Skip to content

ਕੀ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਨੂੰ ਆਪਣੇ ਵਿਸ਼ਵਾਸਾਂ ਮੁਤਾਬਕ ਬਦਲਿਆ ਹੈ?

ਕੀ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਨੂੰ ਆਪਣੇ ਵਿਸ਼ਵਾਸਾਂ ਮੁਤਾਬਕ ਬਦਲਿਆ ਹੈ?

 ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕੀਤਾ। ਇਸ ਤੋਂ ਉਲਟ, ਜਦੋਂ ਸਾਨੂੰ ਪਤਾ ਲੱਗਾ ਕਿ ਸਾਡੇ ਵਿਸ਼ਵਾਸ ਬਾਈਬਲ ਮੁਤਾਬਕ ਨਹੀਂ ਹਨ, ਤਾਂ ਅਸੀਂ ਆਪਣੇ ਵਿਸ਼ਵਾਸਾਂ ਨੂੰ ਬਦਲਿਆ ਹੈ।

 ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ 1950 ਵਿਚ ਛਾਪਿਆ ਗਿਆ ਸੀ, ਪਰ ਇਸ ਤੋਂ ਬਹੁਤ ਚਿਰ ਪਹਿਲਾਂ ਅਸੀਂ ਬਾਈਬਲ ਦੀ ਡੂੰਘੀ ਜਾਂਚ ਕੀਤੀ ਸੀ। ਉਸ ਸਮੇਂ ਜੋ ਵੀ ਬਾਈਬਲ ਸਾਨੂੰ ਮਿਲੀ, ਅਸੀਂ ਉਸ ਮੁਤਾਬਕ ਆਪਣੇ ਵਿਸ਼ਵਾਸਾਂ ਨੂੰ ਢਾਲਿਆ। ਯਹੋਵਾਹ ਦੇ ਗਵਾਹਾਂ ਦੇ ਕੁਝ ਪੁਰਾਣੇ ਵਿਸ਼ਵਾਸਾਂ ʼਤੇ ਗੌਰ ਕਰੋ, ਫਿਰ ਤੁਸੀਂ ਆਪ ਫ਼ੈਸਲਾ ਕਰੋ ਕਿ ਇਹ ਬਾਈਬਲ ਨਾਲ ਮੇਲ ਖਾਂਦੇ ਹਨ ਕਿ ਨਹੀਂ।

  1.  1. ਅਸੀਂ ਕੀ ਵਿਸ਼ਵਾਸ ਕਰਦੇ ਹਾਂ: ਪਰਮੇਸ਼ੁਰ ਤ੍ਰਿਏਕ ਨਹੀਂ ਹੈ। ਜੁਲਾਈ 1882 ਵਿਚ ਜ਼ਾਇਨਸ ਵਾਚ ਟਾਵਰ ਨੇ ਕਿਹਾ: “ਸਾਡੇ ਪਾਠਕਾਂ ਨੂੰ ਪਤਾ ਹੈ ਕਿ ਅਸੀਂ ਯਹੋਵਾਹ, ਯਿਸੂ ਅਤੇ ਪਵਿੱਤਰ ਸ਼ਕਤੀ ਨੂੰ ਮੰਨਦੇ ਹਾਂ, ਪਰ ਅਸੀਂ ਇਸ ਤ੍ਰਿਏਕ ਦੀ ਸਿੱਖਿਆ ਨੂੰ ਬਿਲਕੁਲ ਨਹੀਂ ਮੰਨਦੇ। ਇਹ ਸਿੱਖਿਆ ਕਿ ਇੱਕੋ ਸ਼ਖ਼ਸ ਵਿਚ ਤਿੰਨ ਪਰਮੇਸ਼ੁਰ ਹਨ, ਜਾਂ ਇੱਕੋ ਪਰਮੇਸ਼ੁਰ ਵਿਚ ਤਿੰਨ ਸ਼ਖ਼ਸ ਹਨ ਬਾਈਬਲ ਦੇ ਖ਼ਿਲਾਫ਼ ਹੈ।”

      ਬਾਈਬਲ ਕੀ ਕਹਿੰਦੀ ਹੈ: “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।” (ਬਿਵਸਥਾ ਸਾਰ 6:4, ਪਵਿੱਤਰ ਬਾਈਬਲ [OV]) “ਸਾਡਾ ਇਕ ਹੀ ਪਰਮੇਸ਼ਰ ਹੈ, ਜੋ ਸਾਡਾ ਪਿਤਾ ਹੈ, ਜੋ ਸਭ ਵਸਤਾਂ ਦਾ ਸੋਮਾ ਹੈ ਅਤੇ ਜਿਸ ਦੇ ਲਈ ਅਸੀਂ ਜੀ ਰਹੇ ਹਾਂ। ਇਸੇ ਤਰ੍ਹਾ ਸਾਡਾ ਇਕ ਹੀ ਪ੍ਰਭੂ ਹੈ, ਅਰਥਾਤ ਯਿਸੂ ਮਸੀਹ, ਜਿਸ ਦੇ ਨਾਂ ਦੇ ਦੁਆਰਾ ਅਸੀਂ ਸਭ ਜੀਉਂਦੇ ਹਾਂ।” (1 ਕੁਰਿੰਥੁਸ 8:6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਿਸੂ ਨੇ ਆਪ ਕਿਹਾ ਸੀ: “ਪਿਤਾ ਮੈਥੋਂ ਵੱਡਾ ਹੈ।”​—ਯੂਹੰਨਾ 14:28, OV.

  2.  2. ਅਸੀਂ ਕੀ ਵਿਸ਼ਵਾਸ ਕਰਦੇ ਹਾਂ: ਨਰਕ ਵਰਗੀ ਕੋਈ ਜਗ੍ਹਾ ਨਹੀਂ ਹੈ ਜਿਸ ਵਿਚ ਲੋਕਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ। ਜੂਨ 1882 ਵਿਚ ਕਿੰਗ ਜੇਮਜ਼ ਵਰਯਨ ਵਿੱਚੋਂ ਰੋਮੀਆਂ 6:23 ਦਾ ਹਵਾਲਾ ਦਿੰਦਿਆਂ ਜ਼ਾਇਨਸ ਵਾਚ ਟਾਵਰ ਦੇ ਇਕ ਅੰਕ ਦਾ ਵਿਸ਼ਾ ਸੀ, “ਪਾਪ ਦੀ ਮਜੂਰੀ ਤਾਂ ਮੌਤ ਹੈ।” ਇਸ ਅੰਕ ਨੇ ਅੱਗੇ ਕਿਹਾ: “ਇਹ ਵਾਕ ਕਿੰਨਾ ਸਪੱਸ਼ਟ ਹੈ। ਇਹ ਕਿੰਨੀ ਅਜੀਬ ਗੱਲ ਹੈ ਕਿ ਜੋ ਲੋਕ ਬਾਈਬਲ ਨੂੰ ਪਰਮੇਸ਼ੁਰ ਦੇ ਬਚਨ ਵਜੋਂ ਕਬੂਲ ਕਰਨ ਦਾ ਦਾਅਵਾ ਕਰਦੇ ਹਨ, ਉਹ ਇਸ ਗੱਲ ਤੋਂ ਉਲਟ ਮੰਨਦੇ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਬਾਈਬਲ ਇਹ ਗੱਲ ਸਿਖਾਉਂਦੀ ਹੈ ਕਿ ਪਾਪ ਕਰਨ ਦੀ ਮਜ਼ਦੂਰੀ ਹੈ ਹਮੇਸ਼ਾ ਲਈ ਨਰਕ ਵਿਚ ਤਸੀਹੇ।”

      ਬਾਈਬਲ ਕੀ ਕਹਿੰਦੀ ਹੈ: “ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ।” (ਹਿਜ਼ਕੀਏਲ 18:4, 20, OV) ਜੋ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ, ਉਨ੍ਹਾਂ ਦੀ ਸਜ਼ਾ ਅਖ਼ੀਰ ਵਿਚ “ਸਦਾ ਦਾ ਵਿਨਾਸ” ਹੋਵੇਗੀ।​—2 ਥੱਸਲੁਨੀਕੀਆਂ 1:9.

  3.  3. ਅਸੀਂ ਕੀ ਵਿਸ਼ਵਾਸ ਕਰਦੇ ਹਾਂ: ਪਰਮੇਸ਼ੁਰ ਦਾ ਰਾਜ ਸਾਡੇ ਦਿਲ ਵਿਚ ਨਹੀਂ, ਸਗੋਂ ਇਹ ਇਕ ਅਸਲੀ ਸਰਕਾਰ ਹੈ। ਦਸੰਬਰ 1881 ਵਿਚ ਪਰਮੇਸ਼ੁਰ ਦੇ ਰਾਜ ਬਾਰੇ ਜ਼ਾਇਨਸ ਵਾਚ ਟਾਵਰ ਨੇ ਕਿਹਾ: “ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਦਾ ਰਾਜ ਸਥਾਪਿਤ ਹੋਣ ਤੋਂ ਬਾਅਦ ਧਰਤੀ ਉਤਲੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਖ਼ਤਮ ਕੀਤਾ ਜਾਵੇਗਾ।”

      ਬਾਈਬਲ ਕੀ ਕਹਿੰਦੀ ਹੈ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”​—ਦਾਨੀਏਲ 2:44, OV.

ਕੀ ਯਹੋਵਾਹ ਦੇ ਗਵਾਹ ਆਪਣੇ ਵਿਸ਼ਵਾਸਾਂ ਨੂੰ ਸਹੀ ਸਾਬਤ ਕਰਨ ਲਈ ਨਿਊ ਵਰਲਡ ਟ੍ਰਾਂਸਲੇਸ਼ਨ ʼਤੇ ਨਿਰਭਰ ਕਰਦੇ ਹਨ?

 ਨਹੀਂ, ਅਸੀਂ ਪ੍ਰਚਾਰ ਦੇ ਕੰਮ ਵਿਚ ਬਾਈਬਲ ਦੇ ਵੱਖ-ਵੱਖ ਤਰਜਮੇ ਵਰਤਦੇ ਹਾਂ। ਅਸੀਂ ਨਿਊ ਵਰਲਡ ਟ੍ਰਾਂਸਲੇਸ਼ਨ ਦੀ ਕਾਪੀ ਮੁਫ਼ਤ ਵਿਚ ਦਿੰਦੇ ਹਾਂ (ਪੰਜਾਬੀ ਵਿਚ ਨਵੀਂ ਦੁਨੀਆਂ ਅਨੁਵਾਦ​—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ) ਅਤੇ ਇਸ ਵਿੱਚੋਂ ਬਾਈਬਲ ਸਟੱਡੀ ਕਰਵਾਉਂਦੇ ਹਾਂ, ਪਰ ਅਸੀਂ ਤੁਹਾਡੀ ਪਸੰਦ ਮੁਤਾਬਕ ਹੋਰ ਕਿਸੇ ਵੀ ਬਾਈਬਲ ਵਿੱਚੋਂ ਤੁਹਾਡੇ ਨਾਲ ਸਟੱਡੀ ਕਰਨ ਲਈ ਤਿਆਰ ਹਾਂ।