Skip to content

ਕੀ ਯਹੋਵਾਹ ਦੇ ਗਵਾਹਾਂ ਦੇ ਡੇਟਿੰਗ ਬਾਰੇ ਕੋਈ ਅਸੂਲ ਹਨ?

ਕੀ ਯਹੋਵਾਹ ਦੇ ਗਵਾਹਾਂ ਦੇ ਡੇਟਿੰਗ ਬਾਰੇ ਕੋਈ ਅਸੂਲ ਹਨ?

 ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਬਾਈਬਲ ਦੇ ਅਸੂਲ ਅਤੇ ਹੁਕਮ ਅਜਿਹੇ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ ਜਿਨ੍ਹਾਂ ਤੋਂ ਰੱਬ ਖ਼ੁਸ਼ ਹੁੰਦਾ ਹੈ ਅਤੇ ਸਾਨੂੰ ਵੀ ਫ਼ਾਇਦਾ ਹੁੰਦਾ ਹੈ। (ਯਸਾਯਾਹ 48:17, 18) ਇਹ ਹੁਕਮ ਅਤੇ ਅਸੂਲ ਅਸੀਂ ਨਹੀਂ ਬਣਾਏ, ਪਰ ਅਸੀਂ ਇਨ੍ਹਾਂ ਮੁਤਾਬਕ ਚੱਲਦੇ ਹਾਂ। ਆਓ ਧਿਆਨ ਦੇਈਏ ਕਿ ਇਨ੍ਹਾਂ ਵਿੱਚੋਂ ਕੁਝ ਅਸੂਲ ਡੇਟਿੰਗ ਨਾਲ ਕਿਵੇਂ ਸੰਬੰਧਿਤ ਹਨ। a

  •   ਵਿਆਹ ਦਾ ਬੰਧਨ ਉਮਰ ਭਰ ਲਈ ਹੈ। (ਮੱਤੀ 19:6) ਯਹੋਵਾਹ ਦੇ ਗਵਾਹ ਡੇਟਿੰਗ ਨੂੰ ਗੰਭੀਰਤਾ ਨਾਲ ਲੈਂਦੇ ਹਨ ਜਿਸ ਤੋਂ ਬਾਅਦ ਉਹ ਵਿਆਹ ਕਰਾ ਸਕਦੇ ਹਨ।

  •   ਡੇਟਿੰਗ ਸਿਰਫ਼ ਉਨ੍ਹਾਂ ਲਈ ਹੈ ਜਿਨ੍ਹਾਂ ਦੀ ਉਮਰ ਵਿਆਹ ਕਰਨ ਦੀ ਹੋ ਗਈ ਹੈ। ਉਹ ‘ਜਵਾਨੀ ਦੀ ਕੱਚੀ ਉਮਰ ਲੰਘ ਚੁੱਕੇ’ ਹੁੰਦੇ ਹਨ ਜਾਂ ਉਦੋਂ ਉਨ੍ਹਾਂ ਦੀਆਂ ਕਾਮੁਕ ਇੱਛਾਵਾਂ ਇੰਨੀਆਂ ਜ਼ਬਰਦਸਤ ਨਹੀਂ ਹੁੰਦੀਆਂ।​—1 ਕੁਰਿੰਥੀਆਂ 7:36.

  •   ਜਿਹੜੇ ਡੇਟਿੰਗ ਕਰ ਰਹੇ ਹਨ, ਉਨ੍ਹਾਂ ਨੂੰ ਵਿਆਹ ਕਰਾਉਣ ਵਿਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਕੁਝ ਲੋਕਾਂ ਦਾ ਕਾਨੂੰਨੀ ਤੌਰ ਤੇ ਤਲਾਕ ਹੋਇਆ ਹੈ, ਉਨ੍ਹਾਂ ਨੂੰ ਰੱਬ ਦੁਬਾਰਾ ਵਿਆਹ ਕਰਨ ਦੇ ਲਾਇਕ ਨਹੀਂ ਸਮਝਦਾ। ਰੱਬ ਦੇ ਮਿਆਰ ਮੁਤਾਬਕ ਤਲਾਕ ਲੈਣ ਦਾ ਇੱਕੋ ਜਾਇਜ਼ ਕਾਰਨ ਹੈ ਹਰਾਮਕਾਰੀ।​—ਮੱਤੀ 19:9.

  •   ਜਿਹੜੇ ਮਸੀਹੀ ਵਿਆਹ ਕਰਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਸਿਰਫ਼ ਯਹੋਵਾਹ ਦੇ ਕਿਸੇ ਗਵਾਹ ਨਾਲ ਹੀ ਵਿਆਹ ਕਰਨ। (1 ਕੁਰਿੰਥੀਆਂ 7:39) ਯਹੋਵਾਹ ਦੇ ਗਵਾਹਾਂ ਮੁਤਾਬਕ ਇਹ ਹੁਕਮ ਸਿਰਫ਼ ਉਨ੍ਹਾਂ ʼਤੇ ਹੀ ਨਹੀਂ ਲਾਗੂ ਹੁੰਦਾ ਜੋ ਸਾਡੇ ਵਿਸ਼ਵਾਸਾਂ ਦੀ ਕਦਰ ਕਰਦੇ ਹਨ, ਸਗੋਂ ਉਨ੍ਹਾਂ ਬਪਤਿਸਮਾ-ਪ੍ਰਾਪਤ ਗਵਾਹਾਂ ʼਤੇ ਵੀ ਲਾਗੂ ਹੁੰਦਾ ਹੈ ਜੋ ਦੂਸਰਿਆਂ ਨੂੰ ਇਨ੍ਹਾਂ ਵਿਸ਼ਵਾਸਾਂ ਬਾਰੇ ਦੱਸਦੇ ਹਨ ਅਤੇ ਖ਼ੁਦ ਵੀ ਇਨ੍ਹਾਂ ʼਤੇ ਚੱਲਦੇ ਹਨ। (2 ਕੁਰਿੰਥੀਆਂ 6:14) ਰੱਬ ਨੇ ਹਮੇਸ਼ਾ ਤੋਂ ਆਪਣੇ ਭਗਤਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਯਹੋਵਾਹ ਨੂੰ ਮੰਨਣ ਵਾਲੇ ਕਿਸੇ ਵਿਅਕਤੀ ਨਾਲ ਹੀ ਵਿਆਹ ਕਰਾਉਣ। (ਉਤਪਤ 24:3; ਮਲਾਕੀ 2:11) ਮੌਜੂਦਾ ਖੋਜਕਾਰਾਂ ਮੁਤਾਬਕ ਇਹ ਸਲਾਹ ਅੱਜ ਵੀ ਫ਼ਾਇਦੇਮੰਦ ਹੈ। b

  •   ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। (ਕਹਾਉਤਾਂ 1:8; ਕੁਲੁੱਸੀਆਂ 3:20) ਜਿਹੜੇ ਬੱਚੇ ਆਪਣੇ ਮਾਪਿਆਂ ਦੇ ਨਾਲ ਰਹਿੰਦੇ ਹਨ, ਉਨ੍ਹਾਂ ਨੂੰ ਡੇਟਿੰਗ ਬਾਰੇ ਮਾਪਿਆਂ ਦੇ ਫ਼ੈਸਲਿਆਂ ਨੂੰ ਮੰਨਣਾ ਚਾਹੀਦਾ ਹੈ। ਇਨ੍ਹਾਂ ਫ਼ੈਸਲਿਆਂ ਵਿਚ ਸ਼ਾਇਦ ਇਹ ਵੀ ਸ਼ਾਮਲ ਹੋਵੇ ਕਿ ਪੁੱਤਰ ਜਾਂ ਧੀ ਕਿਸ ਉਮਰ ਵਿਚ ਡੇਟਿੰਗ ਕਰਨੀ ਸ਼ੁਰੂ ਕਰ ਸਕਦਾ ਹੈ ਅਤੇ ਉਸ ਨੂੰ ਕਿਹੜੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ।

  •   ਬਾਈਬਲ ਦੀਆਂ ਹਿਦਾਇਤਾਂ ਮੰਨ ਕੇ ਇਕ ਗਵਾਹ ਖ਼ੁਦ ਫ਼ੈਸਲਾ ਕਰ ਸਕਦਾ ਹੈ ਕਿ ਉਹ ਕਿਸ ਨਾਲ ਅਤੇ ਕਦੋਂ ਡੇਟਿੰਗ ਸ਼ੁਰੂ ਕਰੇਗਾ। ਇਹ ਗੱਲ ਇਸ ਅਸੂਲ ਅਨੁਸਾਰ ਹੈ: “ਹਰੇਕ ਨੂੰ ਆਪੋ ਆਪਣੀ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ ਪਵੇਗਾ।” (ਗਲਾਤੀਆਂ 6:5) ਜਦੋਂ ਡੇਟਿੰਗ ਦੀ ਗੱਲ ਆਉਂਦੀ ਹੈ, ਤਾਂ ਕਈ ਸਮਝਦਾਰੀ ਨਾਲ ਤਜਰਬੇਕਾਰ ਗਵਾਹਾਂ ਦੀ ਸਲਾਹ ਲੈਂਦੇ ਹਨ ਜੋ ਉਨ੍ਹਾਂ ਦੀ ਦਿਲੋਂ ਭਲਾਈ ਚਾਹੁੰਦੇ ਹਨ।​—ਕਹਾਉਤਾਂ 1:5.

  •   ਡੇਟਿੰਗ ਨਾਲ ਜੁੜੇ ਕਈ ਕੰਮ ਅਸਲ ਵਿਚ ਗੰਭੀਰ ਪਾਪ ਹਨ। ਮਿਸਾਲ ਲਈ, ਬਾਈਬਲ ਸਾਨੂੰ ਹਰਾਮਕਾਰੀ ਤੋਂ ਦੂਰ ਰਹਿਣ ਦਾ ਹੁਕਮ ਦਿੰਦੀ ਹੈ। ਇਸ ਵਿਚ ਸਿਰਫ਼ ਸਰੀਰਕ ਸੰਬੰਧ ਹੀ ਸ਼ਾਮਲ ਨਹੀਂ ਹਨ, ਸਗੋਂ ਅਣਵਿਆਹੇ ਲੋਕਾਂ ਵੱਲੋਂ ਹੋਰ ਗੰਦੇ ਕੰਮ ਕਰਨੇ ਵੀ ਸ਼ਾਮਲ ਹਨ ਜਿਵੇਂ ਕਿਸੇ ਦੇ ਗੁਪਤ ਅੰਗਾਂ ਨੂੰ ਪਲੋਸਣਾ ਜਾਂ ਮੌਖਿਕ ਅਤੇ ਗੁੱਦਾ ਸੰਭੋਗ (oral and anal sex)। (1 ਕੁਰਿੰਥੀਆਂ 6:9-11) ਵਿਆਹ ਤੋਂ ਪਹਿਲਾਂ ਕਾਮੁਕ ਇੱਛਾਵਾਂ ਨੂੰ ਜਗਾਉਣਾ ਵੀ ਰੱਬ ਦੀਆਂ ਨਜ਼ਰਾਂ ਵਿਚ “ਗੰਦ-ਮੰਦ” ਹੈ। ਲੋਕ ਸੋਚਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਉਹ ਸੱਚ-ਮੁੱਚ ਸੈਕਸ ਨਹੀਂ ਕਰ ਰਹੇ। ਪਰ ਰੱਬ ਇਨ੍ਹਾਂ ਕੰਮਾਂ ਤੋਂ ਬਹੁਤ ਨਾਰਾਜ਼ ਹੁੰਦਾ ਹੈ। (ਗਲਾਤੀਆਂ 5:19-21) ਬਾਈਬਲ ਵਿਚ ਗੰਦੀਆਂ ਗੱਲਾਂ ਦੀ ਨਿੰਦਿਆ ਕੀਤੀ ਗਈ ਹੈ ਜਿਨ੍ਹਾਂ ਵਿਚ “ਅਸ਼ਲੀਲ ਗੱਲਾਂ” ਕਰਨੀਆਂ ਵੀ ਸ਼ਾਮਲ ਹਨ।​—ਕੁਲੁੱਸੀਆਂ 3:8.

  •   ਸਾਡਾ ਅੰਦਰਲਾ ਇਨਸਾਨ ਯਾਨੀ ਦਿਲ ਧੋਖੇਬਾਜ਼ ਹੈ। (ਯਿਰਮਿਯਾਹ 17:9) ਇਹ ਇਕ ਇਨਸਾਨ ਕੋਲੋਂ ਇੱਦਾਂ ਦੇ ਕੰਮ ਕਰਵਾ ਸਕਦਾ ਹੈ ਜੋ ਉਸ ਨੂੰ ਪਤਾ ਹੈ ਕਿ ਇਹ ਗ਼ਲਤ ਹਨ। ਜੇ ਡੇਟਿੰਗ ਕਰ ਰਹੇ ਜੋੜੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਦਿਲ ਉਨ੍ਹਾਂ ਨੂੰ ਗੁਮਰਾਹ ਨਾ ਕਰੇ, ਤਾਂ ਉਨ੍ਹਾਂ ਨੂੰ ਅਜਿਹੀਆਂ ਥਾਵਾਂ ʼਤੇ ਨਹੀਂ ਜਾਣਾ ਚਾਹੀਦਾ ਜਿੱਥੇ ਉਨ੍ਹਾਂ ਤੋਂ ਗ਼ਲਤ ਕੰਮ ਹੋ ਸਕਦੇ ਹਨ। ਉਹ ਇਸ ਤਰ੍ਹਾਂ ਦੀ ਸਮਝਦਾਰੀ ਵਰਤ ਸਕਦੇ ਹਨ ਜਿਵੇਂ ਉਹ ਚੰਗੇ ਲੋਕਾਂ ਦੇ ਗਰੁੱਪ ਦੇ ਨਾਲ-ਨਾਲ ਰਹਿ ਸਕਦੇ ਹਨ ਜਾਂ ਕਿਸੇ ਸਮਝਦਾਰ ਸਾਥੀ ਨੂੰ ਆਪਣੇ ਨਾਲ ਲਿਜਾ ਸਕਦੇ ਹਨ। (ਕਹਾਉਤਾਂ 28:26) ਜਿਹੜੇ ਅਣਵਿਆਹੇ ਮਸੀਹੀ ਜੀਵਨ-ਸਾਥੀ ਦੀ ਤਲਾਸ਼ ਵਿਚ ਹਨ, ਉਨ੍ਹਾਂ ਨੂੰ ਆਨ-ਲਾਈਨ ਡੇਟਿੰਗ ਕਰਨ ਦੇ ਖ਼ਤਰਿਆਂ ਬਾਰੇ ਪਤਾ ਹੈ, ਖ਼ਾਸ ਕਰਕੇ ਉਨ੍ਹਾਂ ਨਾਲ ਰਿਸ਼ਤਾ ਜੋੜਨ ਦੇ ਖ਼ਤਰੇ ਬਾਰੇ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਬਹੁਤ ਘੱਟ ਪਤਾ ਹੈ।​—ਜ਼ਬੂਰਾਂ ਦੀ ਪੋਥੀ 26:4.

a ਕਈ ਸਭਿਆਚਾਰਾਂ ਵਿਚ ਡੇਟਿੰਗ ਕਰਨ ਦਾ ਰਿਵਾਜ ਹੈ, ਪਰ ਕਈਆਂ ਵਿਚ ਨਹੀਂ। ਬਾਈਬਲ ਇਹ ਨਹੀਂ ਕਹਿੰਦੀ ਕਿ ਸਾਨੂੰ ਡੇਟਿੰਗ ਕਰਨੀ ਹੀ ਚਾਹੀਦੀ ਹੈ ਜਾਂ ਇਹ ਵਿਆਹ ਕਰਾਉਣ ਤੋਂ ਪਹਿਲਾਂ ਇਕ-ਦੂਸਰੇ ਨੂੰ ਜਾਣਨ ਦਾ ਇੱਕੋ-ਇਕ ਤਰੀਕਾ ਹੈ।

b ਮਿਸਾਲ ਲਈ, ਵਿਆਹ ਅਤੇ ਪਰਿਵਾਰ (ਅੰਗ੍ਰੇਜ਼ੀ) ਨਾਂ ਦੇ ਰਸਾਲੇ ਵਿਚ ਇਕ ਲੇਖ ਵਿਚ ਕਿਹਾ ਗਿਆ ਸੀ: “ਲੰਬੇ ਸਮੇਂ ਤੋਂ ਵਿਆਹੇ ਲੋਕਾਂ ʼਤੇ ਕੀਤੇ ਤਿੰਨ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਕਾਮਯਾਬ ਵਿਆਹੁਤਾ ਜੀਵਨ (25-​50+ ਸਾਲ) ਲਈ ਇੱਕੋ ਜਿਹੇ ਧਾਰਮਿਕ ਵਿਸ਼ਵਾਸਾਂ ਦਾ ਹੋਣਾ ਬਹੁਤ ਜ਼ਰੂਰੀ ਹੈ।”​—ਖੰਡ 38, ਅੰਕ 1, ਸਫ਼ਾ 88 (2005).