂਲ ਨਹੀਂ ਕਰੇਗਾ। ਇਕ ਚੰਗੇ ਮਾਤਾ-ਪਿਤਾ ਵਾਂਗ ਯਹੋਵਾਹ ਜਾਣਦਾ ਹੈ ਕਿ ਉਸ ਦੇ ਬੱਚਿਆਂ ਦੀ ਭਲਾਈ ਕਿਹੜੀ ਗੱਲ ਵਿਚ ਹੈ। ਇਸ ਤੋਂ ਇਲਾਵਾ, ਸਾਡੀਆਂ ਬੇਨਤੀਆਂ ਅਤੇ ਸਾਡੇ ਜੀਉਣ ਦੇ ਤੌਰ-ਤਰੀਕੇ ਉਸ ਦੇ ਮਿਆਰਾਂ ਅਤੇ ਉਸ ਦੀ ਇੱਛਾ ਮੁਤਾਬਕ ਹੋਣੇ ਚਾਹੀਦੇ ਹਨ। (ਕਹਾਉਤਾਂ 28:9; ਯਾਕੂਬ 4:3; 1 ਯੂਹੰਨਾ 5:14) ਫਿਰ ਅਸੀਂ “ਪ੍ਰਾਰਥਨਾ ਦੇ ਸੁਣਨ ਵਾਲੇ” ਪਰਮੇਸ਼ੁਰ ਨੂੰ ਬੇਨਤੀ ਕਰ ਸਕਦੇ ਹਾਂ ਅਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਜ਼ਰੂਰ ਸੁਣੇਗਾ।​—ਜ਼ਬੂਰ 65:2; ਮੱਤੀ 21:22.

ਅਗਲੀਆਂ-ਪਿਛਲੀਆਂ ਆਇਤਾਂ ਮੁਤਾਬਕ ਜ਼ਬੂਰ 37:4 ਦੀ ਸਮਝ

 ਜ਼ਬੂਰ 37 ਪੁਰਾਣੇ ਜ਼ਮਾਨੇ ਦੇ ਇਜ਼ਰਾਈਲ ਦੇ ਰਾਜੇ ਦਾਊਦ ਨੇ ਲਿਖਿਆ ਸੀ। ਉਸ ਨੇ ਇਹ ਜ਼ਬੂਰ ਇਬਰਾਨੀ ਵਰਣਮਾਲਾ ਦੇ ਅੱਖਰਾਂ ਦੀ ਤਰਤੀਬ ਅਨੁਸਾਰ ਲਿਖਿਆ ਸੀ। b

 ਦਾਊਦ ਨੇ ਬਹੁਤ ਵਾਰ ਬੇਇਨਸਾਫ਼ੀ ਝੱਲੀ। ਉਸ ਨੂੰ ਆਪਣੀ ਜਾਨ ਬਚਾਉਣ ਲਈ ਰਾਜਾ ਸ਼ਾਊਲ ਅਤੇ ਹੋਰਨਾਂ ਤੋਂ ਭੱਜਣਾ ਪਿਆ। (2 ਸਮੂਏਲ 22:1) ਫਿਰ ਵੀ ਦਾਊਦ ਨੇ ਹਮੇਸ਼ਾ ਆਪਣੇ ਪਰਮੇਸ਼ੁਰ ʼਤੇ ਪੂਰਾ ਭਰੋਸਾ ਰੱਖਿਆ। ਉਹ ਜਾਣਦਾ ਸੀ ਕਿ ਯਹੋਵਾਹ ਸਮਾਂ ਆਉਣ ਤੇ ਦੁਸ਼ਟਾਂ ਨੂੰ ਸਜ਼ਾ ਜ਼ਰੂਰ ਦੇਵੇਗਾ। (ਜ਼ਬੂਰ 37:10, 11) ਚਾਹੇ ਕਿ ਲੱਗਦਾ ਹੈ ਕਿ ਦੁਸ਼ਟ ਵਧਦੇ-ਫੁੱਲਦੇ ਹਨ, ਪਰ “ਹਰੇ ਘਾਹ” ਵਾਂਗ ਉਹ ਵੀ ਛੇਤੀ ਹੀ ਕੁਮਲ਼ਾ ਜਾਣਗੇ ਯਾਨੀ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।​—ਜ਼ਬੂਰ 37:2, 20, 35, 36.

 ਜ਼ਬੂਰ 37 ਵਿਚ ਦੱਸਿਆ ਹੈ ਕਿ ਜਿਹੜੇ ਲੋਕ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਦੇ ਹਨ, ਉਨ੍ਹਾਂ ਨਾਲ ਕੀ ਹੋਵੇਗਾ ਅਤੇ ਜਿਹੜੇ ਲੋਕ ਉਨ੍ਹਾਂ ਮੁਤਾਬਕ ਨਹੀਂ ਚੱਲਦੇ, ਉਨ੍ਹਾਂ ਦਾ ਕੀ ਹਸ਼ਰ ਹੋਵੇਗਾ। (ਜ਼ਬੂਰ 37:16, 17, 21, 22, 27, 28) ਇਸ ਲਈ ਇਹ ਜ਼ਬੂਰ ਸਾਡੀ ਬੁੱਧੀਮਾਨ ਅਤੇ ਅਜਿਹੇ ਇਨਸਾਨ ਬਣਨ ਵਿਚ ਮਦਦ ਕਰਦਾ ਹੈ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ।

 ਜ਼ਬੂਰਾਂ ਦੀ ਕਿਤਾਬ ਦੀ ਝਲਕ ਦੇਖਣ ਲਈ ਇਹ ਛੋਟੀ ਜਿਹੀ ਵੀਡੀਓ ਦੇਖੋ।

a ਇਬਰਾਨੀ ਭਾਸ਼ਾ ਵਿਚ ਪਰਮੇਸ਼ੁਰ ਦਾ ਜੋ ਨਾਂ ਵਰਤਿਆ ਗਿਆ ਹੈ, ਉਸ ਦਾ ਪੰਜਾਬੀ ਵਿਚ ਅਨੁਵਾਦ ਯਹੋਵਾਹ ਕੀਤਾ ਗਿਆ ਹੈ। ਬਹੁਤ ਸਾਰੀਆਂ ਬਾਈਬਲਾਂ ਵਿਚ ਪਰਮੇਸ਼ੁਰ ਦੇ ਨਾਂ ਦੀ ਬਜਾਇ “ਪ੍ਰਭੂ” ਖ਼ਿਤਾਬ ਕਿਉਂ ਵਰਤਿਆ ਗਿਆ ਹੈ, ਇਹ ਜਾਣਨ ਲਈ “ਯਹੋਵਾਹ ਕੌਣ ਹੈ?” ਨਾਂ ਦਾ ਲੇਖ ਦੇਖੋ।

b ਇਸ ਤਰ੍ਹਾਂ ਲਿਖੇ ਜ਼ਬੂਰ ਦੀ ਪਹਿਲੀ ਆਇਤ ਜਾਂ ਕੁਝ ਆਇਤਾਂ ਇਬਰਾਨੀ ਭਾਸ਼ਾ ਦੀ ਵਰਣਮਾਲਾ ਦੇ ਪਹਿਲੇ ਅੱਖਰ ਨਾਲ ਸ਼ੁਰੂ ਹੁੰਦੀਆਂ ਹਨ ਅਤੇ ਅਗਲੀਆਂ ਆਇਤਾਂ ਦੂਜੇ ਅੱਖਰ ਨਾਲ ਸ਼ੁਰੂ ਹੁੰਦੀਆਂ ਹਨ ਤੇ ਉਸ ਤੋਂ ਅਗਲੀਆਂ ਆਇਤਾਂ ਵੀ ਇਸੇ ਤਰੀਕੇ ਨਾਲ ਲਿਖੀਆਂ ਗਈਆਂ ਹਨ। ਸ਼ਾਇਦ ਇਸ ਤਰ੍ਹਾਂ ਲਿਖਿਆ ਹੋਣ ਕਰਕੇ ਕਿਸੇ ਜ਼ਬੂਰ ਨੂੰ ਯਾਦ ਰੱਖਣਾ ਸੌਖਾ ਹੁੰਦਾ ਸੀ।