Skip to content

Skip to table of contents

ਖਾਣੇ ਤੋਂ ਅਲਰਜੀ ਤੇ ਖਾਣਾ ਨਾ ਪਚਣ ਵਿਚ ਕੀ ਫ਼ਰਕ ਹੈ?

ਖਾਣੇ ਤੋਂ ਅਲਰਜੀ ਤੇ ਖਾਣਾ ਨਾ ਪਚਣ ਵਿਚ ਕੀ ਫ਼ਰਕ ਹੈ?

ਐਮਿਲੀ: “ਮੈਂ ਆਪਣਾ ਚਮਚ ਥੱਲੇ ਰੱਖਿਆ ਅਤੇ ਮੈਨੂੰ ਬੇਚੈਨੀ ਜਿਹੀ ਹੋਣ ਲੱਗੀ। ਮੇਰੇ ਮੂੰਹ ਵਿਚ ਖਾਜ ਹੋਣ ਲੱਗ ਪਈ ਅਤੇ ਮੇਰੀ ਜੀਭ ਸੁੱਜ ਗਈ। ਮੈਨੂੰ ਚੱਕਰ ਆਉਣ ਲੱਗ ਪਏ ਤੇ ਸਾਹ ਲੈਣ ਵਿਚ ਵੀ ਮੁਸ਼ਕਲ ਆਉਣ ਲੱਗ ਪਈ। ਮੇਰੀਆਂ ਬਾਹਾਂ ਅਤੇ ਗਰਦਨ ’ਤੇ ਧੱਫੜ ਹੋ ਗਏ। ਮੈਂ ਕੋਸ਼ਿਸ਼ ਕੀਤੀ ਕਿ ਮੈਂ ਜ਼ਿਆਦਾ ਨਾ ਘਬਰਾਵਾਂ ਪਰ ਮੈਨੂੰ ਪਤਾ ਸੀ ਕਿ ਮੈਨੂੰ ਜਲਦ ਤੋਂ ਜਲਦ ਹਸਪਤਾਲ ਜਾਣ ਦੀ ਲੋੜ ਸੀ!”

ਜ਼ਿਆਦਾਤਰ ਲੋਕ ਮਜ਼ੇ ਨਾਲ ਖਾਣਾ ਖਾਂਦੇ ਹਨ। ਪਰ ਅਜਿਹੇ ਲੋਕ ਵੀ ਹਨ ਜੋ ਕੁਝ ਖਾਣ ਵਾਲੀਆਂ ਚੀਜ਼ਾਂ ਨੂੰ “ਦੁਸ਼ਮਣ” ਸਮਝਣ ਲਈ ਮਜਬੂਰ ਹਨ। ਸ਼ੁਰੂ ਵਿਚ ਦੱਸੀ ਐਮਿਲੀ ਵਾਂਗ ਉਨ੍ਹਾਂ ਨੂੰ ਕਿਸੇ ਖਾਣ ਵਾਲੀ ਚੀਜ਼ ਤੋਂ ਅਲਰਜੀ ਹੈ। ਐਮਿਲੀ ਦੀ ਗੰਭੀਰ ਅਲਰਜੀ ਨੂੰ ਐਨਾਫਾਈਲੈਕਸਿਸ ਕਿਹਾ ਜਾਂਦਾ ਹੈ ਜੋ ਬਹੁਤ ਖ਼ਤਰਨਾਕ ਹੈ। ਸ਼ੁਕਰ ਹੈ ਖਾਣ ਵਾਲੀਆਂ ਚੀਜ਼ਾਂ ਤੋਂ ਹੋਣ ਵਾਲੀਆਂ ਸਾਰੀਆਂ ਅਲਰਜੀਆਂ ਇੰਨੀਆਂ ਖ਼ਤਰਨਾਕ ਨਹੀਂ ਹੁੰਦੀਆਂ।

ਹਾਲ ਹੀ ਦੇ ਸਾਲਾਂ ਵਿਚ ਖਾਣੇ ਤੋਂ ਹੋਣ ਵਾਲੀਆਂ ਅਲਰਜੀਆਂ ਅਤੇ ਖਾਣਾ ਨਾ ਪਚਣ ਦੀ ਸਮੱਸਿਆ ਵਿਚ ਵਾਧਾ ਹੋਇਆ ਹੈ। ਪਰ ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਨੂੰ ਖਾਣੇ ਤੋਂ ਅਲਰਜੀ ਹੈ, ਉਨ੍ਹਾਂ ਦੀ ਜਾਂਚ ਕਰ ਕੇ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ ਕੁਝ ਹੀ ਲੋਕਾਂ ਨੂੰ ਅਲਰਜੀ ਸੀ।

ਖਾਣੇ ਤੋਂ ਹੋਣ ਵਾਲੀ ਅਲਰਜੀ ਕੀ ਹੈ?

ਡਾਕਟਰ ਜੈਨੀਫਰ ਜੇ. ਸ਼ਨਾਈਡਰ ਚੇਫ਼ਨ ਦੀ ਅਗਵਾਈ ਅਧੀਨ ਵਿਗਿਆਨੀਆਂ ਦੇ ਇਕ ਸਮੂਹ ਨੇ ਇਕ ਰਸਾਲੇ ਵਿਚ ਛਪੀ ਆਪਣੀ ਰਿਪੋਰਟ ਵਿਚ ਕਿਹਾ: “ਖਾਣੇ ਤੋਂ ਹੋਣ ਵਾਲੀ ਅਲਰਜੀ ਬਾਰੇ ਸਾਰਿਆਂ ਦੀ ਰਾਇ ਇੱਕੋ ਜਿਹੀ ਨਹੀਂ ਹੈ।” ਪਰ ਜ਼ਿਆਦਾਤਰ ਮਾਹਰ ਮੰਨਦੇ ਹਨ ਕਿ ਅਲਰਜੀ ਦਾ ਮੁੱਖ ਕਾਰਨ ਇਮਊਨ ਸਿਸਟਮ (ਸਰੀਰ ਦੀ ਰੱਖਿਆ ਪ੍ਰਣਾਲੀ) ਹੁੰਦਾ ਹੈ।ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ।

ਅਲਰਜੀ ਕਿਸੇ ਖਾਣ ਵਾਲੀ ਚੀਜ਼ ਵਿਚ ਪ੍ਰੋਟੀਨ ਕਰਕੇ ਹੁੰਦੀ ਹੈ। ਇਮਊਨ ਸਿਸਟਮ ਗ਼ਲਤੀ ਨਾਲ ਦਿਮਾਗ਼ ਨੂੰ ਸੰਦੇਸ਼ ਭੇਜ ਦਿੰਦਾ ਹੈ ਕਿ ਇਹ ਪ੍ਰੋਟੀਨ ਨੁਕਸਾਨਦੇਹ ਹੈ। ਸਰੀਰ ਅੰਦਰ ਕੋਈ ਪ੍ਰੋਟੀਨ ਦਾਖ਼ਲ ਹੋਣ ਤੇ ਇਮਊਨ ਸਿਸਟਮ ਇਕ ਤਰ੍ਹਾਂ ਦਾ ਐਂਟੀਬਾਡੀ (ਬੀਮਾਰੀਆਂ ਨਾਲ ਲੜਨ ਵਾਲੇ ਰਸਾਇਣ) ਪੈਦਾ ਕਰਦਾ ਹੈ ਜਿਸ ਨੂੰ ਇਮੁਊਨੋਗਲੋਬਿਨ E (IgE) ਕਿਹਾ ਜਾਂਦਾ ਹੈ। ਇਹ ਰਸਾਇਣ ਪ੍ਰੋਟੀਨ ਦੇ ਅਸਰ ਨੂੰ ਖ਼ਤਮ ਕਰ ਦਿੰਦਾ ਹੈ। ਜਦੋਂ ਇਸ ਪ੍ਰੋਟੀਨ ਵਾਲੀ ਚੀਜ਼ ਨੂੰ ਦੁਬਾਰਾ ਖਾਧਾ ਜਾਂਦਾ ਹੈ, ਤਾਂ ਪਹਿਲਾਂ ਪੈਦਾ ਹੋਏ ਐਂਟੀਬਾਡੀਜ਼ ਹੋਰ ਰਸਾਇਣਾਂ ਦੇ ਨਾਲ-ਨਾਲ ਹਿਸਟਾਮੀਨ ਛੱਡ ਸਕਦੇ ਹਨ।

ਆਮ ਤੌਰ ਤੇ ਹਿਸਟਾਮੀਨ ਇਮਊਨ ਸਿਸਟਮ ਲਈ ਬਹੁਤ ਫ਼ਾਇਦੇਮੰਦ ਹੈ। ਪਰ ਪਤਾ ਨਹੀਂ ਕਿਉਂ ਸਰੀਰ ਵਿਚ ਇਮੁਊਨੋਗਲੋਬਿਨ E ਐਂਟੀਬਾਡੀਜ਼ ਦੀ ਮੌਜੂਦਗੀ ਅਤੇ ਇਸ ਤੋਂ ਬਾਅਦ ਹਿਸਟਾਮੀਨ ਰਸਾਇਣ ਪੈਦਾ ਹੋਣ ਨਾਲ ਉਨ੍ਹਾਂ ਲੋਕਾਂ ਨੂੰ ਅਲਰਜੀ ਹੋਣ ਲੱਗਦੀ ਹੈ ਜਿਨ੍ਹਾਂ ਨੂੰ ਕਿਸੇ ਪ੍ਰੋਟੀਨ ਤੋਂ ਬਹੁਤ ਜ਼ਿਆਦਾ ਅਲਰਜੀ ਹੁੰਦੀ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਪਹਿਲੀ ਵਾਰ ਕੋਈ ਚੀਜ਼ ਖਾਂਦੇ ਹਾਂ, ਤਾਂ ਉਸ ਦਾ ਅਸਰ ਕਿਉਂ ਨਹੀਂ ਹੁੰਦਾ। ਪਰ ਦੁਬਾਰਾ ਉਹੀ ਚੀਜ਼ ਖਾਣ ਤੇ ਪਤਾ ਲੱਗਦਾ ਹੈ ਕਿ ਇਸ ਤੋਂ ਅਲਰਜੀ ਹੁੰਦੀ ਹੈ ਜਾਂ ਨਹੀਂ।

ਖਾਣਾ ਨਾ ਪਚਣ ਦਾ ਕੀ ਮਤਲਬ ਹੈ?

ਖਾਣੇ ਤੋਂ ਅਲਰਜੀ ਵਾਂਗ ਕੋਈ ਚੀਜ਼ ਨਾ ਪਚਣ ਦਾ ਵੀ ਬੁਰਾ ਅੰਜਾਮ ਹੋ ਸਕਦਾ ਹੈ। ਪਰ ਅਲਰਜੀ ਦੇ ਉਲਟ (ਜੋ ਇਮਊਨ ਸਿਸਟਮ ਕਰਕੇ ਹੁੰਦੀ ਹੈ), ਖਾਣਾ ਨਾ ਪਚਣ ਦਾ ਸੰਬੰਧ ਪਾਚਣ-ਪ੍ਰਣਾਲੀ (Digestive System) ਨਾਲ ਹੁੰਦਾ ਹੈ। ਇਸ ਨਾਲ ਐਂਟੀਬਾਡੀਜ਼ ਦਾ ਕੋਈ ਸੰਬੰਧ ਨਹੀਂ ਹੁੰਦਾ। ਅਸਲ ਵਿਚ ਗੱਲ ਇਹ ਹੈ ਕਿ ਵਿਅਕਤੀ ਨੂੰ ਖਾਣਾ ਹਜ਼ਮ ਕਰਨ ਵਿਚ ਮੁਸ਼ਕਲ ਆਉਂਦੀ ਹੈ। ਇਸ ਦਾ ਕਾਰਨ ਸ਼ਾਇਦ ਐਨਜ਼ਾਈਮ ਨਾਂ ਦੇ ਤੱਤ ਦੀ ਘਾਟ ਹੋਵੇ ਜਾਂ ਖਾਣੇ ਵਿਚ ਪਾਏ ਜਾਂਦੇ ਰਸਾਇਣ ਹੋਣ ਜਿਨ੍ਹਾਂ ਨੂੰ ਹਜ਼ਮ ਕਰਨਾ ਮੁਸ਼ਕਲ ਹੁੰਦਾ ਹੈ। ਮਿਸਾਲ ਲਈ, ਦੁੱਧ ਵਾਲੀਆਂ ਚੀਜ਼ਾਂ ਵਿਚ ਕੁਦਰਤੀ ਤੌਰ ਤੇ ਮੌਜੂਦ ਖੰਡ ਨੂੰ ਹਜ਼ਮ ਕਰਨ ਲਈ ਢਿੱਡ ਜ਼ਰੂਰੀ ਐਨਜ਼ਾਈਮਾਂ ਨੂੰ ਪੈਦਾ ਨਹੀਂ ਕਰਦਾ ਜਿਸ ਕਰਕੇ ਲੈਕਟੋਜ਼ ਪਚਦਾ ਨਹੀਂ।

ਕਿਉਂਕਿ ਐਟੀਬਾਡੀਜ਼ ਪੈਦਾ ਨਹੀਂ ਹੁੰਦੇ, ਇਸ ਲਈ ਜਦੋਂ ਪਹਿਲੀ ਵਾਰ ਤੁਸੀਂ ਕੋਈ ਚੀਜ਼ ਖਾਂਦੇ ਹੋ, ਤਾਂ ਉਹ ਪਚਦੀ ਨਹੀਂ। ਨਾਲੇ ਮਾਤਰਾ ਵੀ ਮਾਅਨੇ ਰੱਖਦੀ ਹੈ। ਜੇ ਤੁਸੀਂ ਥੋੜ੍ਹੀ ਮਾਤਰਾ ਵਿਚ ਕੋਈ ਚੀਜ਼ ਖਾਂਦੇ ਹੋ, ਤਾਂ ਸ਼ਾਇਦ ਉਹ ਪਚ ਜਾਵੇ। ਪਰ ਜ਼ਿਆਦਾ ਮਾਤਰਾ ਵਿਚ ਕੋਈ ਚੀਜ਼ ਖਾਣ ਨਾਲ ਉਹ ਸ਼ਾਇਦ ਨਾ ਪਚੇ। ਖਾਣਾ ਨਾ ਪਚਣ ਦੀ ਸਮੱਸਿਆ ਖਾਣੇ ਤੋਂ ਹੋਣ ਵਾਲੀਆਂ ਗੰਭੀਰ ਅਲਰਜੀਆਂ ਤੋਂ ਅਲੱਗ ਹੈ ਜੋ ਮਾੜਾ ਜਿਹਾ ਖਾਣਾ ਖਾਣ ਤੇ ਵੀ ਜਾਨਲੇਵਾ ਹੋ ਸਕਦੀਆਂ ਹਨ।

ਇਸ ਦੇ ਕੀ ਲੱਛਣ ਹਨ?

ਜੇ ਤੁਹਾਨੂੰ ਖਾਣੇ ਤੋਂ ਅਲਰਜੀ ਹੈ, ਤਾਂ ਤੁਹਾਡੇ ਖਾਜ ਤੇ ਧੱਫੜ ਹੋ ਸਕਦੇ ਹਨ, ਗਲ਼ਾ, ਅੱਖਾਂ ਜਾਂ ਜੀਭ ਸੁੱਜ ਸਕਦੀ ਹੈ, ਜੀ ਕੱਚਾ-ਕੱਚਾ ਹੋ ਸਕਦਾ ਹੈ, ਉਲਟੀਆਂ ਜਾਂ ਦਸਤ ਲੱਗ ਸਕਦੇ ਹਨ। ਇਸ ਤੋਂ ਬੁਰੀ ਹਾਲਤ ਹੋ ਸਕਦੀ ਹੈ ਕਿ ਬਲੱਡ-ਪ੍ਰੈਸ਼ਰ ਘੱਟ ਸਕਦਾ, ਚੱਕਰ ਆ ਸਕਦੇ, ਤੁਸੀਂ ਬੇਹੋਸ਼ ਹੋ ਸਕਦੇ ਹੋ ਤੇ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਐਨਾਫਲੈਕਟਿਕ (ਤੇਜ਼ੀ ਨਾਲ ਹੋਣ ਵਾਲੀ ਗੰਭੀਰ ਅਲਰਜੀ) ਦੌਰਾ ਵੀ ਪੈ ਸਕਦਾ ਹੈ ਜੋ ਸ਼ਾਇਦ ਜਾਨਲੇਵਾ ਸਾਬਤ ਹੋਵੇ।

ਕਿਸੇ ਵੀ ਖਾਣ ਵਾਲੀ ਚੀਜ਼ ਤੋਂ ਅਲਰਜੀ ਹੋ ਸਕਦੀ ਹੈ। ਪਰ ਜ਼ਿਆਦਾਤਰ ਖ਼ਤਰਨਾਕ ਅਲਰਜੀਆਂ ਇਨ੍ਹਾਂ ਚੀਜ਼ਾਂ ਤੋਂ ਹੁੰਦੀਆਂ ਹਨ: ਦੁੱਧ, ਅੰਡੇ, ਮੱਛੀ, ਝੀਂਗੇ, ਕੇਕੜੇ, ਮੂੰਗਫਲੀ, ਸੋਇਆਬੀਨ, ਮੇਵੇ ਤੇ ਕਣਕ। ਇਕ ਇਨਸਾਨ ਨੂੰ ਕਿਸੇ ਵੀ ਉਮਰ ਵਿਚ ਅਲਰਜੀ ਹੋ ਸਕਦੀ ਹੈ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਅਲਰਜੀ ਖ਼ਾਨਦਾਨੀ ਵੀ ਹੁੰਦੀ ਹੈ। ਇਕ ਬੱਚੇ ਨੂੰ ਅਲਰਜੀ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਜੇ ਉਸ ਦੀ ਮਾਤਾ ਜਾਂ ਪਿਤਾ ਜਾਂ ਦੋਵਾਂ ਨੂੰ ਕਿਸੇ ਚੀਜ਼ ਤੋਂ ਅਲਰਜੀ ਹੈ। ਕਈ ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ ਅਲਰਜੀ ਹੋਣੀ ਬੰਦ ਹੋ ਜਾਂਦੀ ਹੈ।

ਖਾਣਾ ਨਾ ਪਚਣ ਦੇ ਲੱਛਣ ਇੰਨੇ ਗੰਭੀਰ ਨਹੀਂ ਹੁੰਦੇ ਜਿੰਨੇ ਗੰਭੀਰ ਅਲਰਜੀ ਹੋਣ ਦੇ ਹੁੰਦੇ ਹਨ। ਖਾਣਾ ਨਾ ਪਚਣ ਦੇ ਲੱਛਣ ਹਨ: ਪੇਟ ਦਰਦ, ਸੋਜ, ਗੈਸ ਹੋਣੀ, ਢਿੱਡ ਵਿਚ ਵੱਟ ਪੈਣੇ, ਸਿਰ ਦਰਦ, ਚਮੜੀ ’ਤੇ ਦਾਣੇ ਨਿਕਲਣੇ, ਥਕਾਵਟ ਜਾਂ ਘਬਰਾਹਟ ਹੋਣੀ। ਆਮ ਤੌਰ ਤੇ ਇਹ ਚੀਜ਼ਾਂ ਸ਼ਾਇਦ ਨਾ ਪਚਣ: ਦੁੱਧ ਤੋਂ ਬਣੀਆਂ ਚੀਜ਼ਾਂ, ਕਣਕ, ਗਲੁਟਨ, ਸ਼ਰਾਬ ਅਤੇ ਖ਼ਮੀਰ।

ਪਛਾਣ ਅਤੇ ਇਲਾਜ

ਜੇ ਤੁਹਾਨੂੰ ਖਾਣੇ ਤੋਂ ਅਲਰਜੀ ਹੈ ਜਾਂ ਖਾਣਾ ਨਹੀਂ ਪਚਦਾ, ਤਾਂ ਤੁਸੀਂ ਕਿਸੇ ਮਾਹਰ ਡਾਕਟਰ ਨੂੰ ਮਿਲ ਸਕਦੇ ਹੋ। ਜੇ ਤੁਸੀਂ ਆਪਣੇ ਆਪ ਹੀ ਸਿੱਟਾ ਕੱਢ ਲੈਂਦੇ ਹੋ ਕਿ ਤੁਹਾਨੂੰ ਕਿਸ ਖਾਣ ਵਾਲੀ ਚੀਜ਼ ਤੋਂ ਅਲਰਜੀ ਹੈ ਜਾਂ ਕਿਹੜਾ ਖਾਣਾ ਤੁਹਾਨੂੰ ਨਹੀਂ ਪਚਦਾ, ਤਾਂ ਤੁਸੀਂ ਆਪ ਹੀ ਉਹ ਚੀਜ਼ਾਂ ਖਾਣੀਆਂ ਛੱਡ ਦਿੰਦੇ ਹੋ ਜੋ ਕਿ ਚੰਗੀ ਗੱਲ ਨਹੀਂ ਹੈ। ਤੁਸੀਂ ਸ਼ਾਇਦ ਅਣਜਾਣੇ ਵਿਚ ਆਪਣੇ ਸਰੀਰ ਨੂੰ ਪੌਸ਼ਟਿਕ ਤੱਤਾਂ ਤੋਂ ਵਾਂਝਿਆਂ ਰੱਖ ਰਹੇ ਹੋਵੋਗੇ।

ਖਾਣੇ ਤੋਂ ਹੋਣ ਵਾਲੀ ਖ਼ਤਰਨਾਕ ਅਲਰਜੀਆਂ ਦਾ ਕੋਈ ਮੰਨਿਆ-ਪ੍ਰਮੰਨਿਆ ਇਲਾਜ ਨਹੀਂ ਹੈ, ਬਸ਼ਰਤੇ ਕਿ ਤੁਸੀਂ ਉਸ ਚੀਜ਼ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ ਜਿਸ ਤੋਂ ਤੁਹਾਨੂੰ ਅਲਰਜੀ ਹੋ ਸਕਦੀ ਹੈ। * ਦੂਜੇ ਪਾਸੇ ਜੇ ਤੁਹਾਨੂੰ ਮਾੜੀ-ਮੋਟੀ ਅਲਰਜੀ ਹੁੰਦੀ ਹੈ ਜਾਂ ਖਾਣਾ ਨਹੀਂ ਪਚਦਾ, ਤਾਂ ਤੁਸੀਂ ਉਹ ਖਾਣਾ ਜ਼ਿਆਦਾ ਵਾਰ ਨਾ ਖਾਓ ਅਤੇ ਉਸ ਦੀ ਮਾਤਰਾ ਵੀ ਘਟਾ ਦਿਓ। ਪਰ ਕੁਝ ਲੋਕਾਂ ਨੂੰ ਇਸ ਤਰ੍ਹਾਂ ਦੇ ਖਾਣੇ ਨੂੰ ਪੂਰੀ ਤਰ੍ਹਾਂ ਜਾਂ ਕੁਝ ਸਮੇਂ ਲਈ ਛੱਡਣਾ ਪਿਆ ਜੋ ਕਿ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੀ ਹਾਲਤ ਕਿੰਨੀ ਕੁ ਗੰਭੀਰ ਹੈ।

ਜੇ ਤੁਹਾਨੂੰ ਖਾਣੇ ਤੋਂ ਅਲਰਜੀ ਹੈ ਜਾਂ ਖਾਣਾ ਨਹੀਂ ਪਚਦਾ, ਤਾਂ ਤੁਹਾਨੂੰ ਇਹ ਜਾਣ ਕੇ ਹੌਸਲਾ ਮਿਲੇਗਾ ਕਿ ਬਹੁਤ ਸਾਰੇ ਰੋਗੀਆਂ ਨੇ ਆਪਣੀ ਸਿਹਤ ਦਾ ਧਿਆਨ ਰੱਖਣਾ ਸਿੱਖਿਆ ਹੈ ਅਤੇ ਉਹ ਹਾਲੇ ਵੀ ਤਰ੍ਹਾਂ-ਤਰ੍ਹਾਂ ਦੇ ਪੌਸ਼ਟਿਕ ਅਤੇ ਸੁਆਦੀ ਖਾਣੇ ਦਾ ਆਨੰਦ ਮਾਣਦੇ ਹਨ। ▪ (g16-E No. 3)

^ ਪੈਰਾ 19 ਜਿਨ੍ਹਾਂ ਨੂੰ ਗੰਭੀਰ ਅਲਰਜੀ ਹੈ ਉਨ੍ਹਾਂ ਨੂੰ ਅਕਸਰ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਨਾਲ ਐਡਰੇਨਾਲੀਨ (ਏਪੀਨੇਫ੍ਰੀਨ) ਨਾਂ ਦਾ ਟੀਕਾ ਰੱਖਣ ਜੋ ਐਮਰਜੈਂਸੀ ਵੇਲੇ ਆਪਣੇ ਆਪ ਲਗਾਇਆ ਜਾ ਸਕਦਾ ਹੈ। ਕੁਝ ਡਾਕਟਰ ਸੁਝਾਅ ਦਿੰਦੇ ਹਨ ਕਿ ਬੱਚੇ ਆਪਣੇ ਨਾਲ ਇੱਦਾਂ ਦਾ ਕੁਝ ਰੱਖਣ ਜਾਂ ਬੈਂਡ ਪਾਉਣ ਜਿਸ ਨਾਲ ਉਨ੍ਹਾਂ ਦੇ ਅਧਿਆਪਕਾਂ ਅਤੇ ਦੇਖ-ਭਾਲ ਕਰਨ ਵਾਲਿਆਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਕਿਸ ਚੀਜ਼ ਤੋਂ ਅਲਰਜੀ ਹੈ।