Skip to content

ਪਰਿਵਾਰ ਦੀ ਮਦਦ ਲਈ

ਤੁਸੀਂ ਆਪਣੇ ਗੁੱਸੇ ʼਤੇ ਕਾਬੂ ਕਿਵੇਂ ਪਾ ਸਕਦੇ ਹੋ?

ਤੁਸੀਂ ਆਪਣੇ ਗੁੱਸੇ ʼਤੇ ਕਾਬੂ ਕਿਵੇਂ ਪਾ ਸਕਦੇ ਹੋ?

 ਤੁਹਾਡਾ ਜੀਵਨ-ਸਾਥੀ ਸ਼ਾਇਦ ਇਸ ਤਰ੍ਹਾਂ ਦਾ ਕੁਝ ਕਹਿੰਦਾ ਹੈ ਜਾਂ ਕਰਦਾ ਹੈ ਜਿਸ ਕਰਕੇ ਤੁਹਾਨੂੰ ਗੁੱਸੇ ਚੜ੍ਹਦਾ ਹੈ ਅਤੇ ਤੁਸੀਂ ਆਪਣਾ ਗੁੱਸਾ ਛੁਪਾਉਣ ਦੀ ਕੋਸ਼ਿਸ਼ ਕਰਦੇ ਹੋ। ਪਰ ਤੁਹਾਡੇ ਸਾਥੀ ਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਤਾਂ ਹੋਇਆ ਹੈ ਅਤੇ ਉਹ ਤੁਹਾਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਤੁਹਾਨੂੰ ਹੋਰ ਵੀ ਗੁੱਸਾ ਚੜ੍ਹਦਾ ਹੈ। ਇਸ ਤਰ੍ਹਾਂ ਦੇ ਹਾਲਾਤਾਂ ਵਿਚ ਤੁਸੀਂ ਆਪਣੇ ਗੁੱਸੇ ʼਤੇ ਕਾਬੂ ਕਿਵੇਂ ਪਾ ਸਕਦੇ ਹੋ?

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

  •   ਗੁੱਸਾ ਕਰਨ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ। ਇਕ ਸਰਵੇ ਮੁਤਾਬਕ ਆਪਣੇ ਗੁੱਸੇ ʼਤੇ ਕਾਬੂ ਨਾ ਪਾਉਣ ਵਾਲਿਆਂ ਨੂੰ ਹਾਈ ਬਲੱਡ ਪਰੈਸ਼ਰ, ਦਿਲ ਦੀ ਬੀਮਾਰੀ, ਡਿਪਰੈਸ਼ਨ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਨਾਲੇ ਗੁੱਸੇ ਕਰਕੇ ਨੀਂਦ ਘੱਟ ਆਉਂਦੀ ਹੈ, ਵਧੇਰੇ ਚਿੰਤਾ ਹੁੰਦੀ ਹੈ, ਚਮੜੀ ਦੀਆਂ ਬੀਮਾਰੀਆਂ ਹੋ ਸਕਦੀਆਂ ਅਤੇ ਦੌਰਾ ਵੀ ਪੈ ਸਕਦਾ ਹੈ। ਇਸੇ ਕਰਕੇ ਬਾਈਬਲ ਸਲਾਹ ਦਿੰਦੀ ਹੈ: “ਕ੍ਰੋਧ ਨੂੰ ਛੱਡ . . . . ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ।”—ਜ਼ਬੂਰਾਂ ਦੀ ਪੋਥੀ 37:8.

  •   ਮਨ ਵਿਚ ਗੁੱਸਾ ਰੱਖਣਾ ਵੀ ਖ਼ਤਰਨਾਕ ਹੁੰਦਾ ਹੈ। ਮਨ ਹੀ ਮਨ ਵਿਚ ਗੁੱਸਾ ਕਰੀ ਜਾਣਾ ਉਸ ਬੀਮਾਰੀ ਵਾਂਗ ਹੈ ਜੋ ਤੁਹਾਨੂੰ ਅੰਦਰੋਂ-ਅੰਦਰੀਂ ਨੁਕਸਾਨ ਪਹੁੰਚਾਉਂਦੀ ਹੈ। ਉਹ ਕਿਵੇਂ? ਸ਼ਾਇਦ ਤੁਹਾਡਾ ਰਵੱਈਆ ਇੱਦਾਂ ਦਾ ਹੋ ਜਾਵੇ ਕਿ ਤੁਸੀਂ ਗੱਲ-ਗੱਲ ʼਤੇ ਨੁਕਤਾਚੀਨੀ ਕਰਨ ਲੱਗ ਪਓ। ਇਸ ਤਰ੍ਹਾਂ ਦੇ ਰਵੱਈਏ ਕਰਕੇ ਤੁਹਾਡਾ ਜੀਣਾ ਔਖਾ ਹੋ ਸਕਦਾ ਹੈ ਅਤੇ ਇਸ ਨਾਲ ਤੁਹਾਡਾ ਵਿਆਹੁਤਾ ਰਿਸ਼ਤਾ ਵੀ ਟੁੱਟ ਸਕਦਾ ਹੈ।

 ਤੁਸੀਂ ਕੀ ਕਰ ਸਕਦੇ ਹੋ

  •   ਆਪਣੇ ਸਾਥੀ ਦੇ ਚੰਗੇ ਗੁਣ ਦੇਖੋ। ਆਪਣੇ ਜੀਵਨ ਸਾਥੀ ਦੇ ਤਿੰਨ ਗੁਣ ਲਿਖੋ ਜੋ ਤੁਹਾਨੂੰ ਚੰਗੇ ਲੱਗਦੇ ਹਨ। ਫਿਰ ਅਗਲੀ ਵਾਰ ਜਦੋਂ ਤੁਹਾਨੂੰ ਆਪਣੇ ਸਾਥੀ ਦੀ ਕਿਸੇ ਗੱਲ ਕਰਕੇ ਗੁੱਸਾ ਚੜ੍ਹੇ, ਤਾਂ ਉਸ ਦੇ ਉਨ੍ਹਾਂ ਗੁਣਾਂ ਬਾਰੇ ਸੋਚੋ। ਇਸ ਤਰ੍ਹਾਂ ਤੁਸੀਂ ਆਪਣੇ ਗੁੱਸੇ ʼਤੇ ਕਾਬੂ ਪਾ ਸਕੋਗੇ।

     ਬਾਈਬਲ ਦਾ ਅਸੂਲ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।”—ਕੁਲੁੱਸੀਆਂ 3:15.

  •    ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹੋ। ਪਹਿਲਾ, ਮਾਮਲੇ ਨੂੰ ਆਪਣੇ ਸਾਥੀ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਤੁਸੀਂ ਹਮਦਰਦੀ ਦਿਖਾ ਸਕੋਗੇ ਜਿੱਦਾਂ ਬਾਈਬਲ ਕਹਿੰਦੀ ਹੈ “ਇਕ-ਦੂਜੇ ਦਾ ਸਾਥ ਦਿਓ।” (1 ਪਤਰਸ 3:8) ਦੂਜਾ, ਆਪਣੇ ਆਪ ਤੋਂ ਪੁੱਛੋ, ‘ਕੀ ਗੱਲ ਸੱਚ-ਮੁੱਚ ਇੰਨੀ ਵੱਡੀ ਹੈ ਕਿ ਮੈਂ ਆਪਣੇ ਸਾਥੀ ਨੂੰ ਮਾਫ਼ ਨਹੀਂ ਕਰ ਸਕਦਾ?’

     ਬਾਈਬਲ ਦਾ ਅਸੂਲ: “ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।”—ਕਹਾਉਤਾਂ 19:11.

  •    ਪਿਆਰ ਅਤੇ ਸਮਝਦਾਰੀ ਨਾਲ ਆਪਣੀਆਂ ਭਾਵਨਾਵਾਂ ਦੱਸੋ। ਗੱਲ ਕਰਦਿਆਂ “ਮੈਂ” ਅਤੇ “ਮੈਨੂੰ” ਵਰਗੇ ਸ਼ਬਦ ਵਰਤੋ। ਮਿਸਾਲ ਲਈ, ਆਪਣੇ ਸਾਥੀ ਨੂੰ ਇਹ ਨਾ ਕਹੋ, “ਤੁਸੀਂ ਮੈਨੂੰ ਕਦੇ ਫ਼ੋਨ ਕਰ ਕੇ ਨਹੀਂ ਦੱਸਦੇ ਕਿ ਤੁਸੀਂ ਕਿੱਥੇ ਹੋ। ਤੁਹਾਨੂੰ ਤਾਂ ਕੋਈ ਫ਼ਿਕਰ ਹੀ ਨਹੀਂ ਹੈ।” ਇਸ ਦੀ ਬਜਾਇ, ਇਹ ਕਹੋ “ਜਦੋਂ ਤੁਸੀਂ ਲੇਟ ਹੋ ਜਾਂਦੇ ਹੋ, ਤਾਂ ਮੈਨੂੰ ਤੁਹਾਡਾ ਬਹੁਤ ਫ਼ਿਕਰ ਹੋਣ ਲੱਗ ਪੈਂਦਾ ਤੇ ਮਨ ਵਿਚ ਤਰ੍ਹਾਂ-ਤਰ੍ਹਾਂ ਦੇ ਖ਼ਿਆਲ ਆਉਣ ਲੱਗ ਪੈਂਦੇ ਹਨ।” ਪਿਆਰ ਨਾਲ ਆਪਣੇ ਦਿਲ ਦੀ ਗੱਲ ਦੱਸਣ ਨਾਲ ਤੁਸੀਂ ਆਪਣੇ ਗੁੱਸੇ ʼਤੇ ਕਾਬੂ ਪਾ ਸਕੋਗੇ।

     ਬਾਈਬਲ ਦਾ ਅਸੂਲ: “ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ।”—ਕੁਲੁੱਸੀਆਂ 4:6.

  •    ਧਿਆਨ ਨਾਲ ਗੱਲ ਸੁਣੋ। ਆਪਣੇ ਦਿਲ ਦੀ ਗੱਲ ਦੱਸਣ ਤੋਂ ਬਾਅਦ ਆਪਣੇ ਸਾਥੀ ਨੂੰ ਗੱਲ ਕਰਨ ਦਾ ਮੌਕਾ ਦਿਓ ਅਤੇ ਬਿਨਾਂ ਟੋਕੇ ਧਿਆਨ ਨਾਲ ਉਸ ਦੀ ਗੱਲ ਸੁਣੋ। ਫਿਰ ਇਹ ਜਾਣਨ ਲਈ ਕਿ ਤੁਹਾਨੂੰ ਆਪਣੇ ਸਾਥੀ ਦੀ ਗੱਲ ਸਹੀ-ਸਹੀ ਸਮਝ ਲੱਗੀ ਹੈ ਕਿ ਨਹੀਂ, ਉਸ ਦੀ ਗੱਲ ਨੂੰ ਆਪਣੇ ਸ਼ਬਦਾਂ ਵਿਚ ਦੁਹਰਾਓ। ਸਿਰਫ਼ ਗੱਲ ਸੁਣਨ ਨਾਲ ਹੀ ਤੁਸੀਂ ਕਾਫ਼ੀ ਹੱਦ ਤਕ ਆਪਣੇ ਗੁੱਸੇ ʼਤੇ ਕਾਬੂ ਪਾਉਣ ਸਕਦੇ ਹੋ।

     ਬਾਈਬਲ ਦਾ ਅਸੂਲ: “ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ।”—ਯਾਕੂਬ 1:19.