Skip to content

ਪਾਦਰੀਆਂ ਦੇ ਭੜਕਣ ਦੇ ਬਾਵਜੂਦ ਵੀ ਉਹ ਸ਼ਾਂਤ ਰਹੇ

ਪਾਦਰੀਆਂ ਦੇ ਭੜਕਣ ਦੇ ਬਾਵਜੂਦ ਵੀ ਉਹ ਸ਼ਾਂਤ ਰਹੇ

 ਸਰਕਟ ਓਵਰਸੀਅਰ ਵਜੋਂ ਭਰਾ ਆਰਥਰ ਆਰਮੀਨੀਆ ਦੀ ਇਕ ਮੰਡਲੀ ਦਾ ਦੌਰਾ ਕਰਨ ਗਿਆ ਸੀ। ਉਸ ਨੇ ਗੌਰ ਕੀਤਾ ਕਿ ਮੰਡਲੀ ਦੇ ਭੈਣਾਂ-ਭਰਾਵਾਂ ਨੇ ਰੇੜ੍ਹੀ ਲਾ ਕੇ ਜਾਂ ਜਨਤਕ ਥਾਵਾਂ ʼਤੇ ਗਵਾਹੀ ਦੇਣੀ ਸ਼ੁਰੂ ਨਹੀਂ ਕੀਤੀ ਸੀ। ਭੈਣਾਂ-ਭਰਾਵਾਂ ਨੂੰ ਜਨਤਕ ਥਾਵਾਂ ʼਤੇ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦੇਣ ਲਈ ਸਰਕਟ ਓਵਰਸੀਅਰ ਅਤੇ ਉਸ ਦੀ ਪਤਨੀ ਭਰਾ ਜਾਈਰ ਨਾਲ ਸ਼ਹਿਰ ਵਿਚ ਰੇੜ੍ਹੀ ਲਾ ਕੇ ਪ੍ਰਚਾਰ ਕਰਨ ਲਈ ਗਏ। ਉਨ੍ਹਾਂ ਨੇ ਉਸ ਥਾਂ ʼਤੇ ਰੇੜ੍ਹੀ ਲਾਈ ਜਿੱਥੋਂ ਬਹੁਤ ਸਾਰੇ ਲੋਕ ਪੈਦਲ ਲੰਘਦੇ ਸਨ।

 ਉੱਥੋਂ ਗੁਜ਼ਰਨ ਵਾਲੇ ਲੋਕਾਂ ਦਾ ਧਿਆਨ ਰੇੜ੍ਹੀ ਵੱਲ ਗਿਆ ਅਤੇ ਉਹ ਪ੍ਰਕਾਸ਼ਨ ਲੈਣ ਲੱਗੇ। ਜਲਦੀ ਹੀ ਵਿਰੋਧੀਆਂ ਦਾ ਧਿਆਨ ਵੀ ਰੇੜ੍ਹੀ ਵੱਲ ਗਿਆ। ਦੋ ਪਾਦਰੀ ਰੇੜ੍ਹੀ ਕੋਲ ਆਏ ਅਤੇ ਉਨ੍ਹਾਂ ਵਿੱਚੋਂ ਇਕ ਨੇ ਆਉਂਦੇ ਸਾਰ ਹੀ ਰੇੜ੍ਹੀ ਨੂੰ ਠੁੱਡਾ ਮਾਰਿਆ। ਫਿਰ ਉਸ ਨੇ ਆਰਥਰ ਦੇ ਮੂੰਹ ʼਤੇ ਚਪੇੜ ਮਾਰੀ ਜਿਸ ਕਰਕੇ ਉਸ ਦੀਆਂ ਐਨਕਾਂ ਥੱਲੇ ਡਿੱਗ ਗਈਆਂ। ਆਰਥਰ, ਐਨਾ ਅਤੇ ਜਾਈਰ ਨੇ ਪਾਦਰੀਆਂ ਨੂੰ ਸ਼ਾਂਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਪਾਦਰੀ ਜ਼ੋਰ-ਜ਼ੋਰ ਦੀ ਠੁੱਡੇ ਮਾਰ ਕੇ ਰੇੜ੍ਹੀ ਨੂੰ ਤੋੜਨ ਲੱਗੇ ਅਤੇ ਸਾਰੇ ਪ੍ਰਕਾਸ਼ਨ ਖਿੱਲਰ ਗਏ। ਉਨ੍ਹਾਂ ਨੇ ਤਿੰਨੇ ਗਵਾਹਾਂ ਨੂੰ ਬਹੁਤ ਬੁਰਾ-ਭਲਾ ਕਿਹਾ ਅਤੇ ਧਮਕੀ ਦੇ ਕੇ ਉੱਥੋਂ ਚਲੇ ਗਏ।

 ਆਰਥਰ, ਐਨਾ ਅਤੇ ਜਾਈਰ ਪਾਦਰੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਲਈ ਪੁਲਿਸ ਸਟੇਸ਼ਨ ਗਏ ਅਤੇ ਸਾਰੀ ਗੱਲ ਪੁਲਿਸ ਨੂੰ ਦੱਸੀ। ਨਾਲੇ ਉਨ੍ਹਾਂ ਨੇ ਪੁਲਿਸ ਅਫ਼ਸਰਾਂ ਅਤੇ ਉੱਥੇ ਦੇ ਹੋਰ ਕਰਮਚਾਰੀਆਂ ਨੂੰ ਬਾਈਬਲ ਬਾਰੇ ਦੱਸਿਆ। ਇਸ ਤੋਂ ਬਾਅਦ ਤਿੰਨੇ ਗਵਾਹਾਂ ਨੂੰ ਵੱਡੇ ਪੁਲਿਸ ਅਫ਼ਸਰ ਕੋਲ ਲੈ ਜਾਇਆ ਗਿਆ। ਪਹਿਲਾਂ ਤਾਂ ਉਹ ਅਫ਼ਸਰ ਜਾਣਨਾ ਚਾਹੁੰਦਾ ਸੀ ਕਿ ਹੋਇਆ ਕੀ ਸੀ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਇੰਨਾ ਹੱਟਾ-ਕੱਟਾ ਹੋਣ ਦੇ ਬਾਵਜੂਦ ਆਰਥਰ ਨੇ ਬਦਲੇ ਵਿਚ ਪਾਦਰੀ ʼਤੇ ਹੱਥ ਨਹੀਂ ਚੁੱਕਿਆਂ, ਤਾਂ ਉਸ ਨੇ ਕੇਸ ਬਾਰੇ ਜਾਣਕਾਰੀ ਲੈਣ ਦੀ ਬਜਾਇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਅਫ਼ਸਰ ਨਾਲ ਉਨ੍ਹਾਂ ਦੀ ਗੱਲਬਾਤ ਲਗਾਤਾਰ ਚਾਰ ਘੰਟੇ ਚੱਲੀ! ਗਵਾਹਾਂ ਦੀ ਗੱਲਬਾਤ ਦਾ ਉਸ ਅਫ਼ਸਰ ʼਤੇ ਇੰਨਾ ਅਸਰ ਪਿਆ ਕਿ ਉਸ ਨੇ ਕਿਹਾ: “ਤੁਹਾਡਾ ਧਰਮ ਤਾਂ ਕਮਾਲ ਦਾ ਹੈ! ਕਾਸ਼! ਮੈਂ ਵੀ ਯਹੋਵਾਹ ਦਾ ਗਵਾਹ ਬਣ ਸਕਦਾ।”

ਆਰਥਰ ਅਤੇ ਐਨਾ

 ਅਗਲੇ ਹੀ ਦਿਨ ਜਦੋਂ ਆਰਥਰ ਜਨਤਕ ਥਾਂ ʼਤੇ ਗਵਾਹੀ ਦੇ ਰਿਹਾ ਸੀ, ਤਾਂ ਉਸ ਕੋਲ ਇਕ ਆਦਮੀ ਆਇਆ ਜਿਸ ਨੇ ਪਿਛਲੇ ਦਿਨ ਸਭ ਕੁਝ ਹੁੰਦਿਆਂ ਦੇਖਿਆ ਸੀ। ਉਸ ਨੇ ਆਰਥਰ ਦੀ ਤਾਰੀਫ਼ ਕੀਤੀ ਕਿ ਉਹ ਪਾਦਰੀ ਨਾਲ ਲੜਨ ਦੀ ਬਜਾਇ ਸ਼ਾਂਤ ਰਿਹਾ। ਉਸ ਨੇ ਇਹ ਵੀ ਕਿਹਾ ਕਿ ਕੱਲ੍ਹ ਦੀ ਘਟਨਾ ਦੇਖ ਕੇ ਉਸ ਦੇ ਦਿਲ ਵਿੱਚੋਂ ਪਾਦਰੀਆਂ ਲਈ ਕਦਰ ਬਿਲਕੁਲ ਖ਼ਤਮ ਹੋ ਗਈ।

 ਉਸੇ ਸ਼ਾਮ ਨੂੰ ਉਸ ਪੁਲਿਸ ਅਫ਼ਸਰ ਨੇ ਆਰਥਰ ਨੂੰ ਫਿਰ ਤੋਂ ਪੁਲਿਸ ਸਟੇਸ਼ਨ ਬੁਲਾਇਆ। ਪਰ ਕੇਸ ਬਾਰੇ ਗੱਲ ਕਰਨ ਦੀ ਬਜਾਇ, ਅਫ਼ਸਰ ਨੇ ਬਾਈਬਲ ਵਿੱਚੋਂ ਉਸ ਨੂੰ ਹੋਰ ਸਵਾਲ ਪੁੱਛੇ। ਦੋ ਹੋਰ ਪੁਲਿਸ ਵਾਲੇ ਵੀ ਗੱਲਬਾਤ ਵਿਚ ਸ਼ਾਮਲ ਹੋ ਗਏ।

 ਅਗਲੇ ਹੀ ਦਿਨ ਆਰਥਰ ਉਸ ਅਫ਼ਸਰ ਨੂੰ ਵਾਪਸ ਮਿਲਣ ਗਿਆ ਅਤੇ ਉਸ ਨੇ ਅਫ਼ਸਰ ਨੂੰ ਬਾਈਬਲ ਨਾਲ ਸੰਬੰਧਿਤ ਵੀਡੀਓ ਦਿਖਾਈਆਂ। ਉਸ ਅਫ਼ਸਰ ਨੇ ਹੋਰ ਪੁਲਿਸ ਕਰਮਚਾਰੀਆਂ ਨੂੰ ਵੀ ਵੀਡੀਓ ਦੇਖਣ ਲਈ ਬੁਲਾਇਆ।

 ਚਾਹੇ ਪਾਦਰੀਆਂ ਨੇ ਭਰਾਵਾਂ ਨਾਲ ਬੁਰਾ ਸਲੂਕ ਕੀਤਾ, ਪਰ ਭਰਾਵਾਂ ਦੇ ਚੰਗੇ ਰਵੱਈਏ ਦਾ ਲੋਕਾਂ ʼਤੇ ਵਧੀਆ ਅਸਰ ਪਿਆ ਅਤੇ ਇਸ ਕਰਕੇ ਉੱਥੋਂ ਦੇ ਬਹੁਤ ਸਾਰੇ ਪੁਲਿਸ ਅਫ਼ਸਰਾਂ ਨੂੰ ਪਹਿਲੀ ਵਾਰ ਬਾਈਬਲ ਵਿੱਚੋਂ ਗਵਾਹੀ ਮਿਲ ਸਕੀ।