Skip to content

Skip to table of contents

ਜਦੋਂ ਬੱਚੇ ਸੋਗ ਮਨਾਉਂਦੇ ਹਨ

ਜਦੋਂ ਬੱਚੇ ਸੋਗ ਮਨਾਉਂਦੇ ਹਨ

ਕੀ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਗੁਜ਼ਰ ਗਿਆ ਹੈ? ਜੇ ਹਾਂ, ਤਾਂ ਤੁਸੀਂ ਇਸ ਗਮ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ? ਗੌਰ ਕਰੋ ਕਿ ਬਾਈਬਲ ਦੀ ਮਦਦ ਨਾਲ ਤਿੰਨ ਨੌਜਵਾਨ ਆਪਣਾ ਦੁੱਖ ਕਿਵੇਂ ਸਹਿ ਸਕੇ।

ਦਾਮੀ ਦੀ ਕਹਾਣੀ

ਦਾਮੀ

ਪਹਿਲਾਂ-ਪਹਿਲ ਲੱਗਦਾ ਸੀ ਕਿ ਡੈਡੀ ਜੀ ਦੇ ਸਿਰ ਵਿਚ ਬਸ ਦਰਦ ਹੀ ਹੁੰਦਾ ਸੀ। ਪਰ ਜਦੋਂ ਦਰਦ ਸਹਿਣ ਤੋਂ ਬਾਹਰ ਹੋ ਗਿਆ, ਤਾਂ ਮੰਮੀ ਜੀ ਨੇ ਐਂਬੂਲੈਂਸ ਬੁਲਾਈ। ਮੈਨੂੰ ਅਜੇ ਵੀ ਯਾਦ ਹੈ ਜਦੋਂ ਐਂਬੂਲੈਂਸ ਵਾਲੇ ਡੈਡੀ ਜੀ ਨੂੰ ਹਸਪਤਾਲ ਲੈ ਗਏ। ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਆਖ਼ਰੀ ਵਾਰ ਡੈਡੀ ਜੀ ਨੂੰ ਜੀਉਂਦੇ ਦੇਖ ਰਹੀ ਸੀ। ਤਿੰਨਾਂ ਦਿਨਾਂ ਬਾਅਦ ਮੇਰੇ ਡੈਡੀ ਜੀ ਦੀ ਮੌਤ ਦਿਮਾਗ਼ ਦੀ ਨਾੜੀ ਫਟਣ ਕਰਕੇ ਹੋ ਗਈ। ਮੈਂ ਉਸ ਵੇਲੇ ਸਿਰਫ਼ ਛੇ ਸਾਲਾਂ ਦੀ ਸੀ।

ਸਾਲਾਂ ਤਕ ਮੈਂ ਆਪਣੇ ਆਪ ਨੂੰ ਡੈਡੀ ਜੀ ਦੀ ਮੌਤ ਦਾ ਕਸੂਰਵਾਰ ਮੰਨਦੀ ਰਹੀ। ਮੈਨੂੰ ਯਾਦ ਆਉਂਦਾ ਸੀ ਕਿ ਐਂਬੂਲੈਂਸ ਵਾਲੇ ਡੈਡੀ ਜੀ ਨੂੰ ਕਿੱਦਾਂ ਹਸਪਤਾਲ ਲੈ ਗਏ। ਮੈਂ ਆਪਣੇ ਆਪ ਤੋਂ ਪੁੱਛਦੀ ਸੀ: ‘ਮੈਂ ਖੜ੍ਹੀ ਦੇਖਦੀ ਕਿਉਂ ਰਹੀ? ਮੈਂ ਕੁਝ ਕੀਤਾ ਕਿਉਂ ਨਹੀਂ?’ ਮੈਂ ਬੀਮਾਰ ਸਿਆਣਿਆਂ ਨੂੰ ਦੇਖਦੀ ਤੇ ਸੋਚਦੀ ਹੁੰਦੀ ਸੀ, ‘ਇਹ ਕਿਉਂ ਜੀਉਂਦੇ ਹਨ ਤੇ ਮੇਰੇ ਡੈਡੀ ਜੀ ਕਿਉਂ ਮਰ ਗਏ?’ ਸਮੇਂ ਦੇ ਬੀਤਣ ਨਾਲ ਮੇਰੇ ਮੰਮੀ ਜੀ ਨੇ ਮੇਰੀ ਮਦਦ ਕੀਤੀ ਕਿ ਮੈਂ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਦੱਸ ਸਕਾਂ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਸਾਨੂੰ ਮੰਡਲੀ ਦੇ ਭੈਣਾਂ-ਭਰਾਵਾਂ ਤੋਂ ਵੀ ਸਹਾਰਾ ਮਿਲਿਆ।

ਕੁਝ ਲੋਕ ਸੋਚਦੇ ਹਨ ਕਿ ਤੁਸੀਂ ਉਸੇ ਵੇਲੇ ਸੋਗ ਮਨਾ ਕੇ ਗਮ ਵਿੱਚੋਂ ਬਾਹਰ ਆ ਸਕਦੇ ਹੋ। ਪਰ ਮੇਰੇ ਨਾਲ ਇੱਦਾਂ ਨਹੀਂ ਹੋਇਆ। ਮੈਂ 13-14 ਸਾਲਾਂ ਦੀ ਉਮਰ ਤਕ ਸੋਗ ਨਹੀਂ ਕੀਤਾ।

ਜਿਹੜੇ ਨੌਜਵਾਨਾਂ ਦੇ ਮਾਂ ਜਾਂ ਬਾਪ ਗੁਜ਼ਰ ਗਏ ਹਨ, ਉਨ੍ਹਾਂ ਨੌਜਵਾਨਾਂ ਲਈ ਮੇਰੀ ਇਹੀ ਸਲਾਹ ਹੈ ਕਿ “ਉਹ ਕਿਸੇ ਨੂੰ ਦੱਸਣ ਕਿ ਉਨ੍ਹਾਂ ’ਤੇ ਕੀ ਬੀਤ ਰਹੀ ਹੈ। ਤੁਸੀਂ ਜਿੰਨੀ ਜਲਦੀ ਆਪਣੇ ਦਿਲ ਦੀਆਂ ਗੱਲਾਂ ਕਿਸੇ ਨੂੰ ਦੱਸੋਗੇ, ਤੁਹਾਡੀ ਸਿਹਤ ਲਈ ਉੱਨਾ ਜ਼ਿਆਦਾ ਚੰਗਾ ਹੋਵੇਗਾ।”

ਮੇਰੀ ਜ਼ਿੰਦਗੀ ਵਿਚ ਜਦੋਂ ਵੀ ਕੋਈ ਅਹਿਮ ਮੌਕਾ ਆਉਂਦਾ ਹੈ, ਤਾਂ ਮੈਨੂੰ ਬਹੁਤ ਦੁੱਖ ਲੱਗਦਾ ਕਿ ਉਸ ਸਮੇਂ ਮੇਰੇ ਡੈਡੀ ਮੇਰੇ ਨਾਲ ਨਹੀਂ ਹੁੰਦੇ। ਪਰ ਮੈਨੂੰ ਪ੍ਰਕਾਸ਼ ਦੀ ਕਿਤਾਬ 21:4 ਵਿਚ ਦਿੱਤੇ ਵਾਅਦੇ ਤੋਂ ਹੌਸਲਾ ਮਿਲਦਾ ਹੈ ਜਿੱਥੇ ਲਿਖਿਆ ਹੈ ਕਿ ਪਰਮੇਸ਼ੁਰ ਬਹੁਤ ਜਲਦੀ ਹੀ “ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”

ਡੈਰਿਕ ਦੀ ਕਹਾਣੀ

ਡੈਰਿਕ

ਡੈਡੀ ਜੀ ਨਾਲ ਮੇਰੀਆਂ ਬਹੁਤ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਹਨ। ਮੈਂ ਆਪਣੇ ਡੈਡੀ ਨਾਲ ਮੱਛੀਆਂ ਫੜਨ ਅਤੇ ਪਹਾੜਾਂ ’ਤੇ ਕੈਂਪਿੰਗ ਕਰਨ ਜਾਂਦਾ ਹੁੰਦਾ ਸੀ। ਮੇਰੇ ਡੈਡੀ ਨੂੰ ਪਹਾੜ ਬਹੁਤ ਪਸੰਦ ਸਨ।

ਮੇਰੇ ਡੈਡੀ ਦਿਲ ਦੇ ਮਰੀਜ਼ ਸਨ। ਮੈਨੂੰ ਯਾਦ ਹੈ ਕਿ ਮੈਂ ਬਚਪਨ ਵਿਚ ਆਪਣੇ ਡੈਡੀ ਜੀ ਨਾਲ ਇਕ-ਦੋ ਵਾਰ ਹਸਪਤਾਲ ਗਿਆ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਬੀਮਾਰੀ ਇੰਨੀ ਗੰਭੀਰ ਸੀ। ਮੈਂ ਨੌਂ ਸਾਲਾਂ ਦਾ ਸੀ ਜਦੋਂ ਮੇਰੇ ਡੈਡੀ ਗੁਜ਼ਰ ਗਏ।

ਉਨ੍ਹਾਂ ਦੀ ਮੌਤ ਤੋਂ ਬਾਅਦ ਮੈਂ ਬਹੁਤ ਰੋਇਆ। ਮੈਨੂੰ ਇੱਦਾਂ ਲੱਗਾ ਕਿ ਮੇਰਾ ਦਮ ਘੁੱਟ ਰਿਹਾ ਹੋਵੇ ਤੇ ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰਨੀ ਚਾਹੁੰਦਾ ਸੀ। ਮੈਂ ਆਪਣੀ ਪੂਰੀ ਜ਼ਿੰਦਗੀ ਇੱਦਾਂ ਕਦੀ ਵੀ ਮਹਿਸੂਸ ਨਹੀਂ ਕੀਤਾ ਸੀ ਅਤੇ ਮੇਰਾ ਕੁਝ ਵੀ ਕਰਨ ਨੂੰ ਜੀ ਨਹੀਂ ਕਰਦਾ ਸੀ। ਮੈਂ ਚਰਚ ਦੇ ਇਕ ਨੌਜਵਾਨ ਗਰੁੱਪ ਨਾਲ ਜੁੜਿਆ ਹੋਇਆ ਸੀ, ਉਸ ਗਰੁੱਪ ਨੇ ਪਹਿਲਾਂ-ਪਹਿਲ ਤਾਂ ਮੇਰੇ ਵਿਚ ਬਹੁਤ ਦਿਲਚਸਪੀ ਦਿਖਾਈ, ਪਰ ਜਲਦੀ ਹੀ ਉਨ੍ਹਾਂ ਨੇ ਆਉਣਾ ਛੱਡ ਦਿੱਤਾ। ਲੋਕ ਇੱਦਾਂ ਦੀਆਂ ਗੱਲਾਂ ਕਹਿੰਦੇ ਸਨ, “ਤੇਰੇ ਡੈਡੀ ਦੀ ਜਾਣ ਦੀ ਵਾਰੀ ਸੀ” ਜਾਂ “ਰੱਬ ਨੇ ਉਸ ਨੂੰ ਬੁਲਾ ਲਿਆ” ਜਾਂ “ਉਹ ਹੁਣ ਸਵਰਗ ਵਿਚ ਹੈ।” ਇਨ੍ਹਾਂ ਗੱਲਾਂ ਤੋਂ ਮੈਨੂੰ ਕਦੇ ਵੀ ਦਿਲਾਸਾ ਨਹੀਂ ਮਿਲਿਆ, ਪਰ ਮੈਨੂੰ ਪਤਾ ਨਹੀਂ ਸੀ ਕਿ ਬਾਈਬਲ ਅਸਲ ਵਿਚ ਇਨ੍ਹਾਂ ਗੱਲਾਂ ਬਾਰੇ ਕੀ ਦੱਸਦੀ ਹੈ।

ਫਿਰ ਮੇਰੇ ਮੰਮੀ ਯਹੋਵਾਹ ਦੇ ਗਵਾਹਾਂ ਤੋਂ ਬਾਈਬਲ ਬਾਰੇ ਸਿੱਖਣ ਲੱਗ ਪਏ। ਬਾਅਦ ਵਿਚ ਮੈਂ ਤੇ ਮੇਰਾ ਵੱਡਾ ਭਰਾ ਵੀ ਸਿੱਖਣ ਲੱਗ ਪਏ। ਅਸੀਂ ਮਰੇ ਹੋਇਆਂ ਦੀ ਹਾਲਾਤ ਬਾਰੇ ਸਿੱਖਣ ਦੇ ਨਾਲ-ਨਾਲ ਇਹ ਵੀ ਸਿੱਖਿਆ ਕਿ ਪਰਮੇਸ਼ੁਰ ਨੇ ਮਰੇ ਹੋਇਆਂ ਨੂੰ ਦੁਬਾਰਾ ਜੀਉਂਦੇ ਕਰਨ ਦਾ ਵਾਅਦਾ ਕੀਤਾ ਹੈ। (ਯੂਹੰਨਾ 5:28, 29) ਪਰ ਯਸਾਯਾਹ 41:10 ਦੇ ਹਵਾਲੇ ਨੇ ਮੇਰੀ ਸਭ ਤੋਂ ਜ਼ਿਆਦਾ ਮਦਦ ਕੀਤੀ, ਜਿੱਥੇ ਰੱਬ ਕਹਿੰਦਾ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ।” ਉਸ ਦੁੱਖ ਦੀ ਘੜੀ ਵਿਚ ਮੈਨੂੰ ਇਹ ਜਾਣ ਕੇ ਬਹੁਤ ਹੀ ਦਿਲਾਸਾ ਮਿਲਿਆ ਕਿ ਯਹੋਵਾਹ ਮੇਰੇ ਨਾਲ ਸੀ ਤੇ ਅੱਜ ਵੀ ਮੈਨੂੰ ਇਸ ਗੱਲ ਤੋਂ ਦਿਲਾਸਾ ਮਿਲਦਾ ਹੈ।

ਜੈਨੀ ਦੀ ਕਹਾਣੀ

ਜੈਨੀ

ਜਦੋਂ ਮੈਂ ਸੱਤਾਂ ਸਾਲਾਂ ਦੀ ਸੀ, ਉਦੋਂ ਮੇਰੇ ਮੰਮੀ ਜੀ ਦੀ ਕੈਂਸਰ ਨਾਲ ਮੌਤ ਹੋ ਗਈ। ਮੈਨੂੰ ਇਸ ਗੱਲ ’ਤੇ ਯਕੀਨ ਹੀ ਨਹੀਂ ਸੀ ਹੋ ਰਿਹਾ। ਮੈਨੂੰ ਯਾਦ ਹੈ ਕਿ ਉਨ੍ਹਾਂ ਦੀ ਮੌਤ ਘਰੇ ਹੀ ਹੋਈ ਸੀ ਤੇ ਮੇਰੇ ਨਾਨਾ-ਨਾਨੀ ਜੀ ਉੱਥੇ ਹੀ ਸਨ। ਮੈਨੂੰ ਯਾਦ ਹੈ ਕਿ ਸਾਰੇ ਇਕਦਮ ਸ਼ਾਂਤ ਸਨ। ਮੈਨੂੰ ਯਾਦ ਹੈ ਕਿ ਅਸੀਂ ਰਾਤ ਨੂੰ ਆਂਡਿਆਂ ਦੀ ਭੁਰਜੀ ਖਾਧੀ ਸੀ। ਮੈਨੂੰ ਲੱਗਾ ਕਿ ਮੇਰੀ ਪੂਰੀ ਜ਼ਿੰਦਗੀ ਹੌਲੀ-ਹੌਲੀ ਬਦਲ ਰਹੀ ਸੀ।

ਉਸ ਸਮੇਂ ਅਤੇ ਕਈ ਸਾਲਾਂ ਬਾਅਦ ਵੀ ਮੈਂ ਸੋਚਦੀ ਸੀ ਕਿ ਮੈਨੂੰ ਆਪਣੀ ਛੋਟੀ ਭੈਣ ਕਰਕੇ ਹਿੰਮਤ ਰੱਖਣ ਦੀ ਲੋੜ ਸੀ। ਇਸ ਕਰਕੇ ਮੈਂ ਆਪਣੇ ਜਜ਼ਬਾਤਾਂ ਨੂੰ ਅੰਦਰ ਹੀ ਲੁਕੋ ਲਿਆ। ਮੈਂ ਅੱਜ ਤਕ ਵੀ ਆਪਣੀਆਂ ਦੁਖਦਾਈ ਭਾਵਨਾਵਾਂ ਨੂੰ ਅੰਦਰ ਹੀ ਅੰਦਰ ਦਬਾ ਲੈਂਦੀ ਹਾਂ। ਮੈਨੂੰ ਪਤਾ ਹੈ ਕਿ ਇੱਦਾਂ ਕਰਨ ਨਾਲ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ।

ਮੈਨੂੰ ਯਾਦ ਹੈ ਕਿ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਨੇ ਸਾਨੂੰ ਕਿੰਨਾ ਪਿਆਰ ਦਿਖਾਇਆ ਤੇ ਸਾਡੀ ਕਿੰਨੀ ਮਦਦ ਕੀਤੀ। ਭਾਵੇਂ ਕਿ ਅਸੀਂ ਹੁਣੇ-ਹੁਣੇ ਹੀ ਸਭਾਵਾਂ ਵਿਚ ਜਾਣਾ ਸ਼ੁਰੂ ਕੀਤਾ ਸੀ, ਪਰ ਭੈਣਾਂ-ਭਰਾਵਾਂ ਨੇ ਸਾਨੂੰ ਇੰਨਾ ਪਿਆਰ ਦਿਖਾਇਆ ਜਿਵੇਂ ਅਸੀਂ ਉਨ੍ਹਾਂ ਨੂੰ ਸਾਲਾਂ ਤੋਂ ਜਾਣਦੇ ਹੋਈਏ। ਮੈਨੂੰ ਨਹੀਂ ਲੱਗਦਾ ਕਿ ਮੇਰੇ ਡੈਡੀ ਜੀ ਨੇ ਪੂਰਾ ਸਾਲ ਰਾਤ ਦਾ ਖਾਣਾ ਬਣਾਇਆ ਹੋਵੇ ਕਿਉਂਕਿ ਭੈਣ-ਭਰਾ ਖਾਣਾ ਦੇ ਜਾਂਦੇ ਸਨ।

ਮੈਨੂੰ ਜ਼ਬੂਰਾਂ ਦੀ ਪੋਥੀ 25:16, 17 ਬਹੁਤ ਪਸੰਦ ਹੈ। ਉੱਥੇ ਜ਼ਬੂਰਾਂ ਦਾ ਲਿਖਾਰੀ ਪਰਮੇਸ਼ੁਰ ਨੂੰ ਬੇਨਤੀ ਕਰਦਾ ਹੈ: “ਮੇਰੀ ਵੱਲ ਮੂੰਹ ਕਰ ਕੇ ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਇਕੱਲਾ ਅਰ ਦੁਖੀ ਹਾਂ। ਮੇਰੇ ਮਨ ਦੇ ਸੰਕਟ ਵਧ ਗਏ ਹਨ, ਮੇਰਿਆਂ ਭੈਜਲਾਂ ਤੋਂ ਮੈਨੂੰ ਬਾਹਰ ਕੱਢ।” ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਤੁਸੀਂ ਆਪਣੀ ਦੁੱਖ ਦੀ ਘੜੀ ਵਿਚ ਕਦੇ ਇਕੱਲੇ ਨਹੀਂ ਹੁੰਦੇ। ਪਰਮੇਸ਼ੁਰ ਤੁਹਾਡੇ ਨਾਲ ਹੁੰਦਾ ਹੈ। ਬਾਈਬਲ ਦੀ ਮਦਦ ਨਾਲ ਮੈਂ ਆਪਣੀ ਜ਼ਿੰਦਗੀ ਵਿਚ ਅੱਗੇ ਵਧ ਸਕੀ ਅਤੇ ਚੰਗੀਆਂ ਗੱਲਾਂ ’ਤੇ ਧਿਆਨ ਲਾ ਸਕੀ, ਜਿਵੇਂ ਬਾਈਬਲ ਵਿਚ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ। ਮੈਨੂੰ ਆਪਣੀ ਮੰਮੀ ਨੂੰ ਦੁਬਾਰਾ ਮਿਲਣ ਦੀ ਉਮੀਦ ਹੈ ਅਤੇ ਨਵੀਂ ਦੁਨੀਆਂ ਵਿਚ ਉਹ ਪੂਰੀ ਤਰ੍ਹਾਂ ਤੰਦਰੁਸਤ ਹੋਣਗੇ।2 ਪਤਰਸ 3:13.

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਕਿ ਬਾਈਬਲ ਸੋਗ ਮਨਾ ਰਹੇ ਲੋਕਾਂ ਨੂੰ ਕਿਹੜਾ ਦਿਲਾਸਾ ਭਰਿਆ ਸੰਦੇਸ਼ ਦਿੰਦੀ ਹੈ। ਤੁਸੀਂ “ਮੌਤ ਦਾ ਗਮ ਕਿੱਦਾਂ ਸਹੀਏ?” ਨਾਂ ਦਾ ਬਰੋਸ਼ਰ ਡਾਊਨਲੋਡ ਕਰ ਸਕਦੇ ਹੋ। www.pr418.com/pa ’ਤੇ ਜਾਓ ਅਤੇ “ਕਿਤਾਬਾਂ ਅਤੇ ਮੈਗਜ਼ੀਨ” > ਕਿਤਾਬਾਂ ਅਤੇ ਮੈਗਜ਼ੀਨ ਹੇਠਾਂ ਦੇਖੋ।