Skip to content

“ਮੈਂ ਉਹ ਕਰ ਰਹੀ ਹਾਂ, ਜੋ ਮੈਂ ਕਰ ਸਕਦੀ ਹਾਂ”

“ਮੈਂ ਉਹ ਕਰ ਰਹੀ ਹਾਂ, ਜੋ ਮੈਂ ਕਰ ਸਕਦੀ ਹਾਂ”

 ਜਰਮਨੀ ਵਿਚ ਰਹਿਣ ਵਾਲੀ ਈਰਮਾ ਹੁਣ ਲਗਭਗ 90 ਸਾਲਾਂ ਦੀ ਹੈ। ਦੋ ਵੱਡੇ-ਵੱਡੇ ਐਕਸੀਡੈਂਟ ਅਤੇ ਕਈ ਓਪਰੇਸ਼ਨ ਹੋਣ ਕਰਕੇ ਉਹ ਪਹਿਲਾਂ ਵਾਂਗ ਘਰ-ਘਰ ਜਾ ਕੇ ਪ੍ਰਚਾਰ ਨਹੀਂ ਕਰ ਸਕਦੀ। ਈਰਮਾ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੂੰ ਚਿੱਠੀਆਂ ਲਿਖ ਕੇ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ। ਈਰਮਾ ਦੀਆਂ ਹੌਸਲੇ ਤੇ ਦਿਲਾਸੇ ਭਰੀਆਂ ਚਿੱਠੀਆਂ ਪੜ੍ਹ ਕੇ ਲੋਕਾਂ ਨੂੰ ਇੰਨਾ ਚੰਗਾ ਲੱਗਦਾ ਹੈ ਕਿ ਉਹ ਉਸ ਨੂੰ ਫ਼ੋਨ ਕਰ ਕੇ ਪੁੱਛਦੇ ਹਨ ਕਿ ਉਹ ਅਗਲੀ ਚਿੱਠੀ ਕਦੋਂ ਲਿਖੇਗੀ। ਬਹੁਤ ਸਾਰੇ ਲੋਕ ਉਸ ਦਾ ਸ਼ੁਕਰੀਆ ਅਦਾ ਕਰਨ ਲਈ ਉਸ ਨੂੰ ਚਿੱਠੀਆਂ ਲਿਖਦੇ ਹਨ ਤੇ ਉਸ ਨੂੰ ਦੁਬਾਰਾ ਚਿੱਠੀ ਲਿਖਣ ਲਈ ਕਹਿੰਦੇ ਹਨ। ਈਰਮਾ ਕਹਿੰਦੀ ਹੈ: “ਮੈਨੂੰ ਇਸ ਕੰਮ ਤੋਂ ਖ਼ੁਸ਼ੀ ਮਿਲਦੀ ਹੈ ਤੇ ਮੈਂ ਪਰਮੇਸ਼ੁਰ ਦੇ ਨੇੜੇ ਰਹਿੰਦੀ ਹਾਂ।”

 ਈਰਮਾ ਬਿਰਧ ਆਸ਼ਰਮ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਚਿੱਠੀਆਂ ਲਿਖਦੀ ਹੈ। ਉਹ ਦੱਸਦੀ ਹੈ: “ਇਕ ਬਿਰਧ ਔਰਤ ਦੇ ਪਤੀ ਦੀ ਹਾਲ ਹੀ ਵਿਚ ਮੌਤ ਹੋਈ ਸੀ ਤੇ ਉਸ ਨੇ ਮੈਨੂੰ ਫ਼ੋਨ ਕਰ ਕੇ ਦੱਸਿਆ ਕਿ ਉਸ ਨੂੰ ਮੇਰੀ ਚਿੱਠੀ ਤੋਂ ਬਹੁਤ ਦਿਲਾਸਾ ਮਿਲਿਆ। ਉਹ ਉਸ ਚਿੱਠੀ ਨੂੰ ਆਪਣੀ ਬਾਈਬਲ ਵਿਚ ਹੀ ਰੱਖਦੀ ਹੈ ਤੇ ਅਕਸਰ ਸ਼ਾਮ ਵੇਲੇ ਪੜ੍ਹਦੀ ਹੈ। ਇਕ ਹੋਰ ਔਰਤ, ਜਿਸ ਦੇ ਪਤੀ ਦੀ ਹਾਲ ਹੀ ਵਿਚ ਮੌਤ ਹੋਈ, ਦੱਸਦੀ ਹੈ ਕਿ ਪਾਦਰੀ ਦੇ ਭਾਸ਼ਣ ਨਾਲੋਂ ਉਸ ਨੂੰ ਮੇਰੀਆਂ ਚਿੱਠੀਆਂ ਤੋਂ ਜ਼ਿਆਦਾ ਮਦਦ ਮਿਲੀ। ਉਹ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੀ ਹੈ ਅਤੇ ਉਸ ਨੇ ਕਿਹਾ ਕਿ ਉਹ ਮੈਨੂੰ ਮਿਲਣਾ ਚਾਹੁੰਦੀ ਹੈ।”

 ਈਰਮਾ ਦੀ ਜਾਣ-ਪਛਾਣ ਵਾਲੀ ਇਕ ਔਰਤ ਕਿਸੇ ਹੋਰ ਜਗ੍ਹਾ ਜਾ ਕੇ ਰਹਿਣ ਲੱਗ ਪਈ। ਉਸ ਨੇ ਈਰਮਾ ਨੂੰ ਕਿਹਾ ਕਿ ਉਹ ਉਸ ਨੂੰ ਚਿੱਠੀਆਂ ਲਿਖੇ। ਈਰਮਾ ਕਹਿੰਦੀ ਹੈ: “ਉਸ ਨੇ ਮੇਰੀਆਂ ਸਾਰੀਆਂ ਚਿੱਠੀਆਂ ਸਾਂਭ ਕੇ ਰੱਖੀਆਂ ਸਨ। ਉਸ ਦੀ ਮੌਤ ਤੋਂ ਬਾਅਦ ਉਸ ਦੀ ਧੀ ਨੇ ਮੈਨੂੰ ਫ਼ੋਨ ਕੀਤਾ। ਉਸ ਨੇ ਦੱਸਿਆ ਕਿ ਉਸ ਨੇ ਉਹ ਸਾਰੀਆਂ ਚਿੱਠੀਆਂ ਪੜ੍ਹੀਆਂ ਜੋ ਮੈਂ ਉਸ ਦੀ ਮੰਮੀ ਨੂੰ ਲਿਖੀਆਂ ਸਨ। ਨਾਲੇ ਉਸ ਨੇ ਮੈਨੂੰ ਕਿਹਾ ਕਿ ਜੇ ਮੈਂ ਉਸ ਨੂੰ ਵੀ ਬਾਈਬਲ-ਆਧਾਰਿਤ ਚਿੱਠੀਆਂ ਲਿਖਾਂ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਵੇਗੀ।”

 ਈਰਮਾ ਨੂੰ ਪ੍ਰਚਾਰ ਕਰ ਕੇ ਬਹੁਤ ਮਜ਼ਾ ਆਉਂਦਾ ਹੈ। ਉਹ ਕਹਿੰਦੀ ਹੈ: “ਮੈਂ ਯਹੋਵਾਹ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੈਨੂੰ ਉਸ ਦੀ ਸੇਵਾ ਕਰਨ ਦੀ ਤਾਕਤ ਦਿੰਦਾ ਰਹੇ। ਭਾਵੇਂ ਹੁਣ ਮੈਂ ਘਰ-ਘਰ ਜਾ ਕੇ ਪ੍ਰਚਾਰ ਨਹੀਂ ਕਰ ਸਕਦੀ, ਪਰ ਮੈਂ ਉਹ ਕਰ ਰਹੀ ਹਾਂ, ਜੋ ਮੈਂ ਕਰ ਸਕਦੀ ਹਾਂ।”