Skip to content

ਨਿਊਯਾਰਕ ਸ਼ਹਿਰ ਵਿਚ ਤਿਉਹਾਰ ਅਤੇ ਅਮਰੀਕੀ ਆਦਿਵਾਸੀਆਂ ਲਈ ਜਾਣਕਾਰੀ

ਨਿਊਯਾਰਕ ਸ਼ਹਿਰ ਵਿਚ ਤਿਉਹਾਰ ਅਤੇ ਅਮਰੀਕੀ ਆਦਿਵਾਸੀਆਂ ਲਈ ਜਾਣਕਾਰੀ

ਕਈ ਲੋਕ ਮੰਨਦੇ ਹਨ ਕਿ ਅਮਰੀਕੀ ਆਦਿਵਾਸੀ ਦੇਸ਼ ਦੇ ਪੇਂਡੂ ਇਲਾਕਿਆਂ ਵਿਚ ਆਪਣੀਆਂ ਰਾਖਵੀਆਂ ਥਾਵਾਂ ਤੇ ਰਹਿੰਦੇ ਹਨ। ਪਰ ਅਮਰੀਕੀ ਆਦਿਵਾਸੀਆਂ ਨਾਲ ਤਅੱਲਕ ਰੱਖਦੇ 70 ਪ੍ਰਤਿਸ਼ਤ ਲੋਕ ਸ਼ਹਿਰੀ ਇਲਾਕਿਆਂ ਵਿਚ ਰਹਿੰਦੇ ਹਨ। ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਵਿਚ 5-7 ਜੂਨ 2015 ਨੂੰ ਅਮਰੀਕੀ ਆਦਿਵਾਸੀਆਂ ਦਾ ਤਿਉਹਾਰ “Gateway to Nations” ਮਨਾਇਆ ਗਿਆ ਜੋ ਉਨ੍ਹਾਂ ਦਾ ਇਕ ਮੇਲਾ (Powwow) ਵੀ ਹੈ। a ਜਦੋਂ ਯਹੋਵਾਹ ਦੇ ਕੁਝ ਗਵਾਹਾਂ ਨੂੰ ਇਸ ਮੇਲੇ ਦਾ ਪਤਾ ਲੱਗਾ, ਤਾਂ ਉਨ੍ਹਾਂ ਨੇ ਇਸ ਮੇਲੇ ਵਿਚ ਜਾਣ ਦੀਆਂ ਯੋਜਨਾਵਾਂ ਬਣਾਈਆਂ। ਕਿਉਂ?

ਯਹੋਵਾਹ ਦੇ ਗਵਾਹ ਸੈਂਕੜੇ ਹੀ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਨੁਵਾਦ ਕਰਦੇ ਹਨ ਜਿਨ੍ਹਾਂ ਵਿਚ ਕਈ ਅਮਰੀਕੀ ਆਦਿਵਾਸੀ ਭਾਸ਼ਾਵਾਂ ਵੀ ਹਨ ਜਿਵੇਂ ਓਡਾਵਾ, ਹੋਪੀ, ਨਾਵਾਹੋ, ਡਾਕੋਟਾ, ਪਲੇਨਸ ਕ੍ਰੀ, ਬਲੈਕਫੁੱਟ ਤੇ ਮੋਹੌਕ। ਇਸ ਲਈ ਗਵਾਹਾਂ ਨੇ “Gateway to Nations” ਮੇਲੇ ਵਿਚ ਇਨ੍ਹਾਂ ਪ੍ਰਕਾਸ਼ਨਾਂ ਨੂੰ ਮੇਜ਼ਾਂ ਅਤੇ ਰੇੜ੍ਹੀਆਂ ʼਤੇ ਸਜਾ ਕੇ ਰੱਖਿਆ। ਪ੍ਰਕਾਸ਼ਨਾਂ ਵਿਚ ਇਹ ਪਰਚਾ ਵੀ ਸੀ: ਤੁਸੀਂ ਸ੍ਰਿਸ਼ਟੀਕਰਤਾ ʼਤੇ ਭਰੋਸਾ ਕਰ ਸਕਦੇ ਹੋ! (ਅੰਗ੍ਰੇਜ਼ੀ)

ਸਾਡੀ ਵੈੱਬਸਾਈਟ ਉੱਤੇ ਉੱਪਰ ਦੱਸੀਆਂ ਭਾਸ਼ਾਵਾਂ ਵਿਚ ਆਡੀਓ ਅਤੇ ਵੀਡੀਓ ਰਿਕਾਰਡਿੰਗਾਂ ਵੀ ਹਨ। “Gateway to Nations” ਮੇਲੇ ਵਿਚ ਗਵਾਹਾਂ ਨੇ ਉਤਸੁਕ ਲੋਕਾਂ ਲਈ ਕਈ ਰਿਕਾਰਡਿੰਗਾਂ ਚਲਾਈਆਂ। ਉਨ੍ਹਾਂ ਲੋਕਾਂ ਨੇ ਦੇਖਿਆ ਕਿ ਹੋਰ ਪ੍ਰਦਰਸ਼ਨੀਆਂ, ਸਾਈਨ-ਬੋਰਡ ਅਤੇ ਪ੍ਰੋਗ੍ਰਾਮ ਸਿਰਫ਼ ਅੰਗ੍ਰੇਜ਼ੀ ਜਾਂ ਸਪੈਨਿਸ਼ ਭਾਸ਼ਾ ਵਿਚ ਹੀ ਸਨ।

ਇਸ ਮੇਲੇ ਵਿਚ ਆਏ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਕਿ ਅਸੀਂ ਅਮਰੀਕਾ ਦੀਆਂ ਇੰਨੀਆਂ ਸਾਰੀਆਂ ਆਦਿਵਾਸੀ ਭਾਸ਼ਾਵਾਂ ਵਿਚ ਅਨੁਵਾਦ ਕਰਦੇ ਹਾਂ ਅਤੇ ਸ਼ਹਿਰਾਂ ਤੇ ਆਦਿਵਾਸੀ ਇਲਾਕਿਆਂ ਵਿਚ ਬਾਈਬਲ ਦੀ ਸਿੱਖਿਆ ਵੀ ਦਿੰਦੇ ਹਾਂ। ਸਾਡੇ ਕੰਮ ਬਾਰੇ ਜਾਣਨ ਤੋਂ ਬਾਅਦ ਮੇਲੇ ਦੇ ਇਕ ਸਟਾਫ਼ ਮੈਂਬਰ ਨੇ ਬਾਈਬਲ ਸਟੱਡੀ ਕਰਨ ਬਾਰੇ ਪੁੱਛਿਆ ਤੇ ਕਿਹਾ: “ਮੈਂ ਤੁਹਾਡੀ ਉਡੀਕ ਕਰਾਂਗਾ ਤੇ ਬਾਈਬਲ ਬਾਰੇ ਸਿੱਖਣ ਲਈ ਬਹੁਤ ਉਤਾਵਲਾ ਹਾਂ!”

ਇਕ ਆਦਿਵਾਸੀ ਵਿਆਹਿਆ ਜੋੜਾ, ਜੋ ਬੋਲ਼ਾ ਸੀ, ਸਾਡੇ ਪ੍ਰਕਾਸ਼ਨਾਂ ਦੇ ਇਕ ਮੇਜ਼ ਕੋਲ ਆਇਆ, ਪਰ ਗਵਾਹ ਉਨ੍ਹਾਂ ਨਾਲ ਗੱਲਬਾਤ ਨਹੀਂ ਕਰ ਸਕੇ। ਫਿਰ ਉਸੇ ਵੇਲੇ ਇਕ ਗਵਾਹ ਆ ਗਈ ਜਿਸ ਨੇ ਸੈਨਤ ਭਾਸ਼ਾ ਸਿੱਖੀ ਸੀ। ਉਸ ਨੇ 30 ਮਿੰਟਾਂ ਤਕ ਉਨ੍ਹਾਂ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦਾ ਸੈਨਤ-ਭਾਸ਼ਾ ਦਾ ਸੰਮੇਲਨ ਕਿੱਥੇ ਹੋਵੇਗਾ।

ਇਸ ਤਿੰਨ ਦਿਨਾਂ ਦੇ ਮੇਲੇ ਵਿਚ 50 ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਵਿਚ ਹਿੱਸਾ ਲਿਆ ਅਤੇ ਲੋਕਾਂ ਨੂੰ 150 ਤੋਂ ਜ਼ਿਆਦਾ ਪ੍ਰਕਾਸ਼ਨ ਦਿੱਤੇ।

a ਮਾਨਵ-ਵਿਗਿਆਨੀ ਵਿਲਿਅਮ ਕੇ. ਪਾਓਰਸ ਅਨੁਸਾਰ ਇਹ “ਰਵਾਇਤੀ ਮੇਲਾ ਹੈ ਜਿਸ ਵਿਚ ਸਮੂਹਕ ਗਾਣੇ ਦੇ ਨਾਲ-ਨਾਲ ਆਦਮੀ, ਔਰਤਾਂ ਅਤੇ ਬੱਚੇ ਨੱਚਦੇ ਹਨ।”​—ਨਸਲੀ ਸੰਗੀਤ-ਵਿਗਿਆਨ (Ethnomusicology), ਸਤੰਬਰ 1968, ਸਫ਼ਾ 354.