Skip to content

Skip to table of contents

ਪਾਠ 15

ਮੰਡਲੀ ਵਿਚ ਬਜ਼ੁਰਗ ਕਿਵੇਂ ਸੇਵਾ ਕਰਦੇ ਹਨ?

ਮੰਡਲੀ ਵਿਚ ਬਜ਼ੁਰਗ ਕਿਵੇਂ ਸੇਵਾ ਕਰਦੇ ਹਨ?

ਫਿਨਲੈਂਡ

ਸਿੱਖਿਆ ਦਿੰਦੇ ਹੋਏ

ਦੇਖ-ਭਾਲ ਕਰਦੇ ਹੋਏ

ਪ੍ਰਚਾਰ ਕਰਦੇ ਹੋਏ

ਸਾਡੇ ਸੰਗਠਨ ਵਿਚ ਪਾਦਰੀ ਨਹੀਂ ਹਨ ਜਿਨ੍ਹਾਂ ਨੂੰ ਤਨਖ਼ਾਹ ਮਿਲਦੀ ਹੈ। ਇਸ ਦੀ ਬਜਾਇ, ਜਿਵੇਂ ਪਹਿਲੀ ਸਦੀ ਵਿਚ ਮਸੀਹੀ ਮੰਡਲੀ ਵਿਚ ਹੁੰਦਾ ਸੀ, ਤਿਵੇਂ ਅੱਜ ਕਾਬਲ ਨਿਗਾਹਬਾਨਾਂ ਨੂੰ “ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ” ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ। (ਰਸੂਲਾਂ ਦੇ ਕੰਮ 20:28) ਬਜ਼ੁਰਗਾਂ ਦਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ ਅਤੇ ਉਹ ਮੰਡਲੀ ਵਿਚ ਅਗਵਾਈ ਕਰਦੇ ਹਨ ਅਤੇ ਚਰਵਾਹਿਆਂ ਵਾਂਗ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦੇ ਹਨ। ਉਹ ‘ਇਹ ਕੰਮ ਮਜਬੂਰੀ ਨਾਲ ਨਹੀਂ, ਸਗੋਂ ਖ਼ੁਸ਼ੀ-ਖ਼ੁਸ਼ੀ ਕਰਦੇ ਹਨ; ਅਤੇ ਬੇਈਮਾਨੀ ਨਾਲ ਕੁਝ ਹਾਸਲ ਕਰਨ ਦੇ ਲਾਲਚ ਨਾਲ ਨਹੀਂ, ਸਗੋਂ ਜੋਸ਼ ਨਾਲ ਕਰਦੇ ਹਨ।’ (1 ਪਤਰਸ 5:1-3) ਬਜ਼ੁਰਗ ਸਾਡੇ ਲਈ ਕਿਹੜੇ ਕੰਮ ਕਰਦੇ ਹਨ?

ਉਹ ਸਾਡੀ ਦੇਖ-ਭਾਲ ਤੇ ਰੱਖਿਆ ਕਰਦੇ ਹਨ। ਬਜ਼ੁਰਗ ਮੰਡਲੀ ਵਿਚ ਭੈਣਾਂ-ਭਰਾਵਾਂ ਨੂੰ ਸਲਾਹ ਦਿੰਦੇ ਹਨ ਅਤੇ ਉਨ੍ਹਾਂ ਦੀ ਬੁਰੇ ਪ੍ਰਭਾਵਾਂ ਤੋਂ ਰੱਖਿਆ ਕਰਦੇ ਹਨ ਤਾਂਕਿ ਉਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਰਹੇ। ਬਜ਼ੁਰਗ ਜਾਣਦੇ ਹਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਹ ਭਾਰੀ ਜ਼ਿੰਮੇਵਾਰੀ ਸੌਂਪੀ ਹੈ, ਇਸ ਲਈ ਉਹ ਪਰਮੇਸ਼ੁਰ ਦੇ ਲੋਕਾਂ ’ਤੇ ਹੁਕਮ ਨਹੀਂ ਚਲਾਉਂਦੇ, ਸਗੋਂ ਉਹ ਹਰ ਕੰਮ ਸਾਡੇ ਭਲੇ ਤੇ ਖ਼ੁਸ਼ੀ ਲਈ ਕਰਦੇ ਹਨ। (2 ਕੁਰਿੰਥੀਆਂ 1:24) ਠੀਕ ਜਿਵੇਂ ਇਕ ਚਰਵਾਹਾ ਹਰ ਇਕ ਭੇਡ ਦੀ ਦੇਖ-ਭਾਲ ਕਰਨ ਲਈ ਮਿਹਨਤ ਕਰਦਾ ਹੈ, ਤਿਵੇਂ ਹੀ ਬਜ਼ੁਰਗ ਮੰਡਲੀ ਵਿਚ ਹਰ ਭੈਣ-ਭਰਾ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ।ਕਹਾਉਤਾਂ 27:23.

ਉਹ ਸਾਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਿਖਾਉਂਦੇ ਹਨ। ਬਜ਼ੁਰਗ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਹਰ ਹਫ਼ਤੇ ਮੰਡਲੀ ਵਿਚ ਕੀਤੀਆਂ ਜਾਂਦੀਆਂ ਮੀਟਿੰਗਾਂ ਵਿਚ ਸਾਡੀ ਨਿਹਚਾ ਮਜ਼ਬੂਤ ਹੋਵੇ। (ਰਸੂਲਾਂ ਦੇ ਕੰਮ 15:32) ਇਹ ਵਫ਼ਾਦਾਰ ਬੰਦੇ ਪ੍ਰਚਾਰ ਦੇ ਕੰਮ ਵਿਚ ਵੀ ਅਗਵਾਈ ਕਰਦੇ ਹਨ। ਉਹ ਸਾਡੇ ਨਾਲ ਕੰਮ ਕਰ ਕੇ ਸਾਨੂੰ ਪ੍ਰਚਾਰ ਦੇ ਹਰ ਪਹਿਲੂ ਵਿਚ ਸਿਖਲਾਈ ਦਿੰਦੇ ਹਨ।

ਉਹ ਹਰੇਕ ਦਾ ਹੌਸਲਾ ਵਧਾਉਂਦੇ ਹਨ। ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਉਹ ਸਾਡੀ ਮਦਦ ਕਰਦੇ ਹਨ। ਉਹ ਸਾਡੇ ਘਰ ਆ ਕੇ ਜਾਂ ਕਿੰਗਡਮ ਹਾਲ ਵਿਚ ਸਾਡੇ ਨਾਲ ਬਾਈਬਲ ਦੇ ਹਵਾਲੇ ਸਾਂਝੇ ਕਰ ਕੇ ਸਾਡੀ ਮਦਦ ਕਰਦੇ ਹਨ ਤੇ ਸਾਨੂੰ ਦਿਲਾਸਾ ਦਿੰਦੇ ਹਨ।ਯਾਕੂਬ 5:14, 15.

ਮੰਡਲੀ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ, ਜ਼ਿਆਦਾਤਰ ਬਜ਼ੁਰਗ ਨੌਕਰੀਆਂ ਵੀ ਕਰਦੇ ਹਨ ਅਤੇ ਆਪਣੇ ਪਰਿਵਾਰਾਂ ਦੀ ਦੇਖ-ਭਾਲ ਵੀ ਕਰਦੇ ਹਨ। ਇਹ ਸਭ ਕੁਝ ਕਰਨ ਲਈ ਸਮੇਂ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਸਾਨੂੰ ਇਨ੍ਹਾਂ ਮਿਹਨਤੀ ਭਰਾਵਾਂ ਦਾ ਆਦਰ ਕਰਨਾ ਚਾਹੀਦਾ ਹੈ।1 ਥੱਸਲੁਨੀਕੀਆਂ 5:12, 13.

  • ਮੰਡਲੀ ਵਿਚ ਬਜ਼ੁਰਗ ਕਿਹੜੇ ਕੰਮ ਕਰਦੇ ਹਨ?

  • ਬਜ਼ੁਰਗ ਸਾਡੇ ਵਿਚ ਨਿੱਜੀ ਤੌਰ ਤੇ ਕਿਵੇਂ ਦਿਲਚਸਪੀ ਦਿਖਾਉਂਦੇ ਹਨ?