Skip to content

ਇਕ ਪਾਦਰੀ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ

ਇਕ ਪਾਦਰੀ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ

 ਇਕ ਦਿਨ ਈਲੀਸੋ, ਜੋ ਯਹੋਵਾਹ ਦੀ ਗਵਾਹ ਹੈ, ਇਕ ਔਰਤ ਨੂੰ ਉਸ ਦੇ ਘਰ ਸਟੱਡੀ ਕਰਵਾ ਰਹੀ ਸੀ। ਉਸ ਔਰਤ ਦੇ ਘਰ ਅਚਾਨਕ ਹੀ ਦੋ ਜਣੇ ਆ ਗਏ। ਦਰਵਾਜ਼ੇ ʼਤੇ ਇਕ ਪਾਦਰੀ ਅਤੇ ਉਸ ਦੀ ਪਤਨੀ ਖੜ੍ਹੇ ਸਨ। ਈਲੀਸੋ ਨੂੰ ਪਤਾ ਲੱਗਾ ਸੀ ਕਿ ਇਸ ਜੋੜੇ ਦਾ ਇਕਲੌਤਾ ਮੁੰਡਾ, ਜੋ ਕਿ ਸਿਰਫ਼ 34 ਸਾਲ ਦਾ ਸੀ, ਥੋੜ੍ਹਾ ਸਮਾਂ ਪਹਿਲਾਂ ਹੀ ਗੁਜ਼ਰ ਗਿਆ ਸੀ।

 ਜਦੋਂ ਈਲੀਸੋ ਨੇ ਉਨ੍ਹਾਂ ਦੇ ਮੁੰਡੇ ਦੀ ਮੌਤ ਦਾ ਦੁੱਖ ਜਤਾਇਆ, ਤਾਂ ਪਾਦਰੀ ਅਤੇ ਉਸ ਦੀ ਪਤਨੀ ਫੁੱਟ-ਫੁੱਟ ਕੇ ਰੋਣ ਲੱਗ ਪਏ। ਫਿਰ ਪਾਦਰੀ ਨੇ ਗੁੱਸੇ ਵਿਚ ਕਿਹਾ: “ਮੈਨੂੰ ਸਮਝ ਨਹੀਂ ਆਉਂਦੀ ਕਿ ਰੱਬ ਨੇ ਮੇਰੇ ਨਾਲ ਇੱਦਾਂ ਕਿਉਂ ਕੀਤਾ? ਉਸ ਨੇ ਮੇਰਾ ਇਕਲੌਤਾ ਮੁੰਡਾ ਮੇਰੇ ਤੋਂ ਕਿਉਂ ਖੋਹਿਆ? ਮੈਂ ਪਿਛਲੇ 28 ਸਾਲਾਂ ਤੋਂ ਉਸ ਦੀ ਸੇਵਾ ਕਰ ਰਿਹਾ ਹਾਂ ਤੇ ਮੈਂ ਕਦੀ ਵੀ ਕੋਈ ਮਾੜਾ ਕੰਮ ਨਹੀਂ ਕੀਤਾ। ਉਸ ਨੇ ਮੇਰੇ ਕੰਮਾਂ ਦਾ ਇਹ ਸਿਲਾ ਦਿੱਤਾ! ਰੱਬ ਨੇ ਮੇਰੇ ਮੁੰਡੇ ਦੀ ਜਾਨ ਕਿਉਂ ਲੈ ਲਈ?”

 ਈਲੀਸੋ ਨੇ ਦੱਸਿਆ ਕਿ ਰੱਬ ਨੇ ਉਨ੍ਹਾਂ ਦਾ ਮੁੰਡਾ ਨਹੀਂ ਖੋਹਿਆ। ਉਸ ਨੇ ਉਨ੍ਹਾਂ ਨਾਲ ਰਿਹਾਈ ਦੀ ਕੀਮਤ ਅਤੇ ਦੁਬਾਰਾ ਜੀਉਂਦੇ ਹੋਣ ਦੀ ਉਮੀਦ ਵਰਗੇ ਵਿਸ਼ਿਆਂ ਬਾਰੇ ਵੀ ਗੱਲ ਕੀਤੀ। ਉਸ ਨੇ ਇਹ ਵੀ ਦੱਸਿਆ ਕਿ ਰੱਬ ਸਾਡੇ ਨਾਲ ਮਾੜਾ ਕਿਉਂ ਹੋਣ ਦਿੰਦਾ ਹੈ। ਪਾਦਰੀ ਅਤੇ ਉਸ ਦੀ ਪਤਨੀ ਨੇ ਈਲੀਸੋ ਨੂੰ ਕਿਹਾ ਕਿ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ ਪ੍ਰਾਰਥਨਾ ਕਰ ਰਹੇ ਸਨ।

 ਅਗਲੇ ਹਫ਼ਤੇ ਪਾਦਰੀ ਅਤੇ ਉਸ ਦੀ ਪਤਨੀ ਦੁਬਾਰਾ ਉਸ ਔਰਤ ਦੇ ਘਰ ਆਏ ਅਤੇ ਬਾਈਬਲ ਸਟੱਡੀ ਵਿਚ ਬੈਠ ਗਏ। ਈਲੀਸੋ ਉਸ ਵੇਲੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ ਕਿਤਾਬ ਦੇ ਪਾਠ “ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਪੱਕੀ ਉਮੀਦ” ਤੋਂ ਸਟੱਡੀ ਕਰਾ ਰਹੀ ਸੀ। ਉਸ ਜੋੜੇ ਨੇ ਵੀ ਇਸ ਚਰਚਾ ਵਿਚ ਹਿੱਸਾ ਲਿਆ।

 ਬਾਅਦ ਵਿਚ ਉਹ ਦੋਵੇਂ ਯਹੋਵਾਹ ਦੇ ਗਵਾਹਾਂ ਦੇ ਵੱਡੇ ਸੰਮੇਲਨ ਵਿਚ ਵੀ ਆਏ ਜੋ ਜਾਰਜੀਆ ਦੇ ਤਬਿਲਿਸੀ ਸ਼ਹਿਰ ਵਿਚ ਹੋਇਆ ਸੀ। ਉਹ ਭੈਣਾਂ-ਭਰਾਵਾਂ ਵਿਚ ਪਿਆਰ ਅਤੇ ਏਕਤਾ ਦੇਖ ਕੇ ਹੈਰਾਨ ਰਹਿ ਗਏ। ਉਹ ਕਾਫ਼ੀ ਸਮੇਂ ਤੋਂ ਚਰਚ ਦੇ ਮੈਂਬਰਾਂ ਵਿਚ ਇਹ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਉਹ ਇੱਦਾਂ ਕਰਨ ਵਿਚ ਨਾਕਾਮ ਰਹੇ।