Skip to content

Skip to table of contents

ਪੱਖਪਾਤ—ਦੁਨੀਆਂ ਭਰ ਵਿਚ ਫੈਲੀ ਇਕ ਬੀਮਾਰੀ

ਪੱਖਪਾਤ—ਦੁਨੀਆਂ ਭਰ ਵਿਚ ਫੈਲੀ ਇਕ ਬੀਮਾਰੀ

ਪੱਖਪਾਤ ਇਕ ਬੀਮਾਰੀ ਵਾਂਗ ਹੈ। ਇਸ ਦਾ ਬਹੁਤ ਮਾੜਾ ਅਸਰ ਹੁੰਦਾ ਹੈ ਅਤੇ ਕਈ ਵਾਰ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਇਸ ਬੀਮਾਰੀ ਦੇ ਸ਼ਿਕਾਰ ਹੋ ਗਏ ਹਨ।

ਪੱਖਪਾਤ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਕਈ ਵਾਰ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਜੋ ਦੂਸਰੇ ਦੇਸ਼, ਜਾਤ ਜਾਂ ਰੰਗ ਦੇ ਹੁੰਦੇ ਹਨ। ਇਸ ਤੋਂ ਇਲਾਵਾ ਕਈ ਲੋਕ ਉਨ੍ਹਾਂ ਲੋਕਾਂ ਨੂੰ ਪਸੰਦ ਨਹੀਂ ਕਰਦੇ ਜੋ ਅਪਾਹਜ ਹੁੰਦੇ ਹਨ ਜਾਂ ਜਿਨ੍ਹਾਂ ਦੀ ਉਮਰ, ਪੜ੍ਹਾਈ-ਲਿਖਾਈ, ਰੰਗ-ਰੂਪ ਉਨ੍ਹਾਂ ਤੋਂ ਵੱਖਰਾ ਹੁੰਦਾ ਹੈ। ਪਰ ਫਿਰ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਪੱਖਪਾਤ ਨਹੀਂ ਕਰਦੇ।

ਕੀ ਤੁਸੀਂ ਵੀ ਇਸ ਬੀਮਾਰੀ ਦੇ ਸ਼ਿਕਾਰ ਤਾਂ ਨਹੀਂ? ਜਦੋਂ ਦੂਸਰੇ ਲੋਕ ਕਿਸੇ ਨਾਲ ਪੱਖਪਾਤ ਕਰਦੇ ਹਨ, ਤਾਂ ਸਾਨੂੰ ਝੱਟ ਪਤਾ ਲੱਗ ਜਾਂਦਾ ਹੈ। ਪਰ ਕਈ ਵਾਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਖ਼ੁਦ ਪੱਖਪਾਤ ਕਰ ਰਹੇ ਹਾਂ। ਅਸਲ ਵਿਚ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਪੱਖਪਾਤ ਕਰਦੇ ਹਾਂ। ਸਮਾਜ-ਵਿਗਿਆਨ ਦੇ ਪ੍ਰੋਫ਼ੈਸਰ ਡੇਵਿਡ ਵਿਲਿਅਮ ਦਾ ਕਹਿਣਾ ਹੈ, “ਕਈ ਲੋਕ ਪਹਿਲਾਂ ਹੀ ਕਿਸੇ ਸਮਾਜ ਬਾਰੇ ਗ਼ਲਤ ਰਾਇ ਕਾਇਮ ਕਰ ਲੈਂਦੇ ਹਨ। ਇਸ ਲਈ ਉਸ ਸਮਾਜ ਦੇ ਕਿਸੇ ਵਿਅਕਤੀ ਨੂੰ ਮਿਲਣ ’ਤੇ ਉਨ੍ਹਾਂ ਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਉਨ੍ਹਾਂ ਨਾਲ ਪੱਖਪਾਤ ਕਰ ਰਹੇ ਹਨ।”

ਯੂਰਪ ਵਿਚ ਰਹਿਣ ਵਾਲੇ ਜੋਵੀਟਸ ਨਾਲ ਵੀ ਕੁਝ ਅਜਿਹਾ ਹੀ ਹੋਇਆ। ਉਸ ਦੇ ਦੇਸ਼ ਵਿਚ ਇਕ ਅਜਿਹਾ ਕਬੀਲਾ ਹੈ ਜਿਸ ਨਾਲ ਉੱਥੇ ਦੇ ਲੋਕ ਨਫ਼ਰਤ ਕਰਦੇ ਹਨ। ਉਹ ਕਹਿੰਦਾ ਹੈ: “ਮੈਨੂੰ ਲੱਗਦਾ ਸੀ ਕਿ ਉਸ ਕਬੀਲੇ ਦਾ ਕੋਈ ਵੀ ਇਨਸਾਨ ਚੰਗਾ ਨਹੀਂ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈ ਪੱਖਪਾਤ ਕਰ ਰਿਹਾ ਹਾਂ। ਮੇਰਾ ਮੰਨਣਾ ਸੀ ਕਿ ਇਹ ਲੋਕ ਤਾਂ ਹੁੰਦੇ ਹੀ ਇੱਦਾਂ ਦੇ।”

ਬਹੁਤ ਸਾਰੀਆਂ ਸਰਕਾਰਾਂ ਨੇ ਪੱਖਪਾਤ ਅਤੇ ਭੇਦ-ਭਾਵ ਖ਼ਤਮ ਕਰਨ ਲਈ ਕਈ ਕਾਨੂੰਨ ਬਣਾਏ ਹਨ। ਪਰ ਫਿਰ ਵੀ ਉਹ ਪੱਖਪਾਤ ਨੂੰ ਜੜ੍ਹੋਂ ਖ਼ਤਮ ਨਹੀਂ ਕਰ ਸਕੇ ਕਿਉਂਕਿ ਪੱਖਪਾਤ ਦਾ ਅਸਲੀ ਕਾਰਨ ਇਕ ਵਿਅਕਤੀ ਦੀ ਸੋਚ ਹੈ। ਕਾਨੂੰਨ ਇਕ ਵਿਅਕਤੀ ਨੂੰ ਉਸ ਦੇ ਗ਼ਲਤ ਕੰਮਾਂ ਦੀ ਸਜ਼ਾ ਤਾਂ ਦੇ ਸਕਦਾ, ਪਰ ਉਸ ਦੀ ਗ਼ਲਤ ਸੋਚ ਨਹੀਂ ਸੁਧਾਰ ਸਕਦਾ। ਤਾਂ ਫਿਰ ਕੀ ਪੱਖਪਾਤ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ? ਕੀ ਇਸ ਬੀਮਾਰੀ ਦਾ ਕੋਈ ਇਲਾਜ ਹੈ?

ਅੱਗੇ ਦੱਸੇ ਗਏ ਪੰਜ ਸੁਝਾਵਾਂ ਨੂੰ ਲਾਗੂ ਕਰ ਕੇ ਬਹੁਤ ਸਾਰੇ ਲੋਕਾਂ ਨੇ ਪੱਖਪਾਤ ਕਰਨਾ ਛੱਡ ਦਿੱਤਾ ਹੈ।