Skip to content

Skip to table of contents

ਪਿਆਰ ਹੋਣ ਕਰਕੇ ਅਸੀਂ ਪਹਿਲਾਂ ਦੂਜਿਆਂ ਦੇ ਭਲੇ ਬਾਰੇ ਸੋਚਾਂਗੇ

ਦੂਜਿਆਂ ਨੂੰ ਪਿਆਰ ਕਿਵੇਂ ਦਿਖਾਈਏ?

ਦੂਜਿਆਂ ਨੂੰ ਪਿਆਰ ਕਿਵੇਂ ਦਿਖਾਈਏ?

ਆਦਮ ਦੀ ਔਲਾਦ ਹੋਣ ਕਰਕੇ ਅਸੀਂ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਾਂ। ਇਕ ਪਰਿਵਾਰ ਵਿਚ ਸਾਰਿਆਂ ਨੂੰ ਇਕ-ਦੂਜੇ ਨਾਲ ਪਿਆਰ ਕਰਨਾ ਤੇ ਇੱਜ਼ਤ ਨਾਲ ਪੇਸ਼ ਆਉਣਾ ਚਾਹੀਦਾ ਹੈ। ਪਰ ਅੱਜ ਪਰਿਵਾਰਾਂ ਵਿਚ ਇੱਦਾਂ ਘੱਟ ਹੀ ਦੇਖਣ ਨੂੰ ਮਿਲਦਾ ਹੈ। ਇਹ ਦੇਖ ਕੇ ਰੱਬ ਨੂੰ ਬਹੁਤ ਦੁੱਖ ਲੱਗਦਾ ਹੋਣਾ।

ਪਵਿੱਤਰ ਲਿਖਤਾਂ ਵਿਚ ਪਿਆਰ ਬਾਰੇ ਕੀ ਦੱਸਿਆ ਗਿਆ ਹੈ?

“ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।”—ਲੇਵੀਆਂ 19:18.

“ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ।”—ਮੱਤੀ 5:44.

ਦੂਜਿਆਂ ਨੂੰ ਪਿਆਰ ਕਰਨ ਦਾ ਕੀ ਮਤਲਬ ਹੈ?

ਗੌਰ ਕਰੋ ਕਿ ਰੱਬ ਨੇ ਆਪਣੇ ਬਚਨ ਵਿਚ ਪਿਆਰ ਬਾਰੇ ਕੀ ਦੱਸਿਆ ਹੈ। ਇਹ ਗੱਲਾਂ 1 ਕੁਰਿੰਥੀਆਂ 13:4-7 ਵਿਚ ਦਰਜ ਹਨ:

“ਪਿਆਰ ਧੀਰਜਵਾਨ ਅਤੇ ਦਿਆਲੂ ਹੈ।”

ਜ਼ਰਾ ਸੋਚੋ: ਜਦੋਂ ਕੋਈ ਤੁਹਾਡੇ ਨਾਲ ਧੀਰਜ ਨਾਲ ਪੇਸ਼ ਆਉਂਦਾ ਹੈ ਅਤੇ ਤੁਹਾਡੇ ਤੋਂ ਕੋਈ ਗ਼ਲਤੀ ਹੋਣ ਤੇ ਤੁਹਾਡੇ ਨਾਲ ਗੁੱਸੇ ਨਹੀਂ ਹੁੰਦਾ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ?

“ਪਿਆਰ ਈਰਖਾ ਨਹੀਂ ਕਰਦਾ।”

ਜ਼ਰਾ ਸੋਚੋ: ਜਦੋਂ ਦੂਜੇ ਤੁਹਾਨੂੰ ਸ਼ੱਕੀ ਨਜ਼ਰਾਂ ਨਾਲ ਦੇਖਦੇ ਅਤੇ ਤੁਹਾਡੇ ਤੋਂ ਈਰਖਾ ਕਰਦੇ ਹਨ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ?

ਪਿਆਰ “ਆਪਣੇ ਬਾਰੇ ਹੀ ਨਹੀਂ ਸੋਚਦਾ।”

ਜ਼ਰਾ ਸੋਚੋ: ਜਦੋਂ ਦੂਜੇ ਤੁਹਾਡੀ ਰਾਇ ਸੁਣਦੇ ਹਨ ਅਤੇ ਹਮੇਸ਼ਾ ਆਪਣੀ ਰਾਇ ਤੁਹਾਡੇ ’ਤੇ ਨਹੀਂ ਥੋਪਦੇ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ?

ਪਿਆਰ “ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ।”

ਜ਼ਰਾ ਸੋਚੋ: ਜਦੋਂ ਲੋਕਾਂ ਨੂੰ ਆਪਣੀ ਗ਼ਲਤੀ ’ਤੇ ਪਛਤਾਵਾ ਹੁੰਦਾ ਹੈ, ਤਾਂ ਰੱਬ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ। “ਉਹ ਸਦਾ ਨਹੀਂ ਝਿੜਕੇਗਾ, ਨਾ ਸਦਾ ਲਈ ਆਪਣਾ ਕ੍ਰੋਧ ਰੱਖੇਗਾ।” (ਜ਼ਬੂਰ 103:9) ਜਦੋਂ ਦੂਜੇ ਸਾਨੂੰ ਮਾਫ਼ ਕਰ ਦਿੰਦੇ ਹਨ, ਤਾਂ ਕੀ ਸਾਨੂੰ ਚੰਗਾ ਨਹੀਂ ਲੱਗਦਾ? ਇਸ ਲਈ ਜਦੋਂ ਦੂਜਿਆਂ ਕਰਕੇ ਸਾਨੂੰ ਦੁੱਖ ਲੱਗਦਾ ਹੈ, ਤਾਂ ਸਾਨੂੰ ਵੀ ਉਨ੍ਹਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।—ਮੀਕਾਹ 7:18.

ਪਿਆਰ “ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ।”

ਜ਼ਰਾ ਸੋਚੋ: ਜਦੋਂ ਸਾਡੇ ਨਾਲ ਕੁਝ ਬੁਰਾ ਹੁੰਦਾ ਹੈ ਅਤੇ ਲੋਕ ਖ਼ੁਸ਼ ਹੁੰਦੇ ਹਨ, ਤਾਂ ਸਾਨੂੰ ਚੰਗਾ ਨਹੀਂ ਲੱਗਦਾ। ਇਸ ਲਈ ਸਾਨੂੰ ਵੀ ਦੂਜਿਆਂ ਨੂੰ ਦੁਖੀ ਦੇਖ ਕੇ ਖ਼ੁਸ਼ ਨਹੀਂ ਹੋਣਾ ਚਾਹੀਦਾ, ਫਿਰ ਚਾਹੇ ਉਨ੍ਹਾਂ ਨੇ ਸਾਡੇ ਨਾਲ ਮਾੜਾ ਹੀ ਕਿਉਂ ਨਾ ਕੀਤਾ ਹੋਵੇ।

ਰੱਬ ਤੋਂ ਬਰਕਤਾਂ ਪਾਉਣ ਲਈ ਸਾਨੂੰ ਇਨ੍ਹਾਂ ਤਰੀਕਿਆਂ ਨਾਲ ਦੂਜਿਆਂ ਲਈ ਪਿਆਰ ਦਿਖਾਉਣਾ ਚਾਹੀਦਾ ਹੈ, ਫਿਰ ਚਾਹੇ ਉਹ ਕਿਸੇ ਵੀ ਉਮਰ, ਦੇਸ਼ ਜਾਂ ਧਰਮ ਦੇ ਹੋਣ। ਪਿਆਰ ਦਿਖਾਉਣ ਦਾ ਇਕ ਤਰੀਕਾ ਹੈ, ਲੋੜ ਪੈਣ ਤੇ ਦੂਜਿਆਂ ਦੀ ਮਦਦ ਕਰਨੀ।