Skip to content

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 138ਵੀਂ ਕਲਾਸ ਦੀ ਗ੍ਰੈਜੂਏਸ਼ਨ

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 138ਵੀਂ ਕਲਾਸ ਦੀ ਗ੍ਰੈਜੂਏਸ਼ਨ

14 ਮਾਰਚ 2015 ਨੂੰ ਪੈਟਰਸਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਸਿੱਖਿਆ ਕੇਂਦਰ ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 138ਵੀਂ ਕਲਾਸ ਗ੍ਰੈਜੂਏਟ ਹੋਈ। ਜਦੋਂ ਇਹ ਪ੍ਰੋਗ੍ਰਾਮ ਚੱਲ ਰਿਹਾ ਸੀ, ਤਾਂ 14,000 ਜਣਿਆਂ ਨੇ ਇਸ ਨੂੰ ਦੇਖਿਆ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਇਹ ਪ੍ਰੋਗ੍ਰਾਮ ਵੱਖੋ-ਵੱਖਰੀਆਂ ਥਾਵਾਂ ਤੇ ਵੀਡੀਓ ਰਾਹੀਂ ਦੇਖਿਆ ਸੀ। ਇਹ ਪ੍ਰੋਗ੍ਰਾਮ ਚਾਰ ਨਵੇਂ ਰਾਜ ਗੀਤਾਂ ਦੇ ਸੰਗੀਤ ਨਾਲ ਸ਼ੁਰੂ ਹੋਇਆ ਜੋ ਬਾਅਦ ਵਿਚ ਉੱਥੇ ਮੌਜੂਦ ਸਾਰੇ ਭੈਣਾਂ-ਭਰਾਵਾਂ ਨੇ ਮਿਲ ਕੇ ਗਾਇਆ। a

ਇਸ ਪ੍ਰੋਗ੍ਰਾਮ ਦਾ ਚੇਅਰਮੈਨ ਭਰਾ ਜੈਫਰੀ ਜੈਕਸਨ ਸੀ ਜੋ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਹੈ। ਆਪਣੇ ਭਾਸ਼ਣ ਦੇ ਸ਼ੁਰੂ ਵਿਚ ਉਸ ਨੇ ਬਾਈਬਲ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਮਿਲੇ ਗਿਆਨ ਨੂੰ ਆਪਣੇ ਕੋਲ ਹੀ ਨਾ ਰੱਖਣ, ਸਗੋਂ ਜੋ ਟ੍ਰੇਨਿੰਗ ਉਨ੍ਹਾਂ ਨੂੰ ਮਿਲੀ ਹੈ, ਉਸ ਨੂੰ ਉਹ ਦੂਸਰਿਆਂ ਦੇ ਫ਼ਾਇਦੇ ਲਈ ਵਰਤਣ।​—2 ਤਿਮੋਥਿਉਸ 2:2.

ਭਰਾ ਜੈਕਸਨ ਨੇ ਮੂਸਾ ਦੀ ਮਿਸਾਲ ਨੂੰ ਵਰਤਿਆ। ਕੁਝ ਸਮੇਂ ਲਈ ਮੂਸਾ ਦਾ ਤੰਬੂ ਇਜ਼ਰਾਈਲ ਕੌਮ ਲਈ ਭਗਤੀ ਦੀ ਥਾਂ ਸੀ। ਫਿਰ ਜਦੋਂ ਡੇਰਾ ਬਣ ਕੇ ਤਿਆਰ ਹੋ ਗਿਆ, ਤਾਂ ਸਾਰੇ ਲੋਕ ਭਗਤੀ ਕਰਨ ਲਈ ਉੱਥੇ ਇਕੱਠੇ ਹੋਣ ਲੱਗੇ। ਇੱਦਾਂ ਲੱਗਦਾ ਹੈ ਕਿ ਮੂਸਾ ਨੂੰ ਡੇਰੇ ਦੇ ਅੱਤ ਪਵਿੱਤਰ ਕਮਰੇ ਵਿਚ ਜਾਣ ਦੀ ਇਜਾਜ਼ਤ ਨਹੀਂ ਸੀ; ਇਹ ਸਨਮਾਨ ਸਿਰਫ਼ ਮਹਾਂ ਪੁਜਾਰੀਆਂ ਨੂੰ ਦਿੱਤਾ ਸੀ। ਫਿਰ ਵੀ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੂਸਾ ਨੇ ਕਦੇ ਇਸ ਪ੍ਰਬੰਧ ਬਾਰੇ ਸ਼ਿਕਾਇਤ ਕੀਤੀ ਹੋਵੇ। ਇਸ ਦੀ ਬਜਾਇ, ਉਸ ਨੇ ਮਹਾਂ ਪੁਜਾਰੀ ਵਜੋਂ ਸੇਵਾ ਕਰ ਰਹੇ ਹਾਰੂਨ ਦਾ ਵਫ਼ਾਦਾਰੀ ਨਾਲ ਸਾਥ ਦਿੱਤਾ। (ਕੂਚ 33:7-11; 40:34, 35) ਸਾਡੇ ਲਈ ਕੀ ਸਬਕ ਹੈ? ਭਰਾ ਜੈਕਸਨ ਨੇ ਕਿਹਾ: “ਜੋ ਵੀ ਸਨਮਾਨ ਤੁਹਾਡੇ ਕੋਲ ਹਨ ਉਨ੍ਹਾਂ ਦੀ ਕਦਰ ਕਰੋ, ਪਰ ਕਦੇ ਵੀ ਸਨਮਾਨਾਂ ਨੂੰ ਆਪਣੇ ਤਕ ਸੀਮਿਤ ਨਾ ਰੱਖੋ।”

“ਕੀ ਤੁਸੀਂ ਕਿਸੇ ਪੱਤੇ ਦੀ ਆਵਾਜ਼ ਤੋਂ ਡਰ ਜਾਓਗੇ?” ਇਹ ਕੈਨਥ ਫਲੋਡੀਨ ਦੇ ਭਾਸ਼ਣ ਦਾ ਵਿਸ਼ਾ ਸੀ। ਇਹ ਭਰਾ ਪ੍ਰਬੰਧਕ ਸਭਾ ਦੀ ਟੀਚਿੰਗ ਕਮੇਟੀ ਵਿਚ ਸਹਾਇਕ ਵਜੋਂ ਸੇਵਾ ਕਰਦਾ ਹੈ। ਉਸ ਨੇ ਇਸ ਗੱਲ ʼਤੇ ਚਾਨਣਾ ਪਾਇਆ ਕਿ ਵਿਦਿਆਰਥੀਆਂ ਨੂੰ ਸ਼ਾਇਦ ਕੁਝ ਮੁਸ਼ਕਲਾਂ ਆਉਣ ਜੋ ਉਨ੍ਹਾਂ ਨੂੰ ਡਰਾਉਣੀਆਂ ਲੱਗਣ ਜਿਵੇਂ ਕਿ ਸਤਾਹਟਾਂ ਜਾਂ ਚੁਣੌਤੀਆਂ ਭਰੀਆਂ ਜ਼ਿੰਮੇਵਾਰੀਆਂ। ਲੇਵੀਆਂ 26:36 ਵਿਚਲੇ ਸ਼ਬਦ ਵਰਤ ਕੇ ਉਸ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਅਜਿਹੇ ਹਾਲਾਤਾਂ ਨੂੰ ਇੱਦਾਂ ਨਾ ਸਮਝਣ ਕਿ ਉਹ ਇਨ੍ਹਾਂ ਦਾ ਸਾਮ੍ਹਣਾ ਨਹੀਂ ਕਰ ਸਕਦੇ, ਬਲਕਿ ਇਕ ਸੁੱਕੇ ਪੱਤੇ ਵਾਂਗ ਸਮਝਣ। ਫਿਰ ਭਰਾ ਫਲੋਡਿਨ ਨੇ ਪੌਲੁਸ ਰਸੂਲ ਦੀ ਮਿਸਾਲ ਦਾ ਜ਼ਿਕਰ ਕੀਤਾ ਜਿਸ ਨੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਸੀ ਕਿਉਂਕਿ ਉਸ ਨੂੰ ਯਹੋਵਾਹ ʼਤੇ ਭਰੋਸਾ ਸੀ।​—2 ਕੁਰਿੰਥੀਆਂ 1:8, 10.

“ਤੁਸੀਂ ਕੀ ਤਲਾਸ਼ ਰਹੇ ਹੋ?” ਪ੍ਰਬੰਧਕ ਸਭਾ ਦੇ ਮੈਂਬਰ ਮਾਰਕ ਸੈਂਡਰਸਨ ਨੇ ਪ੍ਰੋਗ੍ਰਾਮ ਦਾ ਅਗਲਾ ਭਾਸ਼ਣ ਦਿੱਤਾ। ਉਸ ਨੇ ਕਹਾਉਤਾਂ 13:12 ਵਿਚ ਦਰਜ ਅਸੂਲ ʼਤੇ ਚਰਚਾ ਕੀਤੀ ਜਿੱਥੇ ਲਿਖਿਆ ਹੈ: “ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ।” ਅਫ਼ਸੋਸ ਦੀ ਗੱਲ ਹੈ ਕਿ ਕਾਫ਼ੀ ਲੋਕ ਆਪਣੀ ਸਾਰੀ ਜ਼ਿੰਦਗੀ ਨਿਰਾਸ਼ ਹੀ ਰਹਿੰਦੇ ਹਨ ਕਿਉਂਕਿ ਉਹ ਆਪਣਾ ਦਿਲ ਉਨ੍ਹਾਂ ਟੀਚਿਆਂ ʼਤੇ ਲਾਉਂਦੇ ਹਨ ਜਿਨ੍ਹਾਂ ਨੂੰ ਉਹ ਸ਼ਾਇਦ ਕਦੇ ਪ੍ਰਾਪਤ ਨਾ ਕਰ ਪਾਉਣ ਜਿਵੇਂ ਕਿ ਦੌਲਤ ਜਾਂ ਸ਼ੁਹਰਤ।

ਯਿਸੂ ਦੇ ਦਿਨਾਂ ਵਿਚ ਕਈਆਂ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਗ਼ਲਤ ਉਮੀਦਾਂ ਲਾ ਰੱਖੀਆਂ ਸਨ। (ਲੂਕਾ 7:24-28) ਮਿਸਾਲ ਲਈ, ਸ਼ਾਇਦ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਕੋਈ ਵਿਦਵਾਨ ਹੈ ਜੋ ਉਨ੍ਹਾਂ ਨੂੰ ਗੁੰਝਲਦਾਰ ਸਿੱਖਿਆਵਾਂ ਬਾਰੇ ਸਮਝਾਵੇਗਾ। ਜੇ ਉਹ ਇੱਦਾਂ ਸੋਚਦੇ ਸਨ, ਤਾਂ ਜ਼ਰੂਰ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ ਹੋਣੀ ਕਿਉਂਕਿ ਉਸ ਨੇ ਸਬੂਤਾਂ ਦੇ ਆਧਾਰ ʼਤੇ ਸੱਚਾਈ ਦਾ ਖ਼ਾਸ ਸੰਦੇਸ਼ ਸੁਣਾਇਆ। ਦੂਸਰਿਆਂ ਨੇ ਸ਼ਾਇਦ ਅਜਿਹੇ ਕਿਸੇ ਆਦਮੀ ਬਾਰੇ ਸੋਚਿਆ ਹੋਵੇ ਜੋ ਸੋਹਣਾ-ਸੁਨੱਖਾ ਹੋਵੇ, ਪਰ ਉਹ ਗ਼ਰੀਬਾਂ ਵਰਗੇ ਕੱਪੜੇ ਪਾਉਂਦਾ ਸੀ। ਫਿਰ ਵੀ, ਜੋ ਲੋਕ ਇਕ ਨਬੀ ਦੀ ਉਡੀਕ ਕਰ ਰਹੇ ਸਨ, ਉਹ ਨਿਰਾਸ਼ ਨਹੀਂ ਹੋਏ ਹੋਣੇ। ਉਹ ਨਾ ਸਿਰਫ਼ ਇਕ ਨਬੀ ਸੀ, ਸਗੋਂ ਮਸੀਹ ਦਾ ਰਾਹ ਤਿਆਰ ਕਰਨ ਵਾਲਾ ਸੀ!​—ਯੂਹੰਨਾ 1:29.

ਇਸ ਗੱਲ ਨੂੰ ਲਾਗੂ ਕਰਦੇ ਹੋਏ ਭਰਾ ਸੈਂਡਰਸਨ ਨੇ ਵਿਦਿਆਰਥੀਆਂ ਨੂੰ ਸਹੀ ਗੱਲਾਂ ʼਤੇ ਧਿਆਨ ਲਾਉਣ ਲਈ ਕਿਹਾ। ਆਪਣੀਆਂ ਜ਼ਿੰਮੇਵਾਰੀਆਂ ਕਰਕੇ ਮਸ਼ਹੂਰ ਹੋਣ ਜਾਂ ਜ਼ਿਆਦਾ ਇੱਜ਼ਤ-ਮਾਣ ਭਾਲਣ ਦੀ ਬਜਾਇ, ਉਨ੍ਹਾਂ ਨੇ ਗਿਲਿਅਡ ਦੀ ਟ੍ਰੇਨਿੰਗ ਦੌਰਾਨ ਜੋ ਕੁਝ ਸਿੱਖਿਆ ਹੈ ਉਸ ਨੂੰ ਦੂਸਰਿਆਂ ਦੇ ਫ਼ਾਇਦੇ ਲਈ ਵਰਤਣਾ ਚਾਹੀਦਾ ਹੈ, ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਭਰਾ ਸੈਂਡਰਸਨ ਨੇ ਕਿਹਾ: “ਆਪਣੇ ਭੈਣਾਂ-ਭਰਾਵਾਂ ਦੇ ਨਿਮਰ ਸੇਵਕ ਬਣੋ, ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਆਪਣੀ ਪੂਰੀ ਵਾਹ ਲਾ ਦਿਓ ਅਤੇ ਤੁਸੀਂ ਕਦੇ ਨਿਰਾਸ਼ ਨਹੀਂ ਹੋਵੋਗੇ।”

“ਭੁੱਖਿਆਂ ਨੂੰ ਖੁਆਓ।” ਇਹ ਭਰਾ ਜੇਮਜ਼ ਕੋਥੋਨ ਦੇ ਭਾਸ਼ਣ ਦਾ ਵਿਸ਼ਾ ਸੀ। ਇਹ ਭਰਾ ਥੀਓਕ੍ਰੈਟਿਕ ਸਕੂਲਸ ਡਿਪਾਰਟਮੈਂਟ ਵਿਚ ਇੰਸਟ੍ਰਕਟਰ ਹੈ। ਭਰਾ ਕੋਥੋਨ ਨੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਸਾਰੇ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨੂੰ ਪਿਆਰ ਕਰਨ, ਉਨ੍ਹਾਂ ਦੀ ਕਦਰ ਕਰਨ ਅਤੇ ਉਨ੍ਹਾਂ ਨੂੰ ਪਸੰਦ ਕਰਨ। ਯਿਸੂ ਵੀ ਇਹੀ ਚਾਹੁੰਦਾ ਸੀ, ਇਸ ਲਈ ਯਹੋਵਾਹ ਨੇ ਉਸ ਦੀ ਇਹ ਇੱਛਾ ਪੂਰੀ ਕਰਨ ਲਈ ਉਸ ਦੇ ਬਪਤਿਸਮੇ ਵੇਲੇ ਪਿਆਰ ਭਰੇ ਸ਼ਬਦ ਕਹੇ।​—ਮੱਤੀ 3:16, 17.

ਯਹੋਵਾਹ ਨੇ ਸਾਨੂੰ ਇਹ ਕਾਬਲੀਅਤ ਦਿੱਤੀ ਹੈ ਕਿ ਅਸੀਂ ਆਪਣੀਆਂ ਗੱਲਾਂ ਨਾਲ ਦੂਜਿਆਂ ਦਾ ਹੌਸਲਾ ਵਧਾਈਏ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਇਹ ਕਾਬਲੀਅਤ ਵਰਤੀਏ। (ਕਹਾਉਤਾਂ 3:27) ਭਰਾ ਕੋਥੋਨ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ “ਦੂਜਿਆਂ ਵਿਚ ਚੰਗੀਆਂ ਗੱਲਾਂ ਲੱਭਣ ਦੀ ਆਦਤ ਪਾਓ ਅਤੇ ਤਾਰੀਫ਼ ਕਰਨ ਤੋਂ ਨਾ ਝਿਜਕੋ।” ਦਿਲੋਂ ਤਾਰੀਫ਼ ਕਰਨ ਨਾਲ ਭੈਣਾਂ-ਭਰਾਵਾਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੀ ਮਿਹਨਤ ਦਾ ਵੱਡਾ ਮੁੱਲ ਹੈ।

“ਪੂਰੀ ਵਾਹ ਲਾਓ।” ਭਰਾ ਮਾਰਕ ਨੂਮੇਰ, ਜੋ ਟੀਚਿੰਗ ਕਮੇਟੀ ਦੇ ਇਕ ਸਹਾਇਕ ਵਜੋਂ ਕੰਮ ਕਰਦਾ ਹੈ, ਨੇ ਪ੍ਰੋਗ੍ਰਾਮ ਦਾ ਅਗਲਾ ਭਾਸ਼ਣ ਦਿੱਤਾ। ਪੌਲੁਸ ਰਸੂਲ ਦੀ ਮਿਸਾਲ ਵਰਤਦੇ ਹੋਏ ਭਰਾ ਨੂਮੇਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਸਿਰਫ਼ ਥੋੜ੍ਹਾ ਜਿਹਾ ਕਰਕੇ ਹੀ ਸੰਤੁਸ਼ਟ ਨਾ ਹੋਣ। ਇਸ ਦੀ ਬਜਾਇ, ਉਹ ਪੌਲੁਸ ਵਾਂਗ ਦੂਸਰਿਆਂ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਲਈ ਡੋਲ੍ਹ ਕੇ ਸੱਚੀ ਖ਼ੁਸ਼ੀ ਪਾ ਸਕਦੇ ਹਨ।​—ਫ਼ਿਲਿੱਪੀਆਂ 2:17, 18.

ਮੁਸ਼ਕਲਾਂ ਦੇ ਬਾਵਜੂਦ ਪੌਲੁਸ ਨੇ ਕਦੇ ਹਾਰ ਨਹੀਂ ਮੰਨੀ ਕਿਉਂਕਿ ਉਸ ਨੇ ਮਰਦੇ ਦਮ ਤਕ ਆਪਣੀ ਪੂਰੀ ਵਾਹ ਲਾ ਦਿੱਤੀ। ਇਸ ਲਈ ਉਹ ਕਹਿ ਸਕਿਆ: “ਮੈਂ ਆਪਣੀ ਦੌੜ ਪੂਰੀ ਕਰ ਲਈ ਹੈ।” (2 ਤਿਮੋਥਿਉਸ 4:6, 7) ਭਰਾ ਨੂਮੇਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਪੌਲੁਸ ਦੀ ਰੀਸ ਕਰਦੇ ਹੋਏ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਿਚ ਲੱਗੇ ਰਹਿਣ।

ਤਜਰਬੇ। ਇਕ ਹੋਰ ਇੰਸਟ੍ਰਕਟਰ ਮਾਈਕਲ ਬਰਨੇਟ ਨੇ ਪ੍ਰੋਗ੍ਰਾਮ ਦਾ ਅਗਲਾ ਹਿੱਸਾ ਪੇਸ਼ ਕੀਤਾ ਜਿਸ ਵਿਚ ਕੁਝ ਵਿਦਿਆਰਥੀਆਂ ਨੇ ਪੈਟਰਸਨ ਵਿਚ ਰਹਿਣ ਦੌਰਾਨ ਪ੍ਰਚਾਰ ਵਿਚ ਹੋਏ ਮਜ਼ੇਦਾਰ ਤਜਰਬਿਆਂ ਦਾ ਪ੍ਰਦਰਸ਼ਨ ਕਰ ਕੇ ਦਿਖਾਇਆ।

ਜਦੋਂ ਵਿਦਿਆਰਥੀ ਹਰ ਮੌਕੇ ʼਤੇ ਗਵਾਹੀ ਦੇਣ ਅਤੇ “ਦਿਲਾਂ ਤਕ ਪਹੁੰਚਣ ਵਾਲੀ ਭਾਸ਼ਾ” ਯਾਨੀ ਲੋਕਾਂ ਦੀ ਮਾਂ ਬੋਲੀ ਵਿਚ ਸੱਚਾਈ ਸੁਣਾਉਣ ਲਈ ਤਿਆਰ ਰਹਿੰਦੇ ਹਨ, ਤਾਂ ਬਹੁਤ ਵਧੀਆ ਨਤੀਜੇ ਨਿਕਲਦੇ ਹਨ। ਮਿਸਾਲ ਲਈ, ਇਕ ਵਿਦਿਆਰਥੀ ਨੂੰ ਦੱਸਿਆ ਗਿਆ ਕਿ ਜਿਸ ਇਲਾਕੇ ਵਿਚ ਉਹ ਪ੍ਰਚਾਰ ਕਰਨ ਲਈ ਜਾਣ ਬਾਰੇ ਸੋਚ ਰਿਹਾ ਸੀ, ਉੱਥੇ ਕਾਫ਼ੀ ਜਣੇ ਸਪੇਨੀ ਭਾਸ਼ਾ ਬੋਲਦੇ ਸਨ। ਇਸ ਲਈ, ਉਸ ਨੇ ਪ੍ਰਚਾਰ ਵਿਚ ਜਾਣ ਤੋਂ ਪਹਿਲਾਂ JW Language ਐਪ ਦੀ ਮਦਦ ਨਾਲ ਕੁਝ ਸਪੇਨੀ ਸ਼ਬਦ ਸਿੱਖੇ। ਉਸੇ ਦਿਨ ਉਸ ਨੂੰ ਗਲੀ ਵਿਚ ਸਪੇਨੀ ਭਾਸ਼ਾ ਬੋਲਣ ਵਾਲਾ ਆਦਮੀ ਮਿਲਿਆ। ਥੋੜ੍ਹੇ ਜਿਹੇ ਸਪੇਨੀ ਸ਼ਬਦ ਬੋਲ ਕੇ ਉਸ ਨੇ ਗੱਲਬਾਤ ਸ਼ੁਰੂ ਕੀਤੀ ਜਿਸ ਕਾਰਨ ਉਸ ਵਿਅਕਤੀ ਅਤੇ ਉਸ ਦੇ ਪਰਿਵਾਰ ਦੇ ਚਾਰ ਜੀਆਂ ਨਾਲ ਬਾਈਬਲ ਸਟੱਡੀ ਸ਼ੁਰੂ ਹੋ ਗਈ।

ਇੰਟਰਵਿਊ। ਫਿਰ ਪ੍ਰਬੰਧਕ ਸਭਾ ਦੀ ਸਰਵਿਸ ਕਮੇਟੀ ਦਾ ਸਹਾਇਕ ਵਿਲੀਅਮ ਟਰਨਰ, ਜੂਨੀਅਰ ਨੇ ਚਾਰ ਵਿਦਿਆਰਥੀਆਂ ਦੀ ਇੰਟਰਵਿਊ ਲਈ ਕਿ ਉਨ੍ਹਾਂ ਨੂੰ ਗਿਲਿਅਡ ਆਉਣ ਤੋਂ ਪਹਿਲਾਂ ਅਤੇ ਟ੍ਰੇਨਿੰਗ ਲੈਣ ਤੋਂ ਬਾਅਦ ਕਿੱਦਾਂ ਮਹਿਸੂਸ ਹੋਇਆ।

ਵਿਦਿਆਰਥੀਆਂ ਨੇ ਉਹ ਗੱਲਾਂ ਦੱਸੀਆਂ ਜਿਨ੍ਹਾਂ ਤੋਂ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਹੌਸਲਾ ਮਿਲਿਆ ਸੀ। ਮਿਸਾਲ ਲਈ, ਇਕ ਵਿਦਿਆਰਥੀ ਨੇ ਲੂਕਾ ਦੇ ਅਧਿਆਇ 10 ਵਿਚ ਦਰਜ ਬਿਰਤਾਂਤ ਵਿੱਚੋਂ ਸਿੱਖੀਆਂ ਗੱਲਾਂ ਬਾਰੇ ਦੱਸਿਆ। ਯਿਸੂ ਦੁਆਰਾ ਪ੍ਰਚਾਰ ਵਿਚ ਭੇਜੇ 70 ਚੇਲੇ ਵਧੀਆ ਨਤੀਜੇ ਮਿਲਣ ʼਤੇ ਖ਼ੁਸ਼ ਹੋਏ। ਭਾਵੇਂ ਕਿ ਯਿਸੂ ਨੂੰ ਵੀ ਖ਼ੁਸ਼ੀ ਹੋਈ ਸੀ, ਪਰ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਸਿਰਫ਼ ਪ੍ਰਚਾਰ ਵਿਚ ਮਿਲਦੇ ਚੰਗੇ ਨਤੀਜਿਆਂ ਕਰਕੇ ਹੀ ਖ਼ੁਸ਼ ਨਾ ਹੋਣ, ਸਗੋਂ ਇਸ ਗੱਲ ਕਰਕੇ ਵੀ ਖ਼ੁਸ਼ ਹੋਣ ਕਿ ਯਹੋਵਾਹ ਉਨ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਖ਼ੁਸ਼ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸੱਚੀ ਖ਼ੁਸ਼ੀ ਸਾਡੇ ਹਾਲਾਤਾਂ ʼਤੇ ਨਹੀਂ, ਸਗੋਂ ਪਰਮੇਸ਼ੁਰ ਦੀ ਮਨਜ਼ੂਰੀ ʼਤੇ ਨਿਰਭਰ ਕਰਦੀ ਹੈ।

ਭਰਾ ਟਰਨਰ ਨੇ ਫ਼ਿਲਿੱਪੀਆਂ 1:6 ਦੇ ਸ਼ਬਦ ਵਿਦਿਆਰਥੀਆਂ ਬਾਰੇ ਕਹੇ ਅਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਯਹੋਵਾਹ ਨੇ ਉਨ੍ਹਾਂ ਵਿਚ “ਚੰਗਾ ਕੰਮ ਸ਼ੁਰੂ ਕੀਤਾ ਹੈ,” ਇਸ ਲਈ ਉਹ ਉਨ੍ਹਾਂ ਨਾਲ ਰਹੇਗਾ।

“ਆਪਣੀਆਂ ਅੱਖਾਂ ਯਹੋਵਾਹ ʼਤੇ ਲਾਈ ਰੱਖੋ।” ਪ੍ਰਬੰਧਕ ਸਭਾ ਦੇ ਮੈਂਬਰ ਭਰਾ ਸੈਮੂਏਲ ਹਰਡ ਨੇ ਇਸ ਪ੍ਰੋਗ੍ਰਾਮ ਦਾ ਮੁੱਖ ਭਾਸ਼ਣ ਦਿੱਤਾ। ਉਸ ਨੇ ਮੰਨਿਆ ਕਿ ਅਸੀਂ ਪਰਮੇਸ਼ੁਰ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਫਿਰ ਇਹ ਕਿੱਦਾਂ ਸੰਭਵ ਹੋ ਸਕਦਾ ਹੈ ਕਿ ਅਸੀਂ ਆਪਣੀਆਂ ਅੱਖਾਂ ਯਹੋਵਾਹ ʼਤੇ ਲਾਈ ਰੱਖੀਏ?

ਯਹੋਵਾਹ ਨੂੰ ਦੇਖਣ ਦਾ ਇਕ ਜ਼ਰੀਆ ਇਹ ਹੈ ਕਿ ਅਸੀਂ ਉਸ ਦੀਆਂ ਬਣਾਈਆਂ ਚੀਜ਼ਾਂ ʼਤੇ ਧਿਆਨ ਦੇਈਏ ਜੋ ਸਾਨੂੰ ਉਸ ਬਾਰੇ ਸਿਖਾਉਂਦੀਆਂ ਹਨ। ਇਸ ਤੋਂ ਇਲਾਵਾ, ਯਹੋਵਾਹ ਨੇ “[ਸਾਡੇ] ਮਨ ਦੀਆਂ ਅੱਖਾਂ ਖੋਲ੍ਹੀਆਂ ਹਨ।” (ਅਫ਼ਸੀਆਂ 1:18) ਅਸੀਂ ਜਿੰਨੀ ਜ਼ਿਆਦਾ ਬਾਈਬਲ ਪੜ੍ਹਾਂਗੇ, ਉੱਨਾ ਜ਼ਿਆਦਾ ਅਸੀਂ ਯਹੋਵਾਹ ਨੂੰ ਜਾਣਾਂਗੇ। ਨਾਲੇ ਜਿੰਨਾ ਅਸੀਂ ਯਹੋਵਾਹ ਬਾਰੇ ਸਿੱਖਾਂਗੇ, ਉੱਨਾ ਜ਼ਿਆਦਾ ਅਸੀਂ ਉਸ ਦੇ ਨੇੜੇ ਮਹਿਸੂਸ ਕਰਾਂਗੇ।

ਅਸੀਂ ਖ਼ਾਸ ਤੌਰ ʼਤੇ ਇੰਜੀਲਾਂ ਵਿਚ ਦਿੱਤੇ ਬਿਰਤਾਂਤਾਂ ʼਤੇ ਧਿਆਨ ਦੇਣਾ ਚਾਹੁੰਦੇ ਹਾਂ ਕਿਉਂਕਿ ਇਨ੍ਹਾਂ ਤੋਂ ਸਾਨੂੰ ਯਿਸੂ ਦੇ ਕੰਮਾਂ ਅਤੇ ਗੱਲਾਂ ਬਾਰੇ ਪਤਾ ਲੱਗਦਾ ਹੈ ਜੋ ਸਾਨੂੰ ਯਹੋਵਾਹ ਦੀ ਸ਼ਖ਼ਸੀਅਤ ਦੀ ਪੂਰੀ ਝਲਕ ਦਿੰਦੀਆਂ ਹਨ। ਯਿਸੂ ਨੇ ਯਹੋਵਾਹ ਦੇ ਗੁਣਾਂ ਨੂੰ ਇੰਨੀ ਚੰਗੀ ਤਰ੍ਹਾਂ ਦਿਖਾਇਆ ਕਿ ਉਹ ਕਹਿ ਸਕਿਆ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।”​—ਯੂਹੰਨਾ 14:9.

ਭਰਾ ਹਰਡ ਨੇ ਹਾਜ਼ਰੀਨ ਨੂੰ ਉਤਸ਼ਾਹਿਤ ਕੀਤਾ ਕਿ ਉਹ ਨਾ ਸਿਰਫ਼ ਯਿਸੂ ਦੀ ਮਿਸਾਲ ਤੋਂ ਯਹੋਵਾਹ ਨੂੰ ਦੇਖਣ, ਸਗੋਂ ਉਸ ਦੀ ਮਿਸਾਲ ਤੋਂ ਸਿੱਖੀਆਂ ਗੱਲਾਂ ʼਤੇ ਚੱਲਣ ਵੀ। ਮਿਸਾਲ ਲਈ, ਜਿਸ ਤਰ੍ਹਾਂ ਯਿਸੂ ਨੇ ਦੂਜਿਆਂ ਦੀ ਮਦਦ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੱਤੀ, ਉਸੇ ਤਰ੍ਹਾਂ ਸਾਨੂੰ ਵੀ ਪੂਰੀ ਵਾਹ ਲਾ ਕਿ ਸਿੱਖੀਆਂ ਗੱਲਾਂ ਦੂਜਿਆਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।

ਆਪਣੀਆਂ ਅੱਖਾਂ ਯਹੋਵਾਹ ʼਤੇ ਲਾਈ ਰੱਖਣ ਨਾਲ ਕਿਹੜੇ ਨਤੀਜੇ ਨਿਕਲਦੇ ਹਨ? ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਰਗਾ ਭਰੋਸਾ ਰੱਖ ਸਕਦੇ ਹਾਂ ਜਿਸ ਨੇ ਲਿਖਿਆ: “ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।”​—ਜ਼ਬੂਰਾਂ ਦੀ ਪੋਥੀ 16:8.

ਪ੍ਰੋਗ੍ਰਾਮ ਦੀ ਸਮਾਪਤੀ। ਵਿਦਿਆਰਥੀਆਂ ਨੂੰ ਡਿਪਲੋਮੇ ਦਿੱਤੇ ਗਏ। ਇਸ ਤੋਂ ਬਾਅਦ ਉਨ੍ਹਾਂ ਵਿੱਚੋਂ ਇਕ ਜਣੇ ਨੇ ਸਾਰੀ ਕਲਾਸ ਵੱਲੋਂ ਸ਼ੁਕਰਗੁਜ਼ਾਰੀ ਜ਼ਾਹਰ ਕਰਨ ਲਈ ਚਿੱਠੀ ਪੜ੍ਹੀ। ਅਖ਼ੀਰ ਵਿਚ ਭਰਾ ਜੈਕਸਨ ਨੇ ਗ੍ਰੈਜੂਏਟਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਹੁਣ ਉਨ੍ਹਾਂ ਨੇ ਨਵੀਆਂ-ਨਵੀਆਂ ਜਾਂ ਡੂੰਘੀਆਂ ਗੱਲਾਂ ਹੀ ਸਿਖਾਉਣੀਆਂ ਹਨ। ਜ਼ਿਆਦਾਤਰ ਉਨ੍ਹਾਂ ਨੇ ਭੈਣਾਂ-ਭਰਾਵਾਂ ਨੂੰ ਉਹੀ ਗੱਲਾਂ ਯਾਦ ਕਰਾਉਣੀਆਂ ਹਨ ਜੋ ਉਹ ਪਹਿਲਾਂ ਤੋਂ ਹੀ ਜਾਣਦੇ ਹਨ। ਭਰਾ ਜੈਕਸਨ ਨੇ ਨਿਮਰ ਬਣਨ ਦੀ ਲੋੜ ʼਤੇ ਵੀ ਜ਼ੋਰ ਦਿੱਤਾ। ਗ੍ਰੈਜੂਏਟਾਂ ਨੂੰ ਭੈਣਾਂ-ਭਰਾਵਾਂ ਦਾ ਧਿਆਨ ਆਪਣੇ ਵੱਲ ਜਾਂ ਆਪਣੀ ਗਿਲਿਅਡ ਟ੍ਰੇਨਿੰਗ ਵੱਲ ਖਿੱਚਣ ਦੀ ਬਜਾਇ, ਬਾਈਬਲ ਵੱਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵੱਲ ਖਿੱਚਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਉਨ੍ਹਾਂ ਭੈਣਾਂ-ਭਰਾਵਾਂ ਦਾ ਹੌਸਲਾ ਢਾਹੁਣ ਤੋਂ ਬਚਣਗੇ ਜਿਨ੍ਹਾਂ ਨੂੰ ਕਦੇ ਗਿਲਿਅਡ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ। ਗ੍ਰੈਜੂਏਟਾਂ ਨੂੰ ਭੈਣਾਂ-ਭਰਾਵਾਂ ਦੀ ਉਨ੍ਹਾਂ ਪ੍ਰਬੰਧਾਂ ਤੋਂ ਫ਼ਾਇਦਾ ਉਠਾਉਣ ਵਿਚ ਮਦਦ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਲਈ ਉਪਲਬਧ ਹਨ। ਪ੍ਰੋਗ੍ਰਾਮ ਸਮਾਪਤ ਹੋਣ ਤੋਂ ਬਾਅਦ ਸਾਰੇ ਜਣੇ ਉਤਸ਼ਾਹਿਤ ਹੋ ਕੇ ਗਏ ਅਤੇ ਉਨ੍ਹਾਂ ਨੇ ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਕੀਤਾ।

a ਪ੍ਰੋਗ੍ਰਾਮ ਵਿਚ ਆਉਣ ਵਾਲਿਆਂ ਨੂੰ ਨਵੇਂ ਰਾਜ ਗੀਤ ਹਫ਼ਤੇ ਦੇ ਸ਼ੁਰੂ ਵਿਚ ਹੀ ਉਪਲਬਧ ਕਰਾਏ ਗਏ ਸਨ।

b ਨਕਸ਼ੇ ਵਿਚ ਸਾਰੇ ਦੇਸ਼ ਨਹੀਂ ਦਿਖਾਏ ਗਏ।

c ਸਾਰਿਆਂ ਦੇ ਨਾਂ ਨਹੀਂ ਦਿੱਤੇ ਗਏ।