Skip to content

ਕੀ ਯਹੋਵਾਹ ਦੇ ਗਵਾਹ ਦੂਸਰੇ ਧਰਮਾਂ ਨਾਲ ਮਿਲ ਕੇ ਭਗਤੀ ਕਰਦੇ ਹਨ?

ਕੀ ਯਹੋਵਾਹ ਦੇ ਗਵਾਹ ਦੂਸਰੇ ਧਰਮਾਂ ਨਾਲ ਮਿਲ ਕੇ ਭਗਤੀ ਕਰਦੇ ਹਨ?

 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਸਾਰੇ ਧਰਮਾਂ ਦੇ ਲੋਕਾਂ ਨਾਲ ਭਗਤੀ ਬਾਰੇ ਆਪਣੇ ਵਿਸ਼ਵਾਸ ਸਾਂਝੇ ਕਰਨੇ ਚੰਗੇ ਲੱਗਦੇ ਹਨ, ਪਰ ਅਸੀਂ ਦੂਸਰੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨਾਲ ਮਿਲ ਕੇ ਭਗਤੀ ਨਹੀਂ ਕਰਦੇ। ਬਾਈਬਲ ਦੱਸਦੀ ਹੈ ਕਿ ਸੱਚੇ ਮਸੀਹ ‘ਇਕ-ਦੂਜੇ ਨਾਲ ਠੀਕ-ਠੀਕ ਜੁੜੇ’ ਹੋਏ ਹਨ ਕਿਉਂਕਿ ਉਨ੍ਹਾਂ ਦੇ ਵਿਸ਼ਵਾਸ ਇੱਕੋ ਜਿਹੇ ਹਨ। (ਅਫ਼ਸੀਆਂ 4:16; 1 ਕੁਰਿੰਥੀਆਂ 1:10; ਫ਼ਿਲਿੱਪੀਆਂ 2:2) ਇਨ੍ਹਾਂ ਵਿਸ਼ਵਾਸਾਂ ਵਿਚ ਸਿਰਫ਼ ਪਿਆਰ, ਦਇਆ ਜਾਂ ਮਾਫ਼ੀ ਵਰਗੇ ਗੁਣਾਂ ਬਾਰੇ ਇੱਕੋ ਰਾਇ ਰੱਖਣੀ ਸ਼ਾਮਲ ਨਹੀਂ ਹੈ। ਸਾਡੇ ਧਾਰਮਿਕ ਵਿਸ਼ਵਾਸ ਬਾਈਬਲ ਦੇ ਸਹੀ ਗਿਆਨ ʼਤੇ ਆਧਾਰਿਤ ਹਨ ਜਿਨ੍ਹਾਂ ਤੋਂ ਬਿਨਾਂ ਸਾਡੀ ਭਗਤੀ ਵਿਅਰਥ ਹੈ।​—ਰੋਮੀਆਂ 10:2, 3.

 ਬਾਈਬਲ ਦੂਸਰੇ ਧਰਮ ਦੇ ਲੋਕਾਂ ਨਾਲ ਮਿਲ ਕੇ ਭਗਤੀ ਕਰਨ ਦੀ ਤੁਲਨਾ ਉਸ ਜੂਲੇ ਹੇਠ ਆਉਣ ਨਾਲ ਕਰਦੀ ਹੈ ਜਿਹੜਾ ਸਾਵਾਂ ਨਹੀਂ ਹੈ ਤੇ ਜਿਸ ਨਾਲ ਇਕ ਮਸੀਹੀ ਦੀ ਨਿਹਚਾ ਕਮਜ਼ੋਰ ਹੋ ਸਕਦੀ ਹੈ। (2 ਕੁਰਿੰਥੀਆਂ 6:14-17) ਇਸ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਦੂਸਰੇ ਧਰਮ ਦੇ ਲੋਕਾਂ ਨਾਲ ਮਿਲ ਕੇ ਭਗਤੀ ਨਹੀਂ ਕਰਨ ਦਿੱਤੀ ਸੀ। (ਮੱਤੀ 12:30; ਯੂਹੰਨਾ 14:6) ਮੂਸਾ ਦੁਆਰਾ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਵਿਚ ਵੀ ਇਜ਼ਰਾਈਲੀਆਂ ਨੂੰ ਦੂਸਰੇ ਧਰਮਾਂ ਦੇ ਲੋਕਾਂ ਨਾਲ ਮਿਲ ਕੇ ਭਗਤੀ ਕਰਨ ਦੀ ਸਖ਼ਤ ਮਨਾਹੀ ਕੀਤੀ ਗਈ ਸੀ। (ਕੂਚ 34:11-14) ਵਫ਼ਾਦਾਰ ਇਜ਼ਰਾਈਲੀਆਂ ਨੇ ਬਾਅਦ ਵਿਚ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲਿਆ ਤੋਂ ਮਦਦ ਲੈਣ ਲਈ ਇਨਕਾਰ ਕੀਤਾ ਸੀ ਜਿਸ ਕਰਕੇ ਉਨ੍ਹਾਂ ਦੀ ਝੂਠੇ ਉਪਾਸਕਾਂ ਨਾਲ ਸਾਂਝ ਪੈ ਸਕਦੀ ਸੀ।​—ਅਜ਼ਰਾ 4:1-3.

ਕੀ ਯਹੋਵਾਹ ਦੇ ਗਵਾਹ ਦੂਸਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਵਿਚਾਰ ਦੱਸਦੇ ਹਨ?

 ਹਾਂ। ਪੌਲੁਸ ਰਸੂਲ ਵਾਂਗ ਅਸੀਂ ਪ੍ਰਚਾਰ ਵਿਚ “ਜ਼ਿਆਦਾ ਤੋਂ ਜ਼ਿਆਦਾ ਲੋਕਾਂ” ਦੀ ਸੋਚ ਅਤੇ ਵਿਸ਼ਵਾਸਾਂ ਨੂੰ ਸਮਝਣ ਵਿਚ ਦਿਲਚਸਪੀ ਰੱਖੀ। (1 ਕੁਰਿੰਥੀਆਂ 9:19-22) ਗੱਲਬਾਤ ਦੌਰਾਨ ਅਸੀਂ ਬਾਈਬਲ ਦੀ ਇਸ ਸਲਾਹ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਦੂਸਰੇ ਇਨਸਾਨ ਲਈ “ਆਦਰ” ਦਿਖਾਈਏ।​—1 ਪਤਰਸ 3:15.