Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਨੌਜਵਾਨਾਂ ਨੂੰ ਤਿਆਰ ਕਰੋ

ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਨੌਜਵਾਨਾਂ ਨੂੰ ਤਿਆਰ ਕਰੋ

“ਮੈਂ ਹਮੇਸ਼ਾ ਆਪਣੇ ਮੁੰਡਿਆਂ ਨਾਲ ਗੱਲ ਕਰਦਾ ਹੁੰਦਾ ਸੀ। ਉਹ ਹਮੇਸ਼ਾ ਮੇਰੀ ਸੁਣਦੇ ਸਨ ਤੇ ਹਰ ਗੱਲ ਮੰਨ ਲੈਂਦੇ ਸਨ। ਹੁਣ ਉਹ ਜਵਾਨ ਹੋ ਗਏ ਹਨ ਅਤੇ ਉਹ ਮੇਰੀ ਕੋਈ ਵੀ ਗੱਲ ਨਹੀਂ ਮੰਨਦੇ। ਪਹਿਲਾਂ ਅਸੀਂ ਸਾਰੇ ਇਕੱਠੇ ਬੈਠ ਕੇ ਬਾਈਬਲ ਪੜ੍ਹਦੇ ਹੁੰਦੇ ਸੀ, ਪਰ ਹੁਣ ਉਹ ਬਾਈਬਲ ਬਾਰੇ ਗੱਲ ਹੀ ਨਹੀਂ ਕਰਨੀ ਚਾਹੁੰਦੇ। ਮੇਰੇ ਪੁੱਤਾਂ ਦੇ ਜਵਾਨ ਹੋਣ ਤੋਂ ਪਹਿਲਾਂ ਮੈਂ ਕਦੀ ਨਹੀਂ ਸੀ ਸੋਚਿਆ ਕਿ ਸਾਡੇ ਪਰਿਵਾਰ ਵਿਚ ਇੱਦਾਂ ਹੋਵੇਗਾ ਜਿੱਦਾਂ ਦੂਜੇ ਪਰਿਵਾਰਾਂ ਵਿਚ ਹੁੰਦਾ ਹੈ।”—ਰੈਜੀ। *

ਕੀ ਤੁਹਾਡਾ ਬੱਚਾ ਜਵਾਨ ਹੋ ਰਿਹਾ ਹੈ? ਜੇ ਹਾਂ, ਤਾਂ ਤੁਸੀਂ ਆਪਣੇ ਬੱਚੇ ਵਿਚ ਵੱਡੀਆਂ ਤੇ ਨਵੀਆਂ ਤਬਦੀਲੀਆਂ ਦੇਖ ਰਹੇ ਹੋ। ਇਹ ਸਮਾਂ ਤੁਹਾਡੇ ਲਈ ਅਤੇ ਤੁਹਾਡੇ ਬੱਚੇ ਲਈ ਔਖਾ ਵੀ ਹੋ ਸਕਦਾ ਹੈ। ਕੀ ਤੁਸੀਂ ਹੇਠਾਂ ਦੱਸੀਆਂ ਗੱਲਾਂ ਨਾਲ ਸਹਿਮਤ ਹੋ?

  • ਜਦ ਤੁਹਾਡਾ ਮੁੰਡਾ ਛੋਟਾ ਹੁੰਦਾ ਸੀ, ਤਾਂ ਉਹ ਕਿਸ਼ਤੀ ਵਾਂਗ ਸੀ ਤੇ ਤੁਸੀਂ ਉਸ ਦਾ ਕਿਨਾਰਾ। ਪਰ ਜਵਾਨ ਹੋ ਕੇ ਉਹ ਕਿਨਾਰੇ ਤੋਂ ਦੂਰ ਜਾਣ ਦੀ ਕਾਹਲੀ ਕਰ ਰਿਹਾ ਹੈ।

  • ਛੋਟੀ ਹੁੰਦੀ ਹੋਈ ਤੁਹਾਡੀ ਬੇਟੀ ਤੁਹਾਡੇ ਨਾਲ ਦਿਲ ਖੋਲ੍ਹ ਕੇ ਗੱਲਾਂ ਕਰਦੀ ਹੁੰਦੀ ਸੀ, ਪਰ ਹੁਣ ਤੁਹਾਨੂੰ ਦੱਸਣ ਦੀ ਬਜਾਇ ਉਹ ਆਪਣੀਆਂ ਸਹੇਲੀਆਂ ਨੂੰ ਸਾਰਾ ਕੁਝ ਦੱਸਦੀ ਹੈ।

ਜੇ ਤੁਹਾਡੇ ਘਰ ਵਿਚ ਇਸ ਤਰ੍ਹਾਂ ਹੋ ਰਿਹਾ ਹੈ, ਤਾਂ ਇਹ ਨਾ ਸਮਝੋ ਕਿ ਤੁਹਾਡਾ ਬੱਚਾ ਵਿਗੜ ਰਿਹਾ ਹੈ ਅਤੇ ਉਹ ਸੁਧਰੇਗਾ ਨਹੀਂ। ਫਿਰ ਤੁਹਾਨੂੰ ਕੀ ਸਮਝਣਾ ਚਾਹੀਦਾ ਹੈ? ਇਸ ਸਵਾਲ ਦਾ ਜਵਾਬ ਦੇਣ ਲਈ ਆਓ ਆਪਾਂ ਦੇਖੀਏ ਕਿ ਜਵਾਨੀ ਵਿਚ ਪੈਰ ਰੱਖਣਾ ਤੁਹਾਡੇ ਬੱਚੇ ਦੀ ਤਰੱਕੀ ਵਿਚ ਕਿੰਨਾ ਜ਼ਰੂਰੀ ਹੈ।

ਜਵਾਨੀ ਵਿਚ ਪੈਰ ਰੱਖਣਾ ਤਰੱਕੀ ਦਾ ਸਬੂਤ

ਬੱਚੇ ਦੇ ਜਨਮ ਤੋਂ ਲੈ ਕੇ ਮਾਂ-ਬਾਪ ਇਹ ਦੇਖ ਕੇ ਖ਼ੁਸ਼ ਹੁੰਦੇ ਹਨ ਜਦ ਉਹ ਪਹਿਲੀ ਵਾਰ ਕੁਝ ਕਰਦਾ ਹੈ। ਮਿਸਾਲ ਲਈ, ਜਦ ਉਹ ਤੁਰਨ ਲੱਗਦਾ ਹੈ, ਬੋਲਣ ਲੱਗਦਾ ਹੈ ਅਤੇ ਸਕੂਲੇ ਜਾਣ ਲੱਗਦਾ ਹੈ। ਮਾਪੇ ਖ਼ੁਸ਼ ਕਿਉਂ ਹੁੰਦੇ ਹਨ? ਕਿਉਂਕਿ ਬੱਚਾ ਵੱਡਾ ਹੋ ਰਿਹਾ ਹੈ ਅਤੇ ਤਰੱਕੀ ਕਰ ਰਿਹਾ ਹੈ।

ਜਦ ਬੱਚਾ ਜਵਾਨੀ ਵਿਚ ਪੈਰ ਰੱਖਦਾ ਹੈ, ਤਾਂ ਇਹ ਵੀ ਉਸ ਦੀ ਤਰੱਕੀ ਦਾ ਸਬੂਤ ਹੈ। ਪਰ ਸ਼ਾਇਦ ਮਾਂ-ਬਾਪ ਨੂੰ ਇਹ ਸਮਾਂ ਬਹੁਤ ਔਖਾ ਲੱਗੇ ਕਿਉਂਕਿ ਆਗਿਆਕਾਰ ਬੱਚਾ ਮਨਮੌਜੀ ਨੌਜਵਾਨ ਬਣ ਜਾਂਦਾ ਹੈ। ਫਿਰ ਵੀ ਬੱਚੇ ਦੇ ਵਾਧੇ ਵਿਚ ਇਹ ਸਮਾਂ ਬਹੁਤ ਜ਼ਰੂਰੀ ਹੈ। ਕਿਉਂ?

ਬਾਈਬਲ ਕਹਿੰਦੀ ਹੈ ਕਿ ਉਹ ਦਿਨ ਆਵੇਗਾ ਜਦ “ਮਰਦ ਆਪਣੇ ਮਾਪੇ ਛੱਡਕੇ” ਆਪਣੇ ਪੈਰਾਂ ’ਤੇ ਖੜ੍ਹਾ ਹੋਵੇਗਾ। (ਉਤਪਤ 2:24) ਤੁਹਾਡਾ ਧੀ-ਪੁੱਤ ਵੱਡਾ ਹੋ ਕੇ ਆਪਣਾ ਘਰ ਵਸਾਵੇਗਾ। ਜੇ ਤੁਹਾਡੇ ਧੀ-ਪੁੱਤ ਨੇ ਉਸ ਦਿਨ ਲਈ ਤਿਆਰ ਹੋਣਾ ਹੈ, ਤਾਂ ਉਨ੍ਹਾਂ ਨੂੰ ਜਵਾਨੀ ਵਿਚ ਜ਼ਿੰਮੇਵਾਰੀਆਂ ਚੁੱਕਣੀਆਂ ਸਿੱਖਣੀਆਂ ਪੈਣਗੀਆਂ। ਫਿਰ ਤੁਹਾਡਾ ਬੱਚਾ ਵੀ ਪੌਲੁਸ ਰਸੂਲ ਵਾਂਗ ਕਹਿ ਸਕੇਗਾ: “ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਙੁ ਬੋਲਦਾ, ਨਿਆਣੇ ਵਾਂਙੁ ਸਮਝਦਾ ਅਤੇ ਨਿਆਣੇ ਵਾਂਙੁ ਜਾਚਦਾ ਸਾਂ। ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ।”—1 ਕੁਰਿੰਥੀਆਂ 13:11.

ਸੋ ਜਵਾਨੀ ਦੇ ਸਮੇਂ ਵਿਚ ਤੁਹਾਡਾ ਧੀ-ਪੁੱਤ ਬਚਪਨ ਦੀਆਂ ਗੱਲਾਂ ਛੱਡ ਰਿਹਾ ਹੈ ਅਤੇ ਜ਼ਿੰਮੇਵਾਰੀਆਂ ਚੁੱਕਣੀਆਂ ਸਿੱਖ ਰਿਹਾ ਹੈ ਤਾਂਕਿ ਇਕ ਦਿਨ ਉਹ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ। ਇਕ ਕਿਤਾਬ ਨੇ ਕਿਹਾ ਕਿ ਜਵਾਨੀ ਦਾ ਸਮਾਂ ਮਾਪਿਆਂ ਤੋਂ ‘ਜੁਦਾਈ ਲਈ ਤਿਆਰ ਹੋਣ ਦਾ ਸਮਾਂ’ ਹੈ।

ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡਾ ਬੱਚਾ ਆਪਣੇ ਪੈਰਾਂ ’ਤੇ ਨਹੀਂ ਖੜ੍ਹਾ ਹੋ ਸਕਦਾ। ਤੁਸੀਂ ਸ਼ਾਇਦ ਕਹੋ:

  • “ਮੇਰਾ ਮੁੰਡਾ ਤਾਂ ਆਪਣਾ ਕਮਰਾ ਵੀ ਨਹੀਂ ਸਾਫ਼ ਰੱਖ ਸਕਦਾ, ਉਹ ਘਰ ਦੀ ਦੇਖ-ਭਾਲ ਕਿੱਦਾਂ ਕਰੇਗਾ?”

  • “ਜੇ ਮੇਰੀ ਧੀ ਮੇਰੇ ਕਹਿਣੇ ਤੇ ਸਮੇਂ-ਸਿਰ ਘਰ ਵਾਪਸ ਨਹੀਂ ਆਉਂਦੀ, ਤਾਂ ਉਹ ਨੌਕਰੀ ਤੇ ਸਮੇਂ-ਸਿਰ ਕਿੱਦਾਂ ਪਹੁੰਚੇਗੀ?”

ਜੇ ਤੁਸੀਂ ਇਸ ਤਰ੍ਹਾਂ ਸੋਚਦੇ ਹੋ, ਤਾਂ ਯਾਦ ਰੱਖੋ ਕਿ ਬੱਚਾ ਇਕਦਮ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਨਹੀਂ ਸਿੱਖਦਾ, ਪਰ ਇਹ ਇਕ ਲੰਬੇ ਸਫ਼ਰ ਦੀ ਤਰ੍ਹਾਂ ਹੈ ਜਿਸ ਨੂੰ ਪੂਰਾ ਕਰਨ ਲਈ ਕਈ ਸਾਲ ਲੱਗ ਜਾਂਦੇ ਹਨ। ਪਰ ਇਸ ਵਕਤ ਤੁਹਾਨੂੰ ਪਤਾ ਹੈ ਕਿ “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ” ਹੈ।—ਕਹਾਉਤਾਂ 22:15.

ਤੁਹਾਡੀ ਮਦਦ ਨਾਲ ਤੁਹਾਡਾ ਬੱਚਾ ਕਾਮਯਾਬੀ ਨਾਲ ਇਹ ਸਫ਼ਰ ਪੂਰਾ ਕਰ ਸਕੇਗਾ ਅਤੇ ਉਹ “ਭਲੇ ਬੁਰੇ ਦੀ ਜਾਚ” ਕਰਨੀ ਸਿੱਖ ਲਵੇਗਾ।—ਇਬਰਾਨੀਆਂ 5:14.

ਸਫ਼ਲਤਾ ਦਾ ਰਾਹ

ਜੇ ਤੁਹਾਡੇ ਬੱਚੇ ਨੇ ਆਪਣੇ ਆਪ ਨੂੰ ਜ਼ਿੰਮੇਵਾਰ ਸਾਬਤ ਕੀਤਾ ਹੈ, ਤਾਂ ਕੀ ਤੁਸੀਂ ਉਸ ਨੂੰ ਹੋਰ ਖੁੱਲ੍ਹ ਦੇ ਸਕਦੇ ਹੋ?

ਆਪਣੇ ਬੱਚੇ ਨੂੰ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਕਰਨ ਵਾਸਤੇ ਉਸ ਦੀ ਮਦਦ ਕਰੋ ਤਾਂਕਿ ਉਹ ਸੋਚ-ਸਮਝ ਕੇ ਆਪ ਸਹੀ ਫ਼ੈਸਲੇ ਕਰਨੇ ਸਿੱਖੇ। ਹੇਠਾਂ ਦਿੱਤੇ ਬਾਈਬਲ ਦੇ ਅਸੂਲ ਤੁਹਾਡੀ ਮਦਦ ਕਰਨਗੇ।

ਯਾਕੂਬ 1:19: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।” ਫ਼ਰਜ਼ ਕਰੋ ਕਿ ਤੁਹਾਡਾ ਧੀ-ਪੁੱਤ ਇਕ ਖ਼ਾਸ ਮੌਕੇ ਤੇ ਬਾਹਰ ਲੇਟ ਰਹਿਣ ਦੀ ਇਜਾਜ਼ਤ ਮੰਗਦਾ ਹੈ। ਤੁਸੀਂ ਇਕਦਮ ਨਾਂਹ ਕਹਿ ਦਿੰਦੇ ਹੋ। ਉਹ ਖਿਝ ਕੇ ਕਹਿੰਦਾ ਹੈ: “ਤੁਸੀਂ ਮੈਨੂੰ ਨਿਆਣਾ ਸਮਝ ਰੱਖਿਆ ਹੈ!” ਇਹ ਕਹਿਣ ਤੋਂ ਪਹਿਲਾਂ ਕਿ “ਤੂੰ ਨਿਆਣਿਆਂ ਵਰਗੀ ਹਰਕਤ ਹੀ ਕਰ ਰਿਹਾ ਹੈਂ,” ਇਸ ਬਾਰੇ ਸੋਚੋ: ਇਹ ਸੱਚ ਹੈ ਕਿ ਕਈ ਬੱਚੇ ਜ਼ਿਆਦਾ ਖੁੱਲ੍ਹ ਮੰਗਦੇ ਹਨ, ਪਰ ਇਹ ਵੀ ਸੱਚ ਹੈ ਕਿ ਮਾਪੇ ਸ਼ਾਇਦ ਉੱਨੀ ਖੁੱਲ੍ਹ ਨਹੀਂ ਦਿੰਦੇ ਜਿੰਨੀ ਉਹ ਦੇ ਸਕਦੇ ਹਨ। ਕੀ ਤੁਸੀਂ ਕਦੀ-ਕਦੀ ਆਪਣੇ ਬੱਚੇ ਦੀ ਗੱਲ ਮੰਨ ਸਕਦੇ ਹੋ? ਘੱਟੋ-ਘੱਟ ਕਿਉਂ ਨਾ ਆਪਣੇ ਬੱਚੇ ਦੀ ਗੱਲ ਸੁਣ ਤਾਂ ਲਾਓ?

ਸੁਝਾਅ: ਤੁਸੀਂ ਆਪਣੇ ਬੱਚੇ ਨੂੰ ਥੋੜ੍ਹੀ-ਬਹੁਤੀ ਹੋਰ ਖੁੱਲ੍ਹ ਕਿਵੇਂ ਦੇ ਸਕਦੇ ਹੋ? ਇਕ-ਦੋ ਗੱਲਾਂ ਲਿਖੋ। ਬੱਚੇ ਨੂੰ ਸਮਝਾਓ ਕਿ ਤੁਸੀਂ ਥੋੜ੍ਹੀ ਦੇਰ ਲਈ ਹੀ ਇਹ ਖੁੱਲ੍ਹ ਦੇ ਰਹੇ ਹੋ। ਜੇ ਉਹ ਇਸ ਖੁੱਲ੍ਹ ਦਾ ਗ਼ਲਤ ਇਸਤੇਮਾਲ ਨਾ ਕਰੇ, ਤਾਂ ਉਸ ਨੂੰ ਹੋਰ ਵੀ ਖੁੱਲ੍ਹ ਦਿੱਤੀ ਜਾ ਸਕਦੀ ਹੈ। ਪਰ ਜੇ ਉਹ ਇਸ ਦਾ ਗ਼ਲਤ ਇਸਤੇਮਾਲ ਕਰੇ, ਤਾਂ ਇਹ ਖੁੱਲ੍ਹ ਉਸ ਤੋਂ ਵਾਪਸ ਲਈ ਜਾਵੇਗੀ।—ਮੱਤੀ 25:21.

ਕੁਲੁੱਸੀਆਂ 3:21: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।” ਕਈ ਮਾਪੇ ਆਪਣੇ ਬੱਚੇ ਨੂੰ ਆਪਣੀ ਮੁੱਠੀ ਵਿਚ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਉਹ ਉਸ ਦੇ ਹਰ ਕਦਮ ’ਤੇ ਨਿਗਾਹ ਰੱਖਦੇ ਹਨ। ਉਹ ਉਸ ਲਈ ਦੋਸਤ ਚੁਣਦੇ ਹਨ ਅਤੇ ਫ਼ੋਨ ’ਤੇ ਉਸ ਦੀਆਂ ਗੱਲਾਂ ਚੋਰੀ-ਚੋਰੀ ਸੁਣਦੇ ਹਨ। ਪਰ ਇਸ ਦਾ ਉਲਟਾ ਅਸਰ ਪੈ ਸਕਦਾ ਹੈ। ਜੇ ਤੁਸੀਂ ਉਸ ਨੂੰ ਬੰਨ੍ਹ ਕੇ ਰੱਖੋਗੇ, ਤਾਂ ਉਹ ਛੁੱਟਣਾ ਚਾਹੇਗਾ; ਜੇ ਤੁਸੀਂ ਉਸ ਦੇ ਦੋਸਤਾਂ ਵਿਚ ਹਮੇਸ਼ਾ ਨੁਕਸ ਹੀ ਕੱਢਦੇ ਰਹੋਗੇ, ਤਾਂ ਉਹ ਉਸ ਨੂੰ ਹੋਰ ਚੰਗੇ ਲੱਗਣਗੇ; ਜੇ ਤੁਸੀਂ ਚੋਰੀ-ਚੋਰੀ ਉਸ ਦੀਆਂ ਗੱਲਾਂ ਸੁਣੋਗੇ, ਤਾਂ ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਨ ਦੇ ਹੋਰ ਤਰੀਕੇ ਲੱਭੇਗਾ। ਤੁਸੀਂ ਜਿੰਨਾ ਉਸ ਨੂੰ ਆਪਣੇ ਕੰਟ੍ਰੋਲ ਵਿਚ ਰੱਖਣ ਦੀ ਕੋਸ਼ਿਸ਼ ਕਰੋਗੇ, ਉਹ ਉੱਨਾ ਹੀ ਤੁਹਾਡੇ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰੇਗਾ। ਜੇ ਘਰ ਹੁੰਦੇ ਹੋਏ ਤੁਸੀਂ ਆਪਣੇ ਬੱਚੇ ਨੂੰ ਫ਼ੈਸਲੇ ਨਹੀਂ ਕਰਨ ਦਿਓਗੇ, ਤਾਂ ਉਹ ਵੱਡਾ ਹੋ ਕੇ ਫ਼ੈਸਲੇ ਕਰਨੇ ਕਿਵੇਂ ਸਿੱਖੇਗਾ?

ਸੁਝਾਅ: ਅਗਲੀ ਵਾਰ ਜਦ ਤੁਸੀਂ ਆਪਣੇ ਧੀ-ਪੁੱਤ ਨਾਲ ਕਿਸੇ ਮਾਮਲੇ ਬਾਰੇ ਗੱਲ ਕਰੋਗੇ, ਤਾਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਸ ਦੇ ਫ਼ੈਸਲਿਆਂ ਦਾ ਉਸ ਉੱਤੇ ਕੀ ਅਸਰ ਪੈ ਸਕਦਾ ਹੈ। ਮਿਸਾਲ ਲਈ, ਉਸ ਦੇ ਦੋਸਤਾਂ ਵਿਚ ਨੁਕਸ ਕੱਢਣ ਦੀ ਬਜਾਇ, ਪੁੱਛੋ: “ਫ਼ਰਜ਼ ਕਰ ਕਿ [ਦੋਸਤ ਦਾ ਨਾਂ] ਨੂੰ ਕਾਨੂੰਨ ਤੋੜਣ ਲਈ ਗਿਰਫ਼ਤਾਰ ਕੀਤਾ ਜਾਵੇ। ਲੋਕ ਤੇਰੇ ਬਾਰੇ ਕੀ ਸੋਚਣਗੇ?” ਆਪਣੇ ਬੱਚੇ ਨੂੰ ਸਿਖਾਓ ਕਿ ਉਸ ਦੇ ਫ਼ੈਸਲਿਆਂ ਕਰਕੇ ਉਸ ਦਾ ਜਾਂ ਤਾਂ ਨੇਕਨਾਮ ਹੋ ਸਕਦਾ ਹੈ ਜਾਂ ਉਹ ਬਦਨਾਮ ਹੋ ਸਕਦਾ ਹੈ।—ਕਹਾਉਤਾਂ 11:17, 22; 20:11.

ਅਫ਼ਸੀਆਂ 6:4: “ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” ਇਸ ਦਾ ਮਤਲਬ ਸਿਰਫ਼ ਇਹ ਨਹੀਂ ਕਿ ਤੁਸੀਂ ਬੱਚੇ ਨੂੰ ਦੱਸੋ ਕਿ ਕੀ ਸਹੀ ਹੈ ਤੇ ਕੀ ਗ਼ਲਤ। ਇਸ ਤੋਂ ਇਲਾਵਾ ਤੁਹਾਨੂੰ ਉਸ ਦੇ ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਸਮਝਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸਹੀ ਕੰਮ ਕਿਉਂ ਕਰਨੇ ਚਾਹੀਦੇ ਹਨ। ਇਹ ਖ਼ਾਸ ਕਰਕੇ ਉਦੋਂ ਜ਼ਰੂਰੀ ਹੁੰਦਾ ਹੈ ਜਦ ਤੁਹਾਡਾ ਧੀ-ਪੁੱਤ ਜਵਾਨੀ ਵਿਚ ਪੈਰ ਰੱਖਦਾ ਹੈ। ਆਂਡ੍ਰੈ ਨਾਂ ਦਾ ਇਕ ਪਿਤਾ ਕਹਿੰਦਾ ਹੈ, “ਜਿੱਦਾਂ-ਜਿੱਦਾਂ ਤੁਹਾਡੇ ਬੱਚੇ ਵੱਡੇ ਹੁੰਦੇ ਜਾਂਦੇ ਹਨ ਉੱਦਾਂ-ਉੱਦਾਂ ਤੁਹਾਨੂੰ ਸਿੱਖਿਆ ਦੇਣ ਦਾ ਢੰਗ ਵੀ ਬਦਲਣਾ ਪੈਂਦਾ ਹੈ।”—2 ਤਿਮੋਥਿਉਸ 3:14.

ਸੁਝਾਅ: ਜਦ ਕੋਈ ਮਾਮਲਾ ਖੜ੍ਹਾ ਹੁੰਦਾ ਹੈ ਕਿਉਂ ਨਾ ਆਪਣੇ ਬੱਚੇ ਨੂੰ ਪੁੱਛੋ ਕਿ ਜੇ ਉਹ ਤੁਹਾਡੀ ਥਾਂ ਹੋਵੇ, ਤਾਂ ਉਹ ਤੁਹਾਨੂੰ ਕੀ ਸਲਾਹ ਦੇਵੇਗਾ? ਉਸ ਨੂੰ ਇਹ ਦੇਖਣ ਲਈ ਰਿਸਰਚ ਕਰਨ ਲਈ ਕਹੋ ਕਿ ਕੋਈ ਕੰਮ ਸਹੀ ਜਾਂ ਗ਼ਲਤ ਕਿਉਂ ਹੈ। ਫਿਰ ਕੁਝ ਦਿਨਾਂ ਬਾਅਦ ਇਸ ਬਾਰੇ ਦੁਬਾਰਾ ਗੱਲ ਕਰੋ।

ਗਲਾਤੀਆਂ 6:7: “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” ਜਦ ਬੱਚਾ ਛੋਟਾ ਹੁੰਦਾ ਹੈ, ਤਾਂ ਉਸ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਦਿਲਾਇਆ ਜਾ ਸਕਦਾ ਹੈ। ਮਿਸਾਲ ਲਈ, ਤੁਸੀਂ ਉਸ ਨੂੰ ਕਹਿ ਸਕਦੇ ਹੋ ਕਿ ਉਹ ਬਾਹਰ ਨਹੀਂ ਖੇਡ ਸਕਦਾ ਜਾਂ ਟੀ.ਵੀ. ਨਹੀਂ ਦੇਖ ਸਕਦਾ। ਪਰ ਜਦ ਬੱਚਾ ਜਵਾਨ ਹੋ ਜਾਂਦਾ ਹੈ, ਤਾਂ ਤੁਹਾਨੂੰ ਉਸ ਦੀਆਂ ਗ਼ਲਤੀਆਂ ਦੇ ਨਤੀਜਿਆਂ ਦਾ ਅਹਿਸਾਸ ਦਿਲਾਉਣਾ ਚਾਹੀਦਾ ਹੈ।—ਕਹਾਉਤਾਂ 6:27.

ਸੁਝਾਅ: ਜੇ ਤੁਹਾਡਾ ਧੀ-ਪੁੱਤ ਕਰਜ਼ੇ ਹੇਠ ਆ ਜਾਵੇ, ਤਾਂ ਉਸ ਦੇ ਕਰਜ਼ੇ ਲਈ ਪੈਸੇ ਨਾ ਦਿਓ। ਜੇ ਉਸ ਨੂੰ ਸਕੂਲੇ ਚੰਗੇ ਨੰਬਰ ਨਾ ਮਿਲਣ, ਤਾਂ ਟੀਚਰ ਕੋਲ ਜਾ ਕੇ ਉਸ ਲਈ ਬਹਾਨੇ ਨਾ ਬਣਾਓ। ਉਸ ਨੂੰ ਆਪਣੀ ਕਰਨੀ ਦਾ ਨਤੀਜਾ ਭੁਗਤਣ ਦਿਓ, ਤਾਂ ਉਹ ਇਹ ਸਬਕ ਕਦੇ ਨਹੀਂ ਭੁੱਲੇਗਾ।

ਮਾਪੇ ਹੋਣ ਦੇ ਨਾਤੇ ਤੁਸੀਂ ਸ਼ਾਇਦ ਸੋਚੋ ਕਿ ਜਿਵੇਂ ਇਕ ਹਵਾਈ ਜਹਾਜ਼ ਤੇਜ਼ੀ ਅਤੇ ਬਿਨਾਂ ਕੋਈ ਮੁਸ਼ਕਲ ਹਵਾਈ ਅੱਡੇ ਦੀ ਪਟੜੀ ਤੋਂ ਉੱਡ ਜਾਂਦਾ ਹੈ, ਤੁਹਾਡਾ ਬੱਚਾ ਵੀ ਬਿਨਾਂ ਮੁਸ਼ਕਲ ਵੱਡਾ ਹੋ ਜਾਵੇ। ਪਰ ਅਸਲ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਫਿਰ ਵੀ ਇਸ ਸਮੇਂ ਦੌਰਾਨ ਮਾਪਿਆਂ ਨੂੰ ‘ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾਉਣ’ ਦਾ ਵਧੀਆ ਮੌਕਾ ਮਿਲਦਾ ਹੈ। (ਕਹਾਉਤਾਂ 22:6) ਬਾਈਬਲ ਦੇ ਅਸੂਲ ਅਪਣਾਉਣ ਨਾਲ ਤੁਹਾਡੇ ਪਰਿਵਾਰ ਵਿਚ ਵੀ ਖ਼ੁਸ਼ੀਆਂ ਆ ਸਕਦੀਆਂ ਹਨ। (w09 5/1)

^ ਪੈਰਾ 3 ਅਸਲੀ ਨਾਂ ਨਹੀਂ।

ਆਪਣੇ ਆਪ ਨੂੰ ਪੁੱਛੋ . . .

ਕੀ ਤੁਹਾਡਾ ਧੀ-ਪੁੱਤ ਵੱਡਾ ਹੋ ਕੇ ਆਪਣੇ ਆਪ ਇਸ ਤਰ੍ਹਾਂ ਕਰ ਸਕੇਗਾ:

  • ਰੱਬ ਦੀ ਭਗਤੀ

  • ਚੰਗੇ ਫ਼ੈਸਲੇ

  • ਦੂਜਿਆਂ ਨਾਲ ਚੰਗੀ ਤਰ੍ਹਾਂ ਗੱਲਬਾਤ

  • ਸਿਹਤ ਦੀ ਦੇਖ-ਭਾਲ

  • ਸੋਚ-ਸਮਝ ਕੇ ਪੈਸਿਆਂ ਦਾ ਖ਼ਰਚਾ

  • ਘਰ ਦੀ ਸਫ਼ਾਈ ਅਤੇ ਦੇਖ-ਭਾਲ

  • ਬਿਨਾਂ ਕਿਸੇ ਦੇ ਕਹੇ ਕੋਈ ਕੰਮ