Skip to content

Skip to table of contents

ਹੂਲਡਾ ਦੀ ਮਿਹਨਤ ਰੰਗ ਲਿਆਈ

ਹੂਲਡਾ ਦੀ ਮਿਹਨਤ ਰੰਗ ਲਿਆਈ

ਆਓ ਆਪਾਂ ਕੁਝ ਸਾਲ ਪਿੱਛੇ ਜਾਂਦੇ ਹਾਂ ਅਤੇ ਇੰਡੋਨੇਸ਼ੀਆ ਦੇ ਸੈਂਗਰ ਬੇਸਾਰ ਨਾਂ ਦੇ ਛੋਟੇ ਜਿਹੇ ਟਾਪੂ ʼਤੇ ਚੱਲਦੇ ਹਾਂ। ਉੱਥੇ ਸਾਡੀਆਂ ਤਿੰਨ ਭੈਣਾਂ ਸਮੁੰਦਰ ਕੰਢੇ ਕੋਈ ਕੰਮ ਰਹੀਆਂ ਹਨ। ਉਸ ਟਾਪੂ ਦੇ ਲੋਕ ਜਾਣਦੇ ਹਨ ਕਿ ਸਾਡੀਆਂ ਭੈਣਾਂ ਅਕਸਰ ਲੋਕਾਂ ਨੂੰ ਬਾਈਬਲ ਤੋਂ ਸਿਖਾਉਂਦੀਆਂ ਹਨ। ਪਰ ਇਸ ਸਮੇਂ ਉਹ ਕੁਝ ਹੋਰ ਕਰ ਰਹੀਆਂ ਹਨ।

ਉੱਤਰੀ ਇੰਡੋਨੇਸ਼ੀਆ ਵਿਚ ਸੈਂਗਰ ਬੇਸਾਰ ਟਾਪੂ

ਸਭ ਤੋਂ ਪਹਿਲਾਂ ਉਹ ਪਾਣੀ ਵਿਚ ਥੋੜ੍ਹਾ ਅੰਦਰ ਜਾਂਦੀਆਂ ਹਨ ਅਤੇ ਉੱਥੋਂ ਵੱਡੇ-ਵੱਡੇ ਪੱਥਰ ਚੁੱਕ ਕੇ ਕੰਢੇ ʼਤੇ ਲੈ ਆਉਂਦੀਆਂ ਹਨ। ਉਨ੍ਹਾਂ ਵਿੱਚੋਂ ਕੁਝ ਪੱਥਰ ਤਾਂ ਫੁਟਬਾਲ ਜਿੰਨੇ ਵੱਡੇ ਹਨ। ਫਿਰ ਉਹ ਲੱਕੜ ਦੇ ਸਟੂਲ ʼਤੇ ਬੈਠ ਕੇ ਹਥੌੜਿਆਂ ਨਾਲ ਉਨ੍ਹਾਂ ਪੱਥਰਾਂ ਨੂੰ ਤੋੜਦੀਆਂ ਹਨ ਤੇ ਉਨ੍ਹਾਂ ਦੇ ਮੁਰਗੀ ਦੇ ਆਂਡਿਆਂ ਤੋਂ ਵੀ ਛੋਟੇ-ਛੋਟੇ ਟੁਕੜੇ ਕਰ ਦਿੰਦੀਆਂ ਹਨ। ਇਸ ਤੋਂ ਬਾਅਦ ਉਹ ਉਨ੍ਹਾਂ ਟੁਕੜਿਆਂ ਨੂੰ ਪਲਾਸਟਿਕ ਦੀਆਂ ਬਾਲਟੀਆਂ ਵਿਚ ਪਾਉਂਦੀਆਂ ਹਨ। ਫਿਰ ਉਹ ਉਨ੍ਹਾਂ ਬਾਲਟੀਆਂ ਨੂੰ ਪੌੜੀਆਂ ਚੜ੍ਹ ਕੇ ਉਸ ਜਗ੍ਹਾ ਲੈ ਜਾਂਦੀਆਂ ਹਨ ਜਿੱਥੇ ਉਹ ਰਹਿੰਦੀਆਂ ਹਨ। ਇਸ ਤੋਂ ਬਾਅਦ ਉਹ ਉਨ੍ਹਾਂ ਟੁਕੜਿਆਂ ਨੂੰ ਬੋਰੀਆਂ ਵਿਚ ਭਰਦੀਆਂ ਹਨ ਤਾਂਕਿ ਉਨ੍ਹਾਂ ਨੂੰ ਟਰੱਕਾਂ ਵਿਚ ਲੱਦਿਆ ਜਾ ਸਕੇ। ਇਨ੍ਹਾਂ ਟੁਕੜਿਆਂ ਨਾਲ ਸੜਕਾਂ ਬਣਾਈਆਂ ਜਾਂਦੀਆਂ ਹਨ।

ਭੈਣ ਹੂਲਡਾ ਸਮੁੰਦਰੀ ਕੰਢੇ ʼਤੇ ਪੱਥਰ ਇਕੱਠੇ ਕਰਦੀ ਹੋਈ

ਇਨ੍ਹਾਂ ਵਿੱਚੋਂ ਇਕ ਭੈਣ ਦਾ ਨਾਂ ਹੈ, ਹੂਲਡਾ। ਦੂਜੀਆਂ ਭੈਣਾਂ ਦੇ ਮੁਕਾਬਲੇ ਉਹ ਇਸ ਕੰਮ ਵਿਚ ਜ਼ਿਆਦਾ ਸਮਾਂ ਦੇ ਪਾ ਰਹੀ ਹੈ। ਉਹ ਪੱਥਰ ਤੋੜ ਕੇ ਜਿੰਨੇ ਪੈਸੇ ਕਮਾਉਂਦੀ ਹੈ, ਉਨ੍ਹਾਂ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦੀ ਹੈ। ਪਰ ਹੁਣ ਉਹ ਜ਼ਿਆਦਾ ਕੰਮ ਕਰ ਕੇ ਕੁਝ ਪੈਸੇ ਜੋੜਨਾ ਚਾਹੁੰਦੀ ਹੈ। ਕਿਉਂ? ਕਿਉਂਕਿ ਉਹ ਇਕ ਟੈਬਲੇਟ ਖ਼ਰੀਦਣਾ ਚਾਹੁੰਦੀ ਹੈ ਤਾਂਕਿ ਉਹ ਉਸ ʼਤੇ JW ਲਾਇਬ੍ਰੇਰੀ ਐਪ ਚਲਾ ਸਕੇ। ਭੈਣ ਹੂਲਡਾ ਜਾਣਦੀ ਹੈ ਕਿ ਇਸ ਵਿਚ ਜੋ ਵੀਡੀਓ ਤੇ ਹੋਰ ਪ੍ਰਕਾਸ਼ਨ ਹਨ, ਉਨ੍ਹਾਂ ਨਾਲ ਉਹ ਹੋਰ ਵੀ ਚੰਗੀ ਤਰ੍ਹਾਂ ਪ੍ਰਚਾਰ ਕਰ ਸਕੇਗੀ ਅਤੇ ਆਪ ਵੀ ਬਾਈਬਲ ਦਾ ਵਧੀਆ ਤਰੀਕੇ ਨਾਲ ਅਧਿਐਨ ਕਰ ਸਕੇਗੀ।

ਭੈਣ ਹੂਲਡਾ ਨੇ ਲਗਭਗ ਡੇਢ ਮਹੀਨੇ ਤਕ ਹਰ ਸਵੇਰ ਦੋ ਘੰਟੇ ਜ਼ਿਆਦਾ ਕੰਮ ਕੀਤਾ। ਇਸ ਡੇਢ ਮਹੀਨੇ ਵਿਚ ਭੈਣ ਨੇ ਜੋ ਪੱਥਰ ਤੋੜੇ, ਉਸ ਨਾਲ ਇਕ ਛੋਟਾ ਟਰੱਕ ਭਰ ਗਿਆ। ਹੁਣ ਭੈਣ ਕੋਲ ਇੰਨੇ ਪੈਸੇ ਹੋ ਗਏ ਕਿ ਉਹ ਇਕ ਟੈਬਲੇਟ ਖ਼ਰੀਦ ਸਕਦੀ ਸੀ।

ਭੈਣ ਹੂਲਡਾ ਆਪਣੀ ਟੈਬਲੇਟ ਨਾਲ

ਭੈਣ ਹੂਲਡਾ ਦੱਸਦੀ ਹੈ: “ਪੱਥਰ ਤੋੜ-ਤੋੜ ਕੇ ਮੈਂ ਥੱਕ ਕੇ ਪੂਰੀ ਤਰ੍ਹਾਂ ਚੂਰ ਹੋ ਗਈ ਸੀ। ਪਰ ਜਦੋਂ ਮੈਂ ਇਸ ਟੈਬਲੇਟ ਤੋਂ ਲੋਕਾਂ ਨੂੰ ਚੰਗੀ ਤਰ੍ਹਾਂ ਪ੍ਰਚਾਰ ਕਰਨ ਲੱਗ ਪਈ ਅਤੇ ਮੀਟਿੰਗਾਂ ਦੀ ਵਧੀਆ ਤਿਆਰੀ ਕਰਨ ਲੱਗ ਪਈ, ਤਾਂ ਮੈਂ ਆਪਣਾ ਸਾਰਾ ਦਰਦ ਤੇ ਥਕਾਵਟ ਭੁੱਲ ਗਈ।” ਭੈਣ ਨੇ ਇਹ ਵੀ ਕਿਹਾ ਕਿ ਇਹ ਟੈਬਲੇਟ ਮਹਾਂਮਾਰੀ ਦੀ ਸ਼ੁਰੂਆਤ ਵਿਚ ਉਨ੍ਹਾਂ ਦੇ ਬਹੁਤ ਕੰਮ ਆਈ। ਕਿਉਂ? ਕਿਉਂਕਿ ਉਸ ਵੇਲੇ ਮੰਡਲੀ ਦੀਆਂ ਮੀਟਿੰਗਾਂ ਤੇ ਪ੍ਰਚਾਰ ਵੀਡੀਓ ਕਾਨਫ਼ਰੰਸ ʼਤੇ ਹੀ ਹੋ ਰਿਹਾ ਸੀ। ਸਾਨੂੰ ਬਹੁਤ ਖ਼ੁਸ਼ੀ ਹੈ ਕਿ ਭੈਣ ਹੂਲਡਾ ਦੀ ਮਿਹਨਤ ਰੰਗ ਲਿਆਈ।