Skip to content

Skip to table of contents

ਕੀ ਜ਼ਿਆਦਾ ਪੜ੍ਹਾਈ-ਲਿਖਾਈ ਅਤੇ ਪੈਸੇ ਨਾਲ ਸਾਡਾ ਭਵਿੱਖ ਵਧੀਆ ਹੋ ਸਕਦਾ ਹੈ?

ਕੀ ਜ਼ਿਆਦਾ ਪੜ੍ਹਾਈ-ਲਿਖਾਈ ਅਤੇ ਪੈਸੇ ਨਾਲ ਸਾਡਾ ਭਵਿੱਖ ਵਧੀਆ ਹੋ ਸਕਦਾ ਹੈ?

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜ਼ਿਆਦਾ ਪੜ੍ਹਾਈ-ਲਿਖਾਈ ਕਰਨ ਅਤੇ ਪੈਸਾ ਕਮਾਉਣ ਨਾਲ ਉਨ੍ਹਾਂ ਦਾ ਭਵਿੱਖ ਵਧੀਆ ਹੋਵੇਗਾ। ਉਹ ਮੰਨਦੇ ਹਨ ਕਿ ਜੇ ਇਕ ਵਿਅਕਤੀ ਦੇ ਹੱਥ ਵਿਚ ਡਿਗਰੀ ਹੋਵੇ, ਤਾਂ ਉਹ ਵਧੀਆ ਕੰਮ ਕਰ ਸਕੇਗਾ ਜਿਸ ਨਾਲ ਉਸ ਦੇ ਘਰਦਿਆਂ ਅਤੇ ਸਮਾਜ ਨੂੰ ਫ਼ਾਇਦਾ ਹੋਵੇਗਾ। ਉਹ ਇਹ ਵੀ ਸੋਚਦੇ ਹਨ ਕਿ ਜ਼ਿਆਦਾ ਪੜ੍ਹਾਈ-ਲਿਖਾਈ ਕਰਕੇ ਉਨ੍ਹਾਂ ਨੂੰ ਵਧੀਆ ਤਨਖ਼ਾਹ ਵਾਲੀ ਨੌਕਰੀ ਮਿਲੇਗੀ, ਘਰ ਵਿਚ ਜ਼ਿਆਦਾ ਪੈਸਾ ਆਵੇਗਾ ਤੇ ਪੈਸਾ ਹੋਣ ਕਰਕੇ ਉਹ ਖ਼ੁਸ਼ ਰਹਿਣਗੇ।

ਜ਼ਿਆਦਾਤਰ ਲੋਕਾਂ ਦੀਆਂ ਉਮੀਦਾਂ

ਚੀਨ ਦਾ ਰਹਿਣ ਵਾਲਾ ਯਾਂਗ ਸੁੰਗ ਕਹਿੰਦਾ ਹੈ, “ਅਸੀਂ ਬਹੁਤ ਗ਼ਰੀਬ ਸੀ। ਮੈਨੂੰ ਲੱਗਦਾ ਸੀ ਕਿ ਜੇ ਮੇਰੇ ਕੋਲ ਡਿਗਰੀ ਹੋਵੇ, ਤਾਂ ਮੈਨੂੰ ਜ਼ਿਆਦਾ ਤਨਖ਼ਾਹ ਵਾਲੀ ਨੌਕਰੀ ਮਿਲੇਗੀ ਅਤੇ ਅਸੀਂ ਖ਼ੁਸ਼ ਰਹਿ ਸਕਾਂਗੇ।”

ਬਹੁਤ ਸਾਰੇ ਲੋਕ ਵਧੀਆ ਜ਼ਿੰਦਗੀ ਪਾਉਣ ਲਈ ਦੁਨੀਆਂ ਭਰ ਦੀਆਂ ਮੰਨੀਆਂ-ਪ੍ਰਮੰਨੀਆਂ ਯੂਨੀਵਰਸਿਟੀਆਂ ਤੋਂ ਡਿਗਰੀਆਂ ਲੈਣੀਆਂ ਚਾਹੁੰਦੇ ਹਨ। ਦੇਖਿਆ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਬਹੁਤ ਜਣੇ ਪੜ੍ਹਾਈ-ਲਿਖਾਈ ਕਰਨ ਲਈ ਵਿਦੇਸ਼ ਜਾਣ ਲੱਗੇ ਹਨ ਅਤੇ ਇੱਦਾਂ ਕਰਨਾ ਬਹੁਤ ਆਮ ਹੋ ਗਿਆ ਹੈ। ਪਰ ਕੋਵਿਡ-19 ਮਹਾਂਮਾਰੀ ਕਰਕੇ ਲੋਕਾਂ ਦਾ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਜਾਣਾ ਘੱਟ ਹੋ ਗਿਆ ਹੈ। ਸਾਲ 2012 ਵਿਚ ਇਕ ਸੰਗਠਨ ਦੀ ਰਿਪੋਰਟ ਮੁਤਾਬਕ “ਦੂਜੇ ਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਵਾਲੇ 52 ਪ੍ਰਤਿਸ਼ਤ ਵਿਦਿਆਰਥੀ ਏਸ਼ੀਆਈ ਦੇਸ਼ਾਂ ਤੋਂ ਹਨ।”

ਆਪਣੇ ਬੱਚਿਆਂ ਨੂੰ ਹੋਰ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚ ਭੇਜਣ ਲਈ ਮਾਪੇ ਅਕਸਰ ਕਈ ਕੁਰਬਾਨੀਆਂ ਕਰਦੇ ਹਨ। ਤਾਈਵਾਨ ਵਿਚ ਰਹਿਣ ਵਾਲਾ ਸ਼ੀਸ਼ਾਂਗ ਕਹਿੰਦਾ ਹੈ: “ਮੇਰੇ ਮਾਪੇ ਅਮੀਰ ਨਹੀਂ ਸਨ। ਪਰ ਫਿਰ ਵੀ ਉਨ੍ਹਾਂ ਨੇ ਸਾਨੂੰ ਚਾਰਾਂ ਭੈਣਾਂ-ਭਰਾਵਾਂ ਨੂੰ ਪੜ੍ਹਨ ਲਈ ਅਮਰੀਕਾ ਭੇਜਿਆ।” ਪੜ੍ਹਾਈ ਦਾ ਖ਼ਰਚਾ ਚੁੱਕਣ ਕਰਕੇ ਹੋਰ ਪਰਿਵਾਰਾਂ ਵਾਂਗ ਉਸ ਦਾ ਪਰਿਵਾਰ ਵੀ ਕਰਜ਼ੇ ਵਿਚ ਡੁੱਬ ਗਿਆ।

ਕੀ ਇਸ ਨਾਲ ਲੋਕਾਂ ਨੂੰ ਫ਼ਾਇਦਾ ਹੋਇਆ?

ਜ਼ਿਆਦਾ ਪੜ੍ਹਾਈ-ਲਿਖਾਈ ਅਤੇ ਧਨ-ਦੌਲਤ ਕਮਾਉਣ ਕਰਕੇ ਬਹੁਤ ਸਾਰੇ ਲੋਕਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ

ਇਹ ਸੱਚ ਹੈ ਕਿ ਪੜ੍ਹਾਈ-ਲਿਖਾਈ ਕਰਨ ਨਾਲ ਜ਼ਿੰਦਗੀ ਕੁਝ ਹੱਦ ਤਕ ਵਧੀਆ ਹੋ ਜਾਂਦੀ ਹੈ, ਪਰ ਇਸ ਨਾਲ ਵਿਦਿਆਰਥੀਆਂ ਨੂੰ ਉੱਨਾ ਫ਼ਾਇਦਾ ਨਹੀਂ ਹੁੰਦਾ ਜਿੰਨਾ ਉਹ ਸੋਚਦੇ ਹਨ। ਕਈ ਵਾਰ ਲੋਕ ਫ਼ੀਸਾਂ ਭਰਨ ਲਈ ਕਰਜ਼ਾ ਲੈਂਦੇ ਹਨ ਅਤੇ ਉਸ ਨੂੰ ਚੁਕਾਉਣ ਲਈ ਸਾਲਾਂ ਤਕ ਮਿਹਨਤ ਕਰਦੇ ਰਹਿੰਦੇ ਹਨ। ਪਰ ਫਿਰ ਵੀ ਉਨ੍ਹਾਂ ਨੂੰ ਆਪਣੀ ਮਨਪਸੰਦ ਦੀ ਨੌਕਰੀ ਨਹੀਂ ਮਿਲਦੀ। ਸਿੰਗਾਪੁਰ ਦੀ ਇਕ ਅਖ਼ਬਾਰ ਵਿਚ ਦੱਸਿਆ ਗਿਆ ਸੀ: “ਅੱਜ-ਕੱਲ੍ਹ ਇੱਦਾਂ ਬਹੁਤ ਹੋ ਰਿਹਾ ਹੈ ਕਿ ਡਿਗਰੀ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ।” ਤਾਈਵਾਨ ਵਿਚ ਰਹਿਣ ਵਾਲੇ ਜੇਂਜੇ ਕੋਲ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਡਿਗਰੀਆਂ ਹਨ। ਉਹ ਕਹਿੰਦਾ ਹੈ: “ਅੱਜ ਕਈ ਲੋਕਾਂ ਨੂੰ ਅਜਿਹੀ ਨੌਕਰੀ ਕਰਨੀ ਪੈਂਦੀ ਹੈ ਜਿਸ ਦਾ ਉਨ੍ਹਾਂ ਦੀ ਡਿਗਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”

ਚਾਹੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਮਨਪਸੰਦ ਦੀ ਨੌਕਰੀ ਮਿਲ ਜਾਂਦੀ ਹੈ, ਪਰ ਫਿਰ ਵੀ ਉਨ੍ਹਾਂ ਨੂੰ ਖ਼ੁਸ਼ੀ ਨਹੀਂ ਮਿਲਦੀ। ਥਾਈਲੈਂਡ ਵਿਚ ਰਹਿਣ ਵਾਲੇ ਨਿਰਾਨ ਨਾਲ ਵੀ ਕੁਝ ਅਜਿਹਾ ਹੀ ਹੋਇਆ। ਉਹ ਪੜ੍ਹਾਈ ਕਰਨ ਇੰਗਲੈਂਡ ਗਿਆ ਸੀ ਅਤੇ ਆਪਣੇ ਦੇਸ਼ ਵਾਪਸ ਆ ਕੇ ਉਸ ਨੂੰ ਆਪਣੀ ਪਸੰਦ ਦੀ ਨੌਕਰੀ ਮਿਲ ਗਈ। ਉਹ ਕਹਿੰਦਾ ਹੈ, “ਡਿਗਰੀ ਹੋਣ ਕਰਕੇ ਮੈਨੂੰ ਚੰਗੀ ਤਨਖ਼ਾਹ ਵਾਲੀ ਨੌਕਰੀ ਤਾਂ ਮਿਲ ਗਈ, ਪਰ ਮੈਨੂੰ ਘੰਟਿਆਂ-ਬੱਧੀ ਕੰਮ ਕਰਨਾ ਪੈਂਦਾ ਸੀ। ਕੁਝ ਸਮੇਂ ਬਾਅਦ ਕੰਪਨੀ ਨੇ ਮੈਨੂੰ ਤੇ ਹੋਰ ਬਹੁਤ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਚਾਹੇ ਤੁਹਾਡੇ ਕੋਲ ਜਿੰਨੀ ਮਰਜ਼ੀ ਚੰਗੀ ਨੌਕਰੀ ਕਿਉਂ ਨਾ ਹੋਵੇ, ਪਰ ਇਹ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਤੁਹਾਡਾ ਭਵਿੱਖ ਵਧੀਆ ਹੋਵੇਗਾ।”

ਕਈ ਵਾਰ ਅਮੀਰ ਲੋਕਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਖ਼ੁਸ਼ ਹਨ, ਪਰ ਉਹ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ, ਜਿਵੇਂ ਉਹ ਵੀ ਬੀਮਾਰ ਹੁੰਦੇ ਹਨ, ਉਨ੍ਹਾਂ ਦੇ ਪਰਿਵਾਰਾਂ ਵਿਚ ਵੀ ਝਗੜੇ ਹੁੰਦੇ ਹਨ ਤੇ ਉਹ ਵੀ ਪੈਸੇ ਦੀ ਚਿੰਤਾ ਕਰਦੇ ਹਨ। ਜਪਾਨ ਦਾ ਰਹਿਣ ਵਾਲਾ ਕਾਟਸੁਤੋਸ਼ੀ ਦੱਸਦਾ ਹੈ: “ਮੇਰੇ ਕੋਲ ਸਭ ਕੁਝ ਸੀ, ਪਰ ਫਿਰ ਵੀ ਮੈਂ ਖ਼ੁਸ਼ ਨਹੀਂ ਸੀ ਕਿਉਂਕਿ ਲੋਕ ਮੇਰੇ ਨਾਲ ਈਰਖਾ ਕਰਦੇ ਸਨ ਅਤੇ ਬੁਰਾ ਸਲੂਕ ਕਰਦੇ ਸਨ।” ਵੀਅਤਨਾਮ ਵਿਚ ਰਹਿਣ ਵਾਲੀ ਲਾਮ ਕਹਿੰਦੀ ਹੈ: “ਬਹੁਤ ਸਾਰੇ ਲੋਕ ਇਹ ਸੋਚ ਕੇ ਬਹੁਤ ਸਾਰਾ ਪੈਸਾ ਕਮਾਉਂਦੇ ਹਨ ਕਿ ਉਨ੍ਹਾਂ ਦਾ ਆਉਣ ਵਾਲਾ ਕੱਲ੍ਹ ਵਧੀਆ ਹੋਵੇਗਾ। ਪਰ ਸੱਚ ਤਾਂ ਇਹ ਹੈ ਕਿ ਸਭ ਕੁਝ ਪਾਉਣ ਤੋਂ ਬਾਅਦ ਵੀ ਉਹ ਅਕਸਰ ਚਿੰਤਾ ਵਿਚ ਰਹਿੰਦੇ ਹਨ, ਬੀਮਾਰ ਹੋ ਜਾਂਦੇ ਹਨ ਤੇ ਇੱਥੋਂ ਤਕ ਕਿ ਨਿਰਾਸ਼ਾ ਵਿਚ ਡੁੱਬ ਜਾਂਦੇ ਹਨ।”

ਫ੍ਰੈਂਕਲਿਨ ਵਾਂਗ ਹੋਰ ਬਹੁਤ ਸਾਰੇ ਲੋਕਾਂ ਨੂੰ ਅਹਿਸਾਸ ਹੋਇਆ ਹੈ ਕਿ ਜ਼ਿੰਦਗੀ ਵਿਚ ਸਿਰਫ਼ ਪੜ੍ਹਾਈ-ਲਿਖਾਈ ਅਤੇ ਪੈਸੇ ਨਾਲ ਖ਼ੁਸ਼ੀ ਨਹੀਂ ਮਿਲਦੀ। ਹੋਰ ਕਈ ਗੱਲਾਂ ਹਨ ਜੋ ਇਨ੍ਹਾਂ ਤੋਂ ਕਿਤੇ ਜ਼ਿਆਦਾ ਜ਼ਰੂਰੀ ਹਨ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਜੇ ਉਹ ਚੰਗੇ ਕੰਮ ਕਰਨ, ਤਾਂ ਉਨ੍ਹਾਂ ਦਾ ਭਵਿੱਖ ਵਧੀਆ ਹੋ ਸਕਦਾ ਹੈ? ਕੀ ਸੱਚੀ ਇੱਦਾਂ ਹੈ? ਆਓ ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦੇਖੀਏ।