Skip to content

Skip to table of contents

ਪੁਰਾਤੱਤਵੀ ਖੋਜ ਤੋਂ ਪਤਾ ਲੱਗਦਾ ਹੈ ਕਿ ਰਾਜਾ ਦਾਊਦ ਇਕ ਇਤਿਹਾਸਕ ਵਿਅਕਤੀ ਸੀ

ਪੁਰਾਤੱਤਵੀ ਖੋਜ ਤੋਂ ਪਤਾ ਲੱਗਦਾ ਹੈ ਕਿ ਰਾਜਾ ਦਾਊਦ ਇਕ ਇਤਿਹਾਸਕ ਵਿਅਕਤੀ ਸੀ

 ਬਾਈਬਲ ਅਨੁਸਾਰ ਰਾਜਾ ਦਾਊਦ 11ਵੀਂ ਸਦੀ ਈਸਵੀ ਪੂਰਵ ਵਿਚ ਇਜ਼ਰਾਈਲ ਵਿਚ ਰਹਿੰਦਾ ਸੀ ਅਤੇ ਉਸ ਦੇ ਵੰਸ਼ ਨੇ ਸੈਂਕੜੇ ਸਾਲ ਰਾਜ ਕੀਤਾ। ਪਰ ਕੁਝ ਆਲੋਚਕਾਂ ਨੇ ਬਹਿਸ ਕੀਤੀ ਕਿ ਦਾਊਦ ਇਕ ਮਿਥਿਹਾਸਕ ਵਿਅਕਤੀ ਸੀ ਜਿਸ ਬਾਰੇ ਲੋਕਾਂ ਨੇ ਕਹਾਣੀਆਂ ਘੜੀਆਂ। ਕੀ ਰਾਜਾ ਦਾਊਦ ਵਾਕਈ ਅਸਲੀ ਵਿਅਕਤੀ ਸੀ?

 1993 ਵਿਚ ਪੁਰਾਤੱਤਵ-ਵਿਗਿਆਨੀ ਅਵਰਾਆਮ ਬੀਰਾਨ ਅਤੇ ਉਸ ਦੀ ਟੀਮ ਨੂੰ ਉੱਤਰੀ ਇਜ਼ਰਾਈਲ ਵਿਚ ਪੈਂਦੇ ਟੇਲ ਡੈਨ ਨਾਂ ਦੇ ਸ਼ਹਿਰ ਵਿਚ ਇਕ ਪੱਥਰ ਦਾ ਟੁਕੜਾ ਲੱਭਿਆ ਜਿਸ ਉੱਤੇ “ਦਾਊਦ ਦਾ ਘਰਾਣਾ” ਸ਼ਬਦ ਉੱਕਰੇ ਹੋਏ ਹਨ। ਇਸ ਸ਼ਿਲਾ-ਲੇਖ ʼਤੇ ਨੌਵੀਂ ਸਦੀ ਈਸਵੀ ਪੂਰਵ ਦੀ ਸਾਮੀ ਲਿਪੀ ਲਿਖੀ ਹੋਈ ਹੈ। ਇਸ ਤੋਂ ਸਬੂਤ ਮਿਲਦਾ ਹੈ ਕਿ ਇਹ ਅਰਾਮੀਆਂ ਦੁਆਰਾ ਬਣਾਏ ਗਏ ਉਸ ਸਮਾਰਕ ਦਾ ਇਕ ਹਿੱਸਾ ਸੀ ਜੋ ਉਨ੍ਹਾਂ ਨੇ ਇਸ ਲਈ ਬਣਾਇਆ ਸੀ ਤਾਂਕਿ ਉਹ ਇਜ਼ਰਾਈਲੀਆਂ ʼਤੇ ਆਪਣੀਆਂ ਜਿੱਤਾਂ ਲਈ ਸ਼ੇਖ਼ੀਆਂ ਮਾਰ ਸਕਣ।

 ਬਾਈਬਲ ਹਿਸਟਰੀ ਡੇਲੀ ਦੇ ਇਕ ਲੇਖ ਵਿਚ ਲਿਖਿਆ ਹੈ: “ਸ਼ਿਲਾ-ਲੇਖ ʼਤੇ ਉੱਕਰੇ ਸ਼ਬਦ ‘ਦਾਊਦ ਦਾ ਘਰਾਣਾ’ ਸ਼ੱਕ ਦੇ ਦਾਇਰੇ ਵਿਚ ਸਨ . . . ਪਰ ਜ਼ਿਆਦਾਤਰ ਬਾਈਬਲ ਵਿਦਵਾਨਾਂ ਅਤੇ ਪੁਰਾਤੱਤਵ-ਵਿਗਿਆਨੀਆਂ ਨੇ ਝੱਟ ਮੰਨ ਲਿਆ ਕਿ ਟੇਲ ਡੈਨ ਵਿਚ ਮਿਲੇ ਪੱਥਰ ਤੋਂ ਪਹਿਲਾ ਪੱਕਾ ਸਬੂਤ ਮਿਲਿਆ ਕਿ ਬਾਈਬਲ ਵਿਚ ਦੱਸਿਆ ਰਾਜਾ ਦਾਊਦ ਇਕ ਇਤਿਹਾਸਕ ਵਿਅਕਤੀ ਸੀ। ਇਹ ਬਿਬਲੀਕਲ ਆਰਕਿਓਲੋਜੀ ਰਿਵਿਊ ਵਿਚ ਦੱਸੀਆਂ ਸਭ ਤੋਂ ਅਹਿਮ ਖੋਜਾਂ ਵਿਚ ਇਕ ਹੈ।”