Skip to content

19,000 ਟਿਕਟਾਂ ਦੀ ਸੁਗਾਤ

19,000 ਟਿਕਟਾਂ ਦੀ ਸੁਗਾਤ

ਸਾਲ 2013 ਦੇ ਜੁਲਾਈ ਮਹੀਨੇ ਵਿਚ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਇਕ ਚਿੱਠੀ ਲਿਖੀ ਜਿਸ ਨੂੰ ਪੜ੍ਹ ਕੇ ਸਾਰੇ ਝੂਮ ਉੱਠੇ। ਇਹ ਚਿੱਠੀ ਮਿਸ਼ਨਰੀਆਂ ਅਤੇ ਵਿਦੇਸ਼ ਵਿਚ ਪੂਰੇ ਸਮੇਂ ਦੀ ਖ਼ਾਸ ਸੇਵਾ ਕਰ ਰਹੇ ਸੇਵਕਾਂ ਲਈ ਸੀ। ਇਸ ਚਿੱਠੀ ਵਿਚ ਦੱਸਿਆ ਗਿਆ ਸੀ ਕਿ ਇਨ੍ਹਾਂ ਸੇਵਕਾਂ ਦੇ ਸਫ਼ਰ ਲਈ ਕੁਝ ਇੰਤਜ਼ਾਮ ਕੀਤੇ ਗਏ ਹਨ ਤਾਂਕਿ ਉਹ ਸਾਲ 2014 ਅਤੇ 2015 ਦੇ ਸ਼ੁਰੂ ਵਿਚ ਹੋਣ ਵਾਲੇ ਵੱਡੇ ਅਤੇ ਅੰਤਰ-ਰਾਸ਼ਟਰੀ ਸੰਮੇਲਨਾਂ ਵਿਚ ਹਾਜ਼ਰ ਹੋ ਸਕਣ।

ਇਹ ਇੰਤਜ਼ਾਮ ਨਾ ਸਿਰਫ਼ ਇਸ ਕਰਕੇ ਕੀਤੇ ਗਏ ਸਨ ਕਿ ਇਹ ਸੇਵਕ ਸੰਮੇਲਨਾਂ ਵਿਚ ਹਾਜ਼ਰ ਹੋ ਸਕਣ ਬਲਕਿ ਇਸ ਲਈ ਵੀ ਕੀਤੇ ਗਏ ਸਨ ਤਾਂਕਿ ਉਹ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਸਮਾਂ ਬਿਤਾ ਸਕਣ। ਇਸ ਚਿੱਠੀ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਆਉਣ-ਜਾਣ ਲਈ ਜਹਾਜ਼ ਦੀਆਂ ਟਿਕਟਾਂ ਦਾ ਖ਼ਰਚਾ ਸੰਗਠਨ ਹੀ ਚੁੱਕੇਗਾ।

ਇਸ ਤਰ੍ਹਾਂ ਦੇ ਇੰਤਜ਼ਾਮ ਬੀਤੇ ਸਮੇਂ ਵਿਚ ਵੀ ਕੀਤੇ ਗਏ ਸਨ, ਪਰ ਇਸ ਸਾਲ ਕੁਝ ਵੱਖਰਾ ਹੋਣ ਵਾਲਾ ਸੀ। ਪ੍ਰਬੰਧਕ ਸਭਾ ਦੀ ਟੀਚਿੰਗ ਕਮੇਟੀ ਅਧੀਨ ਇਕ ਨਵਾਂ ਵਿਭਾਗ ਬਣਾਇਆ ਗਿਆ ਜਿਸ ਨੂੰ ਵਰਲਡ ਹੈੱਡ-ਕੁਆਰਟਰ (WHQ) ਟ੍ਰੈਵਲ ਦਾ ਨਾਂ ਦਿੱਤਾ ਗਿਆ। ਟਿਕਟਾਂ ਬੁੱਕ ਕਰਨ ਦਾ ਕੰਮ ਇਸੇ ਵਿਭਾਗ ਨੇ ਕਰਨਾ ਸੀ।

ਚਿੱਠੀਆਂ ਘੱਲਣ ਤੋਂ ਥੋੜ੍ਹੀ ਹੀ ਦੇਰ ਬਾਅਦ ਕੁਝ ਸੇਵਕਾਂ ਨੇ ਵਰਲਡ ਹੈੱਡ-ਕੁਆਰਟਰ ਟ੍ਰੈਵਲ ਨੂੰ ਟਿਕਟਾਂ ਬੁੱਕ ਕਰਨ ਲਈ ਪੁੱਛਣਾ ਸ਼ੁਰੂ ਕਰ ਦਿੱਤਾ। ਜਨਵਰੀ 2014 ਤਕ ਟਿਕਟਾਂ ਬੁੱਕ ਕਰਾਉਣ ਵਾਲਿਆਂ ਦੀ ਗਿਣਤੀ ਬਹੁਤ ਵਧ ਗਈ। ਟ੍ਰੈਵਲ ਟੀਮ ਨੇ ਦੁਨੀਆਂ ਭਰ ਦੇ ਪੂਰੇ ਸਮੇਂ ਦੀ ਖ਼ਾਸ ਸੇਵਾ ਕਰਨ ਵਾਲੇ ਸੇਵਕਾਂ ਦੇ ਸਫ਼ਰ ਲਈ ਕਾਫ਼ੀ ਰਿਸਰਚ ਕੀਤੀ ਅਤੇ ਫਿਰ ਉਸੇ ਹਿਸਾਬ ਨਾਲ ਟਿਕਟਾਂ ਬੁੱਕ ਕੀਤੀਆਂ।

ਕਈਆਂ ਦੀ ਬੁਕਿੰਗ ਕਰਨੀ ਸੌਖੀ ਨਹੀਂ ਸੀ। ਆਈਸਲੈਂਡ ਦੇ ਸ਼ਹਿਰ ਰੈਕਯਾਵਿਕ ਤੋਂ ਚੱਲਣ ਵਾਲੇ ਸੇਵਕਾਂ ਨੇ ਬੋਲੀਵੀਆ ਦੇ ਕੋਚਾਬੰਬਾ ਸ਼ਹਿਰ ਤਕ ਸਫ਼ਰ ਕਰਨਾ ਸੀ। ਨਿਊ ਕਲੈਡੋਨੀਆ ਦੇ ਨੂਮੇਆ ਸ਼ਹਿਰ ਤੋਂ ਆਉਣ ਵਾਲਿਆਂ ਨੇ ਮੈਡਾਗਾਸਕਰ ਦੇ ਅੰਤਾਨਾਨਾਰੀਵੋ ਸ਼ਹਿਰ ਜਾਣਾ ਸੀ। ਕਈਆਂ ਨੇ ਪਾਪੂਆਂ ਨਿਊ ਗਿਨੀ ਦੇ ਪੋਰਟ ਮੌਰਸਬੀ ਤੋਂ ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ ਸੀਐਟਲ ਸ਼ਹਿਰ ਤਕ ਅਤੇ ਕਈ ਹੋਰਨਾਂ ਨੇ ਬੁਰਕੀਨਾ ਫਾਸੋ ਦੇ ਗੁਆਗਾਡੂਗੂ ਤੋਂ ਕੈਨੇਡਾ ਦੇ ਵਿਨੀਪੈਗ ਸ਼ਹਿਰ ਤਕ ਸਫ਼ਰ ਕਰਨਾ ਸੀ।

ਵਰਲਡ ਹੈੱਡ-ਕੁਆਰਟਰ ਟ੍ਰੈਵਲ ਟੀਮ ਦੇ ਪੰਜ ਮੈਂਬਰਾਂ ਨੇ ਤਕਰੀਬਨ 19,000 ਟਿਕਟਾਂ ਬੁੱਕ ਕੀਤੀਆਂ। ਸਾਰਾ ਖ਼ਰਚਾ ਉਸ ਦਾਨ ਦੀ ਮਦਦ ਨਾਲ ਕੀਤਾ ਗਿਆ ਜੋ ਮੰਡਲੀਆਂ ਨੇ ਇਸ ਮਕਸਦ ਲਈ ਦਿੱਤਾ ਸੀ। ਇਸ ਦਾਨ ਨਾਲ ਟਿਕਟਾਂ ਖ਼ਰੀਦੀਆਂ ਗਈਆਂ ਅਤੇ ਇਹ ਟਿਕਟਾਂ 176 ਦੇਸ਼ਾਂ ਦੇ ਲਗਭਗ 4,300 ਸੇਵਕਾਂ ਨੂੰ ਭੇਜੀਆਂ ਗਈਆਂ।

ਇਸ ਇੰਤਜ਼ਾਮ ਲਈ ਸਾਰੇ ਸੇਵਕ ਦਿਲੋਂ ਸ਼ੁਕਰਗੁਜ਼ਾਰ ਸਨ। ਇਕ ਮਿਸ਼ਨਰੀ ਜੋੜੇ ਨੇ ਕਿਹਾ: “ਅੱਜ ਅਸੀਂ ਦੱਖਣ-ਪੂਰਬੀ ਏਸ਼ੀਆ ਵਾਪਸ ਜਾ ਰਹੇ ਹਾਂ ਜਿੱਥੇ ਅਸੀਂ ਸੇਵਾ ਕਰਦੇ ਹਾਂ। ਅਸੀਂ ਤੁਹਾਡੀ ਮਦਦ ਦੀ ਦਿਲੋਂ ਕਦਰ ਕਰਦੇ ਹਾਂ। ਤੁਹਾਡੀ ਮਦਦ ਸਦਕਾ ਅਸੀਂ ਪਿਛਲੇ ਪੰਜ ਸਾਲਾਂ ਵਿਚ ਪਹਿਲੀ ਵਾਰ ਇੰਗਲੈਂਡ ਆ ਪਾਏ ਹਾਂ ਜਿੱਥੇ ਸਾਡਾ ਜਨਮ ਹੋਇਆ ਸੀ। ਇੱਥੇ ਆ ਕੇ ਅਸੀਂ ਆਪਣੇ ਪਰਿਵਾਰਾਂ ਨੂੰ ਮਿਲ ਪਾਏ ਹਾਂ। ਜੇ ਇਹ ਇੰਤਜ਼ਾਮ ਨਾ ਕੀਤਾ ਜਾਂਦਾ, ਤਾਂ ਇੱਥੇ ਆਉਣਾ ਨਾਮੁਮਕਿਨ ਸੀ। ਅਸੀਂ ਉਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਕਾਰਨ ਇਹ ਸਾਰਾ ਕੁਝ ਹੋ ਸਕਿਆ।”

ਪੈਰਾਗੂਆਏ ਵਿਚ ਸੇਵਾ ਕਰ ਰਹੇ ਇਕ ਮਿਸ਼ਨਰੀ ਨੇ ਕਿਹਾ: “ਮੈਂ ਅਤੇ ਮੇਰੀ ਪਤਨੀ ਇਸ ਗੱਲ ਦੀ ਦਿਲੋਂ ਕਦਰ ਕਰਦੇ ਹਾਂ ਕਿ ਸਾਨੂੰ ਅਮਰੀਕਾ ਦੇ ਨਿਊ ਜਰਜ਼ੀ ਸ਼ਹਿਰ ਵਿਚ ਅੰਤਰ-ਰਾਸ਼ਟਰੀ ਸੰਮੇਲਨ ਵਿਚ ਹਾਜ਼ਰ ਹੋਣ ਦਾ ਮੌਕਾ ਮਿਲਿਆ। ਸਾਲ 2011 ਦੇ ਸ਼ੁਰੂ ਵਿਚ ਅਸੀਂ ਸੋਚਿਆ ਸੀ ਕਿ ਅਸੀਂ ਅਮਰੀਕਾ ਜਾ ਕੇ ਹੈੱਡ-ਕੁਆਰਟਰ ਦੇਖਾਂਗੇ ਅਤੇ ਇਸ ਲਈ ਅਸੀਂ ਥੋੜ੍ਹੇ ਪੈਸੇ ਵੀ ਜੋੜੇ ਸਨ। ਪਰ ਜੂਨ ਮਹੀਨੇ ਸਾਨੂੰ ਪੈਰਾਗੂਆਏ ਦੀਆਂ ਸੈਨਤ ਭਾਸ਼ਾ ਦੀਆਂ ਮੰਡਲੀਆਂ ਨੂੰ ਵਿਜ਼ਿਟ ਕਰਨ ਦਾ ਸੱਦਾ ਮਿਲਿਆ। ਇਹ ਦੇ ਲਈ ਸਾਨੂੰ ਕਾਫ਼ੀ ਸਫ਼ਰ ਕਰਨ ਦੀ ਲੋੜ ਸੀ। ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਅਸੀਂ ਫ਼ੈਸਲਾ ਕੀਤਾ ਕਿ ਅਸੀਂ ਅਮਰੀਕਾ ਨਹੀਂ ਜਾਵਾਂਗੇ ਬਲਕਿ ਉਸ ਪੈਸੇ ਨਾਲ ਅਸੀਂ ਕਾਰ ਖ਼ਰੀਦ ਲਵਾਂਗੇ ਤਾਂਕਿ ਅਸੀਂ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾ ਸਕੀਏ। ਫਿਰ ਇਕ ਦਿਨ ਸਾਨੂੰ ਅੰਤਰ-ਰਾਸ਼ਟਰੀ ਸੰਮੇਲਨ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਇਸ ਤਰ੍ਹਾਂ ਸਾਡਾ ਸੁਪਨਾ ਸਾਕਾਰ ਹੋਇਆ! ਅਸੀਂ ਯਹੋਵਾਹ ਪਰਮੇਸ਼ੁਰ ਦਾ ਲੱਖ-ਲੱਖ ਧੰਨਵਾਦ ਕਰਦੇ ਹਾਂ ਜਿਸ ਨੇ ਇਸ ਇੰਤਜ਼ਾਮ ਰਾਹੀਂ ਸਾਡੇ ਲਈ ਆਪਣੇ ਪਿਆਰ ਅਤੇ ਭਲਾਈ ਦਾ ਸਬੂਤ ਦਿੱਤਾ।”

ਮਲਾਵੀ ਤੋਂ ਇਕ ਜੋੜੇ ਨੇ ਲਿਖਿਆ: “ਅਸੀਂ ਇਹ ਛੋਟਾ ਜਿਹਾ ਈ-ਮੇਲ ਭੇਜ ਕੇ ਵੱਡਾ ਸਾਰਾ ਧੰਨਵਾਦ ਕਰਨਾ ਚਾਹੁੰਦੇ ਹਾਂ! ਅਸੀਂ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇੰਨੇ ਸਾਰੇ ਸੇਵਕਾਂ ਲਈ ਸਫ਼ਰ ਦਾ ਇੰਤਜ਼ਾਮ ਕਰਨ ਵਿਚ ਕਿੰਨਾ ਸਮਾਂ, ਪੈਸਾ ਤੇ ਮਿਹਨਤ ਲੱਗੀ ਹੋਣੀ। ਅਸੀਂ ਤੁਹਾਡੀ ਮਿਹਨਤ ਦੀ ਦਿਲੋਂ ਕਦਰ ਕਰਦੇ ਹਾਂ। ਸਭ ਤੋਂ ਵਧ ਕੇ ਅਸੀਂ ਯਹੋਵਾਹ ਦੇ ਸੰਗਠਨ ਦੀ ਖੁੱਲ੍ਹ-ਦਿਲੀ ਲਈ ਸ਼ੁਕਰਗੁਜ਼ਾਰ ਹਾਂ ਜਿਸ ਕਰਕੇ ਅਸੀਂ ਨਾ ਸਿਰਫ਼ ਅੰਤਰ-ਰਾਸ਼ਟਰੀ ਸੰਮੇਲਨ ਵਿਚ ਹਾਜ਼ਰ ਹੋ ਸਕੇ ਬਲਕਿ ਆਪਣੇ ਪਰਿਵਾਰਾਂ ਅਤੇ ਦੋਸਤਾਂ ਨੂੰ ਵੀ ਮਿਲ ਪਾਏ।”

ਵਰਲਡ ਹੈੱਡ-ਕੁਆਰਟਰ ਟ੍ਰੈਵਲ ਟੀਮ ਨੂੰ ਵੀ ਇਹ ਕੰਮ ਕਰ ਕੇ ਬਹੁਤ ਵਧੀਆ ਲੱਗਾ। ਮਿਲਾਏਵੀ ਨੇ ਕਿਹਾ: “ਮੈਨੂੰ ਖ਼ੁਸ਼ੀ ਹੈ ਕਿ ਮੈਂ ਇਨ੍ਹਾਂ ਮਿਸ਼ਨਰੀਆਂ ਦੀ ਮਦਦ ਕਰ ਸਕੀ ਤਾਂਕਿ ਉਹ ਆਪਣੇ ਪਰਿਵਾਰਾਂ ਅਤੇ ਦੋਸਤਾਂ ਨੂੰ ਮਿਲ ਸਕਣ।” ਡੋਰੀਸ ਕਹਿੰਦੀ ਹੈ: “ਇਸ ਇੰਤਜ਼ਾਮ ਕਾਰਨ ਮੈਨੂੰ ਅਹਿਸਾਸ ਹੋਇਆ ਕਿ ਸੰਗਠਨ ਵਿਦੇਸ਼ ਵਿਚ ਸੇਵਾ ਕਰਨ ਵਾਲੇ ਸੇਵਕਾਂ ਨੂੰ ਕਿੰਨਾ ਪਿਆਰ ਕਰਦਾ ਹੈ।” ਵਿਭਾਗ ਦੇ ਓਵਰਸੀਅਰ ਰੋਡਨੀ ਨੇ ਕਿਹਾ, “ਇਸ ਕੰਮ ਵਿਚ ਹਿੱਸਾ ਲੈ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ।”

ਇਹ ਸੇਵਕ ਸਖ਼ਤ ਮਿਹਨਤ ਕਰਨ ਦੇ ਨਾਲ-ਨਾਲ ਬਹੁਤ ਸਾਰੀਆਂ ਕੁਰਬਾਨੀਆਂ ਕਰਦੇ ਹਨ। ਇਸ ਲਈ ਦੁਨੀਆਂ ਭਰ ਦੇ ਯਹੋਵਾਹ ਦੇ ਗਵਾਹਾਂ ਨੂੰ ਇਸ ਇੰਤਜ਼ਾਮ ਲਈ ਦਾਨ ਦੇ ਕੇ ਬਹੁਤ ਖ਼ੁਸ਼ੀ ਹੋਈ। ਇਸ ਤਰ੍ਹਾਂ ਉਹ ਇਨ੍ਹਾਂ ਸੇਵਕਾਂ ਲਈ ਆਪਣਾ ਪਿਆਰ ਜ਼ਾਹਰ ਕਰ ਸਕੇ।