Skip to content

ਯਹੋਵਾਹ ਦੇ ਗਵਾਹ ਜਨਮ ਦਿਨ ਕਿਉਂ ਨਹੀਂ ਮਨਾਉਂਦੇ?

ਯਹੋਵਾਹ ਦੇ ਗਵਾਹ ਜਨਮ ਦਿਨ ਕਿਉਂ ਨਹੀਂ ਮਨਾਉਂਦੇ?

 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਜਨਮ-ਦਿਨ ਨਹੀਂ ਮਨਾਉਂਦੇ ਕਿਉਂਕਿ ਅਸੀਂ ਮੰਨਦੇ ਹਾਂ ਕਿ ਯਹੋਵਾਹ ਨੂੰ ਇਸ ਤਰ੍ਹਾਂ ਦੀਆਂ ਰੀਤਾਂ ਪਸੰਦ ਨਹੀਂ ਹਨ। ਭਾਵੇਂ ਕਿ ਬਾਈਬਲ ਵਿਚ ਜਨਮ-ਦਿਨ ਨਾ ਮਨਾਉਣ ਬਾਰੇ ਖੁੱਲ੍ਹ ਕੇ ਨਹੀਂ ਦੱਸਿਆ ਗਿਆ, ਪਰ ਇਸ ਵਿਚ ਜਨਮ-ਦਿਨ ਨਾਲ ਸੰਬੰਧਿਤ ਘਟਨਾਵਾਂ ਬਾਰੇ ਖ਼ਾਸ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਤਰਕ ਕਰ ਕੇ ਜਨਮ-ਦਿਨ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਸਮਝ ਸਕਦੇ ਹਾਂ। ਆਓ ਆਪਾਂ ਚਾਰ ਗੱਲਾਂ ʼਤੇ ਸੋਚ-ਵਿਚਾਰ ਕਰੀਏ ਅਤੇ ਦੇਖੀਏ ਕਿ ਇਸ ਬਾਰੇ ਬਾਈਬਲ ਦੇ ਕਿਹੜੇ ਅਸੂਲ ਲਾਗੂ ਹੁੰਦੇ ਹਨ।

  1.  1 . ਜਨਮ-ਦਿਨ ਮਨਾਉਣ ਦਾ ਸੰਬੰਧ ਝੂਠੇ ਧਰਮਾਂ ਨਾਲ ਹੈ। ਇਕ ਡਿਕਸ਼ਨਰੀ ਮੁਤਾਬਕ ਜਨਮ-ਦਿਨ ਇਸ ਕਰਕੇ ਮਨਾਇਆ ਜਾਣ ਲੱਗਾ ਕਿਉਂਕਿ ਮੰਨਿਆ ਜਾਂਦਾ ਸੀ ਕਿ ਜਿਸ ਵਿਅਕਤੀ ਦਾ ਜਨਮ-ਦਿਨ ਹੁੰਦਾ ਹੈ, “ਉਸ ʼਤੇ ਦੁਸ਼ਟ ਦੂਤ ਹਮਲਾ ਕਰ ਸਕਦੇ ਹਨ,” ਪਰ “ਹਾਜ਼ਰ ਹੋਏ ਦੋਸਤਾਂ ਵੱਲੋਂ ਦਿੱਤੀਆਂ ਦੁਆਵਾਂ ਕਰਕੇ ਉਸ ਵਿਅਕਤੀ ਦੀ ਰੱਖਿਆ ਹੁੰਦੀ ਹੈ।” ਜਨਮ-ਦਿਨ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਪੁਰਾਣੇ ਸਮਿਆਂ ਵਿਚ ਜਨਮ-ਦਿਨ ਦੇ ਰਿਕਾਰਡ ਰੱਖਣੇ “ਜਨਮ-ਕੁੰਡਲੀਆਂ ਬਣਾਉਣ ਲਈ ਜ਼ਰੂਰੀ ਸਨ।” ਇਹ ਜਨਮ-ਕੁੰਡਲੀਆਂ “ਜੋਤਸ਼-ਵਿੱਦਿਆ” ʼਤੇ ਆਧਾਰਿਤ ਹੁੰਦੀਆਂ ਸਨ। ਇਹੀ ਕਿਤਾਬ ਦੱਸਦੀ ਹੈ ਕਿ “ਪੁਰਾਣੇ ਸਮਿਆਂ ਤੋਂ ਮੰਨਿਆ ਜਾਂਦਾ ਹੈ ਕਿ ਜਨਮ-ਦਿਨ ਦੀਆਂ ਮੋਮਬੱਤੀਆਂ ʼਤੇ ਖ਼ਾਸ ਤਰ੍ਹਾਂ ਦਾ ਜਾਦੂ ਹੁੰਦਾ ਹੈ ਜਿਸ ਨਾਲ ਉਸ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।”

     ਪਰ ਬਾਈਬਲ ਜਾਦੂ-ਟੂਣੇ, ਫਾਲ ਪਾਉਣ ਤੇ ਜੋਤਸ਼-ਵਿੱਦਿਆ ਵਰਗੇ ਕੰਮਾਂ ਨੂੰ ਨਿੰਦਦੀ ਹੈ। (ਬਿਵਸਥਾ ਸਾਰ 18:14; ਗਲਾਤੀਆਂ 5:19-21) ਦਰਅਸਲ ਪਰਮੇਸ਼ੁਰ ਦੁਆਰਾ ਪ੍ਰਾਚੀਨ ਬਾਬਲ ਦੀ ਨਿੰਦਿਆ ਕਰਨ ਦਾ ਇਕ ਕਾਰਨ ਸੀ ਕਿ ਉੱਥੇ ਲੋਕ ਜੋਤਸ਼-ਵਿੱਦਿਆ ਕਰਦੇ ਹੁੰਦੇ ਸਨ ਜੋ ਕਿ ਇਕ ਤਰ੍ਹਾਂ ਦੀ ਜਾਦੂਗਰੀ ਹੈ। (ਯਸਾਯਾਹ 47:11-15) ਯਹੋਵਾਹ ਦੇ ਗਵਾਹ ਹਰ ਰੀਤੀ-ਰਿਵਾਜ ਬਾਰੇ ਇਹ ਨਹੀਂ ਸੋਚਦੇ ਕਿ ਇਹ ਕਿੱਦਾਂ ਸ਼ੁਰੂ ਹੋਏ ਸਨ, ਪਰ ਜਦੋਂ ਬਾਈਬਲ ਸਾਨੂੰ ਸਾਫ਼ ਤੌਰ ਤੇ ਇਨ੍ਹਾਂ ਬਾਰੇ ਦੱਸਦੀ ਹੈ, ਤਾਂ ਅਸੀਂ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਹਾਂ।

  2.  2. ਪਹਿਲੀ ਸਦੀ ਦੇ ਮਸੀਹੀ ਜਨਮ-ਦਿਨ ਨਹੀਂ ਮਨਾਉਂਦੇ ਸਨ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੱਸਦਾ ਹੈ ਕਿ “ਉਹ ਜਨਮ-ਦਿਨ ਮਨਾਉਣ ਨੂੰ ਝੂਠੇ ਧਰਮਾਂ ਦਾ ਰਿਵਾਜ ਮੰਨਦੇ ਸਨ।” ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੁਆਰਾ ਸਿਖਾਏ ਰਸੂਲਾਂ ਅਤੇ ਹੋਰ ਚੇਲਿਆਂ ਨੇ ਜੋ ਨਮੂਨਾ ਛੱਡਿਆ ਹੈ, ਉਸ ʼਤੇ ਹੀ ਸਾਰੇ ਮਸੀਹੀਆਂ ਨੂੰ ਚੱਲਣਾ ਚਾਹੀਦਾ ਹੈ।—2 ਥੱਸਲੁਨੀਕੀਆਂ 3:6.

  3.  3. ਮਸੀਹੀਆਂ ਤੋਂ ਜਨਮ-ਦਿਨ ਨਹੀਂ, ਸਗੋਂ ਯਿਸੂ ਦੀ ਮੌਤ ਦਾ ਯਾਦਗਾਰ ਦਿਨ ਮਨਾਉਣ ਦੀ ਮੰਗ ਕੀਤੀ ਗਈ ਹੈ। (ਲੂਕਾ 22:17-20) ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਬਾਈਬਲ ਦੱਸਦੀ ਹੈ ਕਿ “ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 7:1) ਧਰਤੀ ʼਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਤਕ ਯਿਸੂ ਨੇ ਪਰਮੇਸ਼ੁਰ ਨਾਲ ਆਪਣਾ ਵਧੀਆ ਨਾਂ ਬਣਾ ਲਿਆ ਸੀ। ਇਸ ਕਰਕੇ ਉਸ ਦੀ ਮੌਤ ਉਸ ਦੇ ਜਨਮ-ਦਿਨ ਨਾਲੋਂ ਜ਼ਿਆਦਾ ਅਹਿਮ ਸੀ।—ਇਬਰਾਨੀਆਂ 1:4.

  4.  4. ਬਾਈਬਲ ਵਿਚ ਕਿਤੇ ਵੀ ਨਹੀਂ ਦੱਸਿਆ ਗਿਆ ਕਿ ਪਰਮੇਸ਼ੁਰ ਦੇ ਕਿਸੇ ਸੇਵਕ ਨੇ ਜਨਮ-ਦਿਨ ਮਨਾਇਆ ਸੀ। ਇਸ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਸੇਵਕਾਂ ਦੇ ਜਨਮ-ਦਿਨ ਮਨਾਉਣ ਦੀ ਗੱਲ ਲਿਖਣ ਵਿਚ ਕੋਈ ਅਣਗਹਿਲੀ ਹੋਈ ਹੈ ਕਿਉਂਕਿ ਬਾਈਬਲ ਵਿਚ ਦੋ ਵਿਅਕਤੀਆਂ ਦੇ ਜਨਮ-ਦਿਨਾਂ ਬਾਰੇ ਦੱਸਿਆ ਗਿਆ ਹੈ ਜੋ ਪਰਮੇਸ਼ੁਰ ਦੇ ਸੇਵਕ ਨਹੀਂ ਸਨ। ਪਰ ਉਨ੍ਹਾਂ ਦੋਹਾਂ ਜਨਮ-ਦਿਨਾਂ ʼਤੇ ਮਾੜੀਆਂ ਘਟਨਾਵਾਂ ਹੋਈਆਂ ਸਨ।—ਉਤਪਤ 40:20-22; ਮਰਕੁਸ 6:21-29.

ਕੀ ਗਵਾਹਾਂ ਦੇ ਬੱਚਿਆਂ ਨੂੰ ਲੱਗਦਾ ਹੈ ਕਿ ਜਨਮ-ਦਿਨ ਨਾ ਮਨਾਉਣ ਕਰਕੇ ਉਹ ਕਿਸੇ ਚੀਜ਼ ਤੋਂ ਵਾਂਝੇ ਰਹਿੰਦੇ ਹਨ?

 ਸਾਰੇ ਚੰਗੇ ਮਾਪਿਆਂ ਦੀ ਤਰ੍ਹਾਂ ਗਵਾਹ ਵੀ ਪੂਰਾ ਸਾਲ ਆਪਣੇ ਬੱਚਿਆਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਉਹ ਉਨ੍ਹਾਂ ਨੂੰ ਤੋਹਫ਼ੇ ਦਿੰਦੇ ਹਨ ਤੇ ਇਕੱਠੇ ਮਿਲ ਕੇ ਮਜ਼ਾ ਕਰਦੇ ਹਨ। ਉਹ ਪਰਮੇਸ਼ੁਰ ਦੀ ਵਧੀਆ ਮਿਸਾਲ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਆਪਣੇ ਬੱਚਿਆਂ ਨੂੰ ਕਿਸੇ ਵੀ ਸਮੇਂ ʼਤੇ ਚੰਗੀਆਂ ਚੀਜ਼ਾਂ ਦਿੰਦਾ ਹੈ। (ਮੱਤੀ 7:11) ਗਵਾਹਾਂ ਦੇ ਬੱਚਿਆਂ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਚੀਜ਼ ਤੋਂ ਵਾਂਝੇ ਮਹਿਸੂਸ ਨਹੀਂ ਕਰਦੇ ਹਨ:

  •   “ਜਦੋਂ ਤੁਹਾਨੂੰ ਤੋਹਫ਼ਾ ਮਿਲਣ ਦੀ ਆਸ ਨਹੀਂ ਹੁੰਦੀ ਤੇ ਉਦੋਂ ਤੁਹਾਨੂੰ ਤੋਹਫ਼ਾ ਮਿਲਦਾ ਹੈ, ਤਾਂ ਬਹੁਤ ਜ਼ਿਆਦਾ ਖ਼ੁਸ਼ੀ ਹੁੰਦੀ ਹੈ।”—12 ਸਾਲ ਦੀ ਟੈਮੀ।

  •   “ਭਾਵੇਂ ਮੈਨੂੰ ਆਪਣੇ ਜਨਮ-ਦਿਨ ʼਤੇ ਤੋਹਫ਼ੇ ਨਹੀਂ ਮਿਲਦੇ, ਪਰ ਮੇਰੇ ਮਾਪੇ ਮੈਨੂੰ ਹੋਰ ਮੌਕਿਆਂ ʼਤੇ ਤੋਹਫ਼ੇ ਦਿੰਦੇ ਹਨ। ਮੈਨੂੰ ਚੰਗਾ ਲੱਗਦਾ ਹੈ ਜਦੋਂ ਅਚਾਨਕ ਮੈਨੂੰ ਤੋਹਫ਼ੇ ਮਿਲਦੇ ਹਨ।”—11 ਸਾਲ ਦਾ ਗ੍ਰੈਗਰੀ।

  •   “ਕੀ ਤੁਹਾਨੂੰ ਇਹ ਲੱਗਦਾ ਹੈ ਕਿ ਦਸ ਮਿੰਟ, ਥੋੜ੍ਹੇ ਜਿਹੇ ਕੇਕ ਅਤੇ ਇਕ-ਅੱਧੇ ਗੀਤ ਨਾਲ ਪਾਰਟੀ ਹੋ ਜਾਂਦੀ ਹੈ? ਤੁਹਾਨੂੰ ਮੇਰੇ ਘਰੇ ਆ ਕੇ ਦੇਖਣਾ ਚਾਹੀਦਾ ਹੈ ਕਿ ਅਸਲੀ ਪਾਰਟੀ ਕੀ ਹੁੰਦੀ ਹੈ!”—6 ਸਾਲ ਦਾ ਐਰਿਕ।