Skip to content

Skip to table of contents

ਪਰਿਵਾਰ ਦੀ ਮਦਦ ਲਈ | ਮਾਪੇ

“ਨਾਂਹ” ਕਹਿਣੀ ਸਿੱਖੋ

“ਨਾਂਹ” ਕਹਿਣੀ ਸਿੱਖੋ

ਚੁਣੌਤੀ

ਤੁਹਾਡਾ ਬੱਚਾ * ਤੁਹਾਡੇ ਨਾਂਹ ਕਹਿਣ ਦੇ ਬਾਵਜੂਦ ਤੁਹਾਡੇ ਤੋਂ ਕੋਈ ਚੀਜ਼ ਵਾਰ-ਵਾਰ ਮੰਗਦਾ ਰਹਿੰਦਾ ਹੈ। ਜਦੋਂ ਵੀ ਤੁਸੀਂ ਉਸ ਨੂੰ ਨਾਂਹ ਕਹਿੰਦੇ ਹੋ, ਤਾਂ ਉਹ ਸ਼ਾਇਦ ਚੀਕ-ਚਿਹਾੜਾ ਪਾ ਕੇ ਤੁਹਾਨੂੰ ਤੰਗ ਕਰੇ। ਆਖ਼ਰਕਾਰ ਉਸ ਦੀ ਜ਼ਿੱਦ ਸਾਮ੍ਹਣੇ ਝੁਕ ਕੇ ਤੁਸੀਂ “ਨਾਂਹ” ਕਹਿਣ ਦੀ ਜਗ੍ਹਾ “ਹਾਂ” ਕਹਿ ਦਿੰਦੇ ਹੋ।

ਪਰ ਤੁਸੀਂ ਬੱਚੇ ਦੇ ਢੀਠਪੁਣੇ ਸਾਮ੍ਹਣੇ ਹਾਰ ਨਾ ਮੰਨੋ। ਆਓ ਪਹਿਲਾਂ ਆਪਾਂ ਕੁਝ ਗੱਲਾਂ ਉੱਤੇ ਧਿਆਨ ਦੇਈਏ ਕਿ ਨਾਂਹ ਕਹਿਣ ਵਿਚ ਕੀ-ਕੀ ਸ਼ਾਮਲ ਹੈ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਨਾਂਹ ਕਹਿਣ ਵਿਚ ਕੋਈ ਬੁਰਾਈ ਨਹੀਂ। ਕੁਝ ਮਾਪੇ ਇਸ ਗੱਲ ਨਾਲ ਸਹਿਮਤ ਨਹੀਂ। ਉਹ ਕਹਿੰਦੇ ਹਨ ਕਿ ਚੰਗਾ ਹੋਵੇਗਾ ਜੇ ਤੁਸੀਂ ਬੱਚੇ ਨਾਲ ਗੱਲਬਾਤ ਕਰੋ ਅਤੇ ਉਸ ਨੂੰ ਆਪਣੇ ਫ਼ੈਸਲੇ ਦਾ ਕਾਰਨ ਸਮਝਾਓ, ਜੇ ਹੋ ਸਕੇ ਤਾਂ ਬੱਚੇ ਦੀ ਰਾਇ ਵੀ ਲੈ ਲਓ। ਨਾਲੇ ਮਾਪੇ ਕਹਿੰਦੇ ਹਨ ਕਿ ਕਦੇ ਨਾਂਹ ਨਾ ਕਹੋ ਕਿਉਂਕਿ ਉਹ ਡਰਦੇ ਹਨ ਕਿ ਬੱਚਾ ਕਿਤੇ ਉਨ੍ਹਾਂ ਨਾਲ ਨਾਰਾਜ਼ ਨਾ ਹੋ ਜਾਵੇ।

ਇਹ ਸੱਚ ਹੈ ਕਿ “ਨਾਂਹ” ਸੁਣ ਕੇ ਤੁਹਾਡਾ ਬੱਚਾ ਸ਼ਾਇਦ ਪਹਿਲਾਂ-ਪਹਿਲਾਂ ਨਾਰਾਜ਼ ਹੋ ਜਾਵੇ। ਇੱਦਾਂ ਤੁਹਾਡੇ ਬੱਚੇ ਨੂੰ ਸਿੱਖਣ ਨੂੰ ਮਿਲੇਗਾ ਕਿ ਦੁਨੀਆਂ ਵਿਚ ਹਰ ਇਨਸਾਨ ਨੂੰ ਕਾਨੂੰਨ ਮੰਨਣੇ ਹੀ ਪੈਂਦੇ ਹਨ। ਪਰ ਜੇ ਤੁਸੀਂ ਬੱਚੇ ਦੀ ਹਰ ਗੱਲ ਮੰਨ ਲੈਂਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਾਬਤ ਕਰਦੇ ਹੋ। ਨਾਲੇ ਤੁਸੀਂ ਉਸ ਨੂੰ ਇਹ ਸਿਖਾਉਂਦੇ ਹੋ ਕਿ ਉਹ ਰੋ-ਧੋ ਕੇ ਆਪਣੀ ਕੋਈ ਵੀ ਜ਼ਿੱਦ ਪੁਗਾ ਸਕਦਾ ਹੈ। ਜੇ ਤੁਹਾਡਾ ਬੱਚਾ ਤੁਹਾਨੂੰ ਆਪਣੀਆਂ ਉਂਗਲਾਂ ’ਤੇ ਨਚਾਉਂਦਾ ਹੈ, ਤਾਂ ਕੀ ਉਹ ਵਾਕਈ ਤੁਹਾਡੀ ਇੱਜ਼ਤ ਕਰੇਗਾ? ਜੇ ਤੁਸੀਂ ਹਾਂ-ਹਾਂ ਕਹਿੰਦੇ ਰਹਿੰਦੇ ਹੋ, ਤਾਂ ਸਮੇਂ ਦੇ ਬੀਤਣ ਨਾਲ ਸ਼ਾਇਦ ਉਸ ਦੇ ਦਿਲ ਵਿਚ ਤੁਹਾਡੇ ਲਈ ਕੋਈ ਪਿਆਰ ਨਾ ਰਹੇ।

ਤੁਸੀਂ ਬੱਚੇ ਨੂੰ ਆਉਣ ਵਾਲੇ ਕੱਲ੍ਹ ਲਈ ਤਿਆਰ ਕਰ ਰਹੇ ਹੋ। ਨਾਂਹ ਕਹਿਣ ਨਾਲ ਤੁਸੀਂ ਉਸ ਨੂੰ ਸਿਖਾਉਂਦੇ ਹੋ ਕਿ ਜ਼ਿੰਦਗੀ ਵਿਚ ਹਰ ਖ਼ਾਹਸ਼ ਸਹੀ ਨਹੀਂ ਹੁੰਦੀ। ਜੇ ਬੱਚਾ ਛੋਟੇ ਹੁੰਦਿਆਂ ਤੋਂ ਹੀ ਇਹ ਸਬਕ ਸਿੱਖ ਲੈਂਦਾ ਹੈ, ਤਾਂ ਅੱਲ੍ਹੜ ਉਮਰ ਵਿਚ ਜਦੋਂ ਉਸ ਉੱਤੇ ਨਸ਼ੇ ਲੈਣ ਜਾਂ ਵਿਆਹ ਤੋਂ ਪਹਿਲਾਂ ਸੈਕਸ ਕਰਨ ਦਾ ਦਬਾਅ ਆਵੇਗਾ, ਤਾਂ ਉਹ ਇਨ੍ਹਾਂ ਦੇ ਸਾਮ੍ਹਣੇ ਝੁਕੇਗਾ ਨਹੀਂ।

ਬੱਚੇ ਦੀ ਹਰ ਜ਼ਿੱਦ ਨਾ ਪੂਰੀ ਕਰ ਕੇ ਤੁਸੀਂ ਉਸ ਨੂੰ ਜ਼ਿੰਮੇਵਾਰ ਇਨਸਾਨ ਬਣਨ ਲਈ ਤਿਆਰ ਕਰਦੇ ਹੋ। ਡਾਕਟਰ ਡੇਵਿਡ ਵਲਸ਼ ਲਿਖਦਾ ਹੈ: “ਸੱਚਾਈ ਤਾਂ ਇਹ ਹੈ ਕਿ ਜੋ ਅਸੀਂ [ਵੱਡੀ ਉਮਰ ਵਿਚ] ਚਾਹੁੰਦੇ ਹਾਂ, ਉਹ ਹਰ ਚੀਜ਼ ਸਾਨੂੰ ਨਹੀਂ ਮਿਲਦੀ। ਜੇ ਅਸੀਂ ਆਪਣੇ ਬੱਚਿਆਂ ਦੀ ਹਰ ਫ਼ਰਮਾਇਸ਼ ਪੂਰੀ ਕਰ ਕੇ ਉਨ੍ਹਾਂ ਨੂੰ ਇਹ ਸਿਖਾਉਂਦੇ ਹਾਂ ਕਿ ਦੁਨੀਆਂ ਵਿਚ ਹਰ ਚੀਜ਼ ਉਨ੍ਹਾਂ ਨੂੰ ਆਸਾਨੀ ਨਾਲ ਮਿਲ ਜਾਵੇਗੀ, ਤਾਂ ਕੀ ਅਸੀਂ ਉਨ੍ਹਾਂ ਦਾ ਭਲਾ ਕਰ ਰਹੇ ਹੋਵਾਂਗੇ?” *

ਤੁਸੀਂ ਕੀ ਕਰ ਸਕਦੇ ਹੋ?

ਤੁਸੀਂ ਆਪਣੇ ਬੱਚੇ ਲਈ ਕੀ ਚਾਹੁੰਦੇ ਹੋ? ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਵੱਡਾ ਹੋ ਕੇ ਸਮਝਦਾਰ ਬਣੇ ਅਤੇ ਆਪਣੇ ਜਜ਼ਬਾਤਾਂ ਨੂੰ ਕਾਬੂ ਵਿਚ ਰੱਖੇ। ਪਰ ਜੇ ਤੁਸੀਂ ਉਸ ਦੀ ਹਰ ਮੰਗ ਪੂਰੀ ਕਰਦੇ ਹੋ, ਤਾਂ ਤੁਸੀਂ ਉਸ ਦੀ ਕਾਮਯਾਬ ਇਨਸਾਨ ਬਣਨ ਵਿਚ ਕੋਈ ਮਦਦ ਨਹੀਂ ਕਰ ਸਕੋਗੇ। ਬਾਈਬਲ ਦੱਸਦੀ ਹੈ ਕਿ ‘ਜਿਹੜਾ ਆਪਣੇ ਟਹਿਲੀਏ ਨੂੰ ਬਚਪਣੇ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਓੜਕ ਨੂੰ ਨਾਸ਼ੁਕਰਾ ਬਣ ਬੈਠੇਗਾ।’ (ਕਹਾਉਤਾਂ 29:21, ਫੁਟਨੋਟ) ਵਧੀਆ ਅਨੁਸ਼ਾਸਨ ਦੇਣ ਵਿਚ ਨਾਂਹ ਕਹਿਣਾ ਵੀ ਸ਼ਾਮਲ ਹੈ। ਇਸ ਨਾਲ ਤੁਹਾਡੇ ਬੱਚੇ ਦਾ ਫ਼ਾਇਦਾ ਹੋਵੇਗਾ ਨਾ ਕਿ ਨੁਕਸਾਨ।​—ਬਾਈਬਲ ਦਾ ਅਸੂਲ: ਕਹਾਉਤਾਂ 19:18.

ਤੁਹਾਡੀ ਨਾਂਹ ਦਾ ਮਤਲਬ ਨਾਂਹ ਹੋਣਾ ਚਾਹੀਦਾ। ਤੁਹਾਡਾ ਬੱਚਾ ਤੁਹਾਡੇ ਤੋਂ ਵੱਡਾ ਨਹੀਂ। ਇਸ ਲਈ ਤੁਹਾਨੂੰ ਬੱਚੇ ਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਕਿ ਤੁਸੀਂ ਉਸ ਨੂੰ ਨਾਂਹ ਕਿਉਂ ਕਹੀ ਹੈ। ਨਾਲੇ ਉਸ ਨਾਲ ਬਹਿਸ ਨਾ ਕਰੋ ਕਿਉਂਕਿ ਤੁਹਾਨੂੰ ਉਸ ਦੀ ਰਜ਼ਾਮੰਦੀ ਦੀ ਲੋੜ ਨਹੀਂ। ਪਰ ਇਹ ਵੀ ਯਾਦ ਰੱਖੋ ਕਿ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਜਾਂਦੇ ਹਨ, ਤਿਉਂ-ਤਿਉਂ ਉਨ੍ਹਾਂ ਨੂੰ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ” ਬਣਨਾ ਚਾਹੀਦਾ ਹੈ। (ਇਬਰਾਨੀਆਂ 5:14) ਸੋ ਬੱਚੇ ਨਾਲ ਬੈਠ ਕੇ ਗੱਲ ਕਰਨ ਜਾਂ ਉਸ ਨੂੰ ਸਮਝਾਉਣ ਵਿਚ ਕੋਈ ਬੁਰਾਈ ਨਹੀਂ। ਪਰ ਤੁਸੀਂ ਉਸ ਨੂੰ ਨਾਂਹ ਕਿਉਂ ਕਹੀ ਹੈ, ਇਸ ਬਾਰੇ ਫ਼ਜ਼ੂਲ ਵਿਚ ਬਹਿਸ ਨਾ ਕਰੋ। ਜਿੰਨਾ ਜ਼ਿਆਦਾ ਤੁਸੀਂ ਆਪਣੇ ਬੱਚੇ ਨਾਲ ਬਹਿਸ ਕਰੋਗੇ, ਉੱਨਾ ਜ਼ਿਆਦਾ ਉਹ ਤੁਹਾਨੂੰ ਆਪਣੀਆਂ ਗੱਲਾਂ ਵਿਚ ਉਲਝਾਵੇਗਾ ਅਤੇ ਫਿਰ ਸ਼ਾਇਦ ਤੁਸੀਂ ਆਪਣਾ ਇਰਾਦਾ ਬਦਲ ਦਿਓ।​—ਬਾਈਬਲ ਦਾ ਅਸੂਲ: ਅਫ਼ਸੀਆਂ 6:1.

ਆਪਣੇ ਫ਼ੈਸਲੇ ’ਤੇ ਡਟੇ ਰਹੋ। ਤੁਹਾਡਾ ਬੱਚਾ ਸ਼ਾਇਦ ਰਊਂ-ਰਊਂ ਕਰੇ ਤਾਂਕਿ ਤੁਸੀਂ ਆਪਣਾ ਫ਼ੈਸਲਾ ਬਦਲ ਦਿਓ। ਜੇ ਘਰ ਹੁੰਦਿਆਂ ਇੱਦਾਂ ਹੋਵੇ, ਤਾਂ ਤੁਸੀਂ ਕੀ ਕਰ ਸਕਦੇ ਹੋ? ਪਰਵਰਿਸ਼ ਕਰਨ ਬਾਰੇ ਇਕ ਕਿਤਾਬ ਕਹਿੰਦੀ ਹੈ: “ਬੱਚੇ ਤੋਂ ਪਰੇ ਹੋ ਜਾਓ ਅਤੇ ਉਸ ਨੂੰ ਕਹੋ ‘ਜੇ ਤੂੰ ਰੋਣ-ਧੋਣਾ ਹੈ, ਤਾਂ ਠੀਕ ਆ ਪਰ ਮੈਂ ਨਹੀਂ ਸੁਣਨਾ। ਆਪਣੇ ਕਮਰੇ ਵਿਚ ਜਾ ਕੇ ਰੋ ਲੈ, ਜਦ ਤੇਰਾ ਰੋਣਾ-ਧੋਣਾ ਖ਼ਤਮ ਹੋ ਜਾਵੇ ਫਿਰ ਆ ਜਾਈਂ।’” ਇੱਦਾਂ ਪਹਿਲਾਂ-ਪਹਿਲਾਂ ਕਰਨਾ ਤੁਹਾਡੇ ਲਈ ਸ਼ਾਇਦ ਮੁਸ਼ਕਲ ਹੋਵੇ ਅਤੇ ਤੁਹਾਡੀ ਤਾੜਨਾ ਕਬੂਲ ਕਰਨੀ ਬੱਚੇ ਨੂੰ ਵੀ ਔਖੀ ਲੱਗੇ। ਪਰ ਜਦ ਉਹ ਸਮਝ ਜਾਵੇਗਾ ਕਿ ਤੁਸੀਂ ਆਪਣੇ ਫ਼ੈਸਲੇ ’ਤੇ ਟਿਕੇ ਹੋ, ਤਾਂ ਉਹ ਤੁਹਾਡੇ ਨਾਲ ਬਹਿਸਬਾਜ਼ੀ ਕਰਨੋਂ ਹਟ ਜਾਵੇਗਾ।​—ਬਾਈਬਲ ਦਾ ਅਸੂਲ: ਯਾਕੂਬ 5:12.

ਮਾਪਿਓ, ਸਿਰਫ਼ ਰੋਅਬ ਜਮਾਉਣ ਲਈ ਬੱਚਿਆਂ ਨੂੰ ਨਾਂਹ ਨਾ ਕਹੋ

ਸਮਝਦਾਰ ਬਣੋ। ਮਾਪਿਓ, ਸਿਰਫ਼ ਰੋਅਬ ਜਮਾਉਣ ਲਈ ਬੱਚਿਆਂ ਨੂੰ ਨਾਂਹ ਨਾ ਕਹੋ, ਸਗੋਂ “ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।” (ਫ਼ਿਲਿੱਪੀਆਂ 4:5) ਕਦੇ-ਕਦੇ ਤੁਸੀਂ ਬੱਚੇ ਦੀ ਵੀ ਗੱਲ ਮੰਨ ਸਕਦੇ ਹੋ। ਪਰ ਉਸ ਦੀ ਚੂੰ-ਚੂੰ ਤੋਂ ਤੰਗ ਆ ਕੇ ਜਾਂ ਉਸ ਨੂੰ ਚੁੱਪ ਕਰਾਉਣ ਲਈ ਹਾਂ ਨਾ ਕਹੋ।​—ਬਾਈਬਲ ਦਾ ਅਸੂਲ: ਕੁਲੁੱਸੀਆਂ 3:21▪ (g14 08-E)

^ ਪੈਰਾ 4 ਇਸ ਲੇਖ ਵਿਚ ਦੱਸੀਆਂ ਗੱਲਾਂ ਮੁੰਡੇ-ਕੁੜੀਆਂ ਦੋਵਾਂ ’ਤੇ ਲਾਗੂ ਹੁੰਦੀਆਂ ਹਨ।

^ ਪੈਰਾ 10 ਇਹ ਗੱਲ ਅੰਗ੍ਰੇਜ਼ੀ ਦੀ ਕਿਤਾਬ ਹਰ ਉਮਰ ਦੇ ਬੱਚਿਆਂ ਨੂੰ ਨਾਂਹ ਸੁਣਨ ਦੀ ਲੋੜ ਹੈ ਅਤੇ ਮਾਪੇ ਕਿਹੜੇ ਤਰੀਕਿਆਂ ਨਾਲ ਨਾਂਹ ਕਹਿ ਸਕਦੇ ਹਨ ਵਿੱਚੋਂ ਲਈ ਗਈ ਹੈ।