Skip to content

ਕੇਂਦਰੀ ਅਮਰੀਕਾ ਦਾ ਬ੍ਰਾਂਚ ਆਫ਼ਿਸ ਦੇਖਣ ਹਜ਼ਾਰਾਂ ਲੋਕ ਆਏ

ਕੇਂਦਰੀ ਅਮਰੀਕਾ ਦਾ ਬ੍ਰਾਂਚ ਆਫ਼ਿਸ ਦੇਖਣ ਹਜ਼ਾਰਾਂ ਲੋਕ ਆਏ

2015 ਵਿਚ ਲਗਭਗ 1,75,000 ਲੋਕ ਮੈਕਸੀਕੋ ਦੇ ਕੇਂਦਰੀ ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਦੇਖਣ ਆਏ ਯਾਨੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤਕ ਹਰ ਦਿਨ ਲਗਭਗ 670 ਜਣੇ! ਬਹੁਤ ਸਾਰੇ ਲੋਕ ਬੱਸਾਂ ਵਿਚ ਕਈ ਦਿਨਾਂ ਦਾ ਸਫ਼ਰ ਤੈਅ ਕਰ ਕੇ ਵੱਡੇ-ਵੱਡੇ ਗਰੁੱਪਾਂ ਵਿਚ ਆਏ। ਕੁਝ ਜਣਿਆਂ ਨੇ ਕਈ ਮਹੀਨੇ ਪਹਿਲਾਂ ਹੀ ਆਉਣ ਦੀ ਯੋਜਨਾ ਬਣਾਈ ਸੀ।

“ਬੈਥਲ ਪ੍ਰਾਜੈਕਟ”

ਬ੍ਰਾਂਚ ਆਫ਼ਿਸ ਯਾਨੀ ਬੈਥਲ ਦੇਖਣ ਲਈ ਕੁਝ ਲੋਕਾਂ ਨੇ ਕਈ ਕੁਰਬਾਨੀਆਂ ਕੀਤੀਆਂ। ਮਿਸਾਲ ਲਈ, ਮੈਕਸੀਕੋ ਦੇ ਵੀਰਾਕਰੂਜ਼ ਪ੍ਰਾਂਤ ਦੀ ਮੰਡਲੀ ਦੇ ਜ਼ਿਆਦਾਤਰ ਮੈਂਬਰਾਂ ਕੋਲ 550 ਕਿਲੋਮੀਟਰ (340 ਮੀਲ) ਦਾ ਸਫ਼ਰ ਕਰਨ ਲਈ ਬੱਸ ਦੇ ਕਿਰਾਏ ਲਈ ਪੈਸੇ ਨਹੀਂ ਸਨ। ਇਸ ਲਈ ਉਨ੍ਹਾਂ ਨੇ ਇਕ ਯੋਜਨਾ ਬਣਾਈ ਜਿਸ ਨੂੰ “ਬੈਥਲ ਪ੍ਰਾਜੈਕਟ” ਕਿਹਾ ਗਿਆ। ਉਨ੍ਹਾਂ ਨੇ ਗਰੁੱਪ ਬਣਾਏ ਜੋ ਖਾਣਾ ਬਣਾ ਕੇ ਵੇਚਦੇ ਸਨ। ਉਨ੍ਹਾਂ ਨੇ ਪਲਾਸਟਿਕ ਦੀਆਂ ਬੋਤਲਾਂ ਵੀ ਵੇਚੀਆਂ। ਤਿੰਨ ਮਹੀਨਿਆਂ ਬਾਅਦ ਉਨ੍ਹਾਂ ਕੋਲ ਕਿਰਾਏ ਜੋਗੇ ਪੈਸੇ ਇਕੱਠੇ ਹੋ ਗਏ ਸਨ।

ਕੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਕੋਈ ਫ਼ਾਇਦਾ ਹੋਇਆ? ਜੀ ਹਾਂ। ਮਿਸਾਲ ਲਈ, ਉਸ ਮੰਡਲੀ ਦੇ ਲੁਸੀਓ ਨਾਂ ਦੇ ਇਕ ਨੌਜਵਾਨ ਭਰਾ ਨੇ ਲਿਖਿਆ: “ਬੈਥਲ ਜਾ ਕੇ ਮੈਂ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਟੀਚੇ ਰੱਖਣ ਲਈ ਪ੍ਰੇਰਿਤ ਹੋਇਆ। ਹੁਣ ਮੈਂ ਹੋਰ ਵੀ ਵਧ-ਚੜ੍ਹ ਕੇ ਮੰਡਲੀ ਦੇ ਕੰਮ ਕਰਦਾ ਹਾਂ।” 18 ਸਾਲਾਂ ਦੀ ਇਲਿਜ਼ਬਥ ਨੇ ਕਿਹਾ: “ਬੈਥਲ ਵਿਚ ਮੈਂ ਭੈਣਾਂ-ਭਰਾਵਾਂ ਵਿਚ ਸੱਚਾ ਪਿਆਰ ਦੇਖਿਆ ਜੋ ਯਹੋਵਾਹ ਦੀ ਸੇਵਾ ਕਰਨ ਵਾਲਿਆਂ ਦੀ ਪਛਾਣ ਹੈ। ਮੈਂ ਪਰਮੇਸ਼ੁਰ ਦੀ ਹੋਰ ਜ਼ਿਆਦਾ ਸੇਵਾ ਕਰਨ ਲਈ ਪ੍ਰੇਰਿਤ ਹੋਈ। ਇਸ ਲਈ ਮੈਂ ਪੂਰੇ ਸਮੇਂ ਦੀ ਪ੍ਰਚਾਰਕ ਬਣ ਗਈ।”

ਹਜ਼ਾਰਾਂ ਹੀ ਲੋਕ ਆਏ

ਕਦੀ-ਕਦੀ ਤਾਂ ਇਕ ਦਿਨ ਵਿਚ ਹਜ਼ਾਰਾਂ ਹੀ ਲੋਕ ਟੂਰ ਕਰਨ ਆਉਂਦੇ ਹਨ। ਟੂਰ ਵਿਭਾਗ ਦੇ ਭੈਣ-ਭਰਾ ਸਾਰਿਆਂ ਦੀ ਪਰਾਹੁਣਚਾਰੀ ਕਰਨ ਵਿਚ ਕਾਫ਼ੀ ਮਿਹਨਤ ਕਰਦੇ ਹਨ। ਲਿਜ਼ੀ ਨੇ ਕਿਹਾ: “ਇੰਨੇ ਸਾਰੇ ਲੋਕਾਂ ਨੂੰ ਦੇਖ ਕੇ ਬਹੁਤ ਹੌਸਲਾ ਮਿਲਦਾ ਹੈ। ਜਦੋਂ ਮੈਂ ਟੂਰ ਕਰਨ ਵਾਲਿਆਂ ਦੀ ਕਦਰਦਾਨੀ ਦੇਖਦੀ ਹਾਂ ਅਤੇ ਸੁਣਦੀ ਹਾਂ ਕਿ ਉਨ੍ਹਾਂ ਨੇ ਬੈਥਲ ਆਉਣ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ, ਤਾਂ ਮੇਰੀ ਨਿਹਚਾ ਮਜ਼ਬੂਤ ਹੁੰਦੀ ਹੈ।”

ਆਉਣ ਵਾਲੇ ਹਜ਼ਾਰਾਂ ਹੀ ਲੋਕਾਂ ਨੂੰ ਟੂਰ ਕਰਵਾਉਣ ਵਿਚ ਹੋਰ ਵਿਭਾਗਾਂ ਦੇ ਭੈਣ-ਭਰਾ ਵੀ ਮਦਦ ਕਰਦੇ ਹਨ। ਭਾਵੇਂ ਕਿ ਉਨ੍ਹਾਂ ਨੂੰ ਵਾਧੂ ਕੰਮ ਕਰਨਾ ਪੈਂਦਾ ਹੈ, ਪਰ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ। ਹੁਆਨ ਦੱਸਦਾ ਹੈ: “ਟੂਰ ਕਰਵਾਉਣ ਤੋਂ ਬਾਅਦ ਜਦੋਂ ਮੈਂ ਟੂਰ ਕਰਨ ਵਾਲਿਆਂ ਦੇ ਚਿਹਰੇ ʼਤੇ ਖ਼ੁਸ਼ੀ ਦੇਖਦਾ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੇਰੀ ਮਿਹਨਤ ਵਿਅਰਥ ਨਹੀਂ ਗਈ।”

“ਬੱਚਿਆਂ ਨੂੰ ਬੜਾ ਮਜ਼ਾ ਆਉਂਦਾ ਹੈ”

ਬੱਚਿਆਂ ਨੂੰ ਵੀ ਬੈਥਲ ਆ ਕੇ ਮਜ਼ਾ ਆਉਂਦਾ ਹੈ। ਕੰਪਿਊਟਰ ਵਿਭਾਗ ਵਿਚ ਕੰਮ ਕਰਨ ਵਾਲੀ ਨੋਰੀਕੋ ਨਾਂ ਦੀ ਭੈਣ ਦੱਸਦੀ ਹੈ: “ਮੈਂ ਟੂਰ ਕਰਨ ਆਏ ਗਰੁੱਪ ਵਿੱਚੋਂ ਬੱਚਿਆਂ ਨੂੰ ਪੁੱਛਦੀ ਕਿ ਉਹ ਬੈਥਲ ਵਿਚ ਸੇਵਾ ਕਰਨੀ ਚਾਹੁੰਦੇ ਹਨ। ਉਹ ਸਾਰੇ ਕਹਿੰਦੇ ਹਨ, “ਹਾਂਜੀ!” ਬੱਚਿਆਂ ਦੀਆਂ ਮਨਪਸੰਦ ਥਾਵਾਂ ਵਿੱਚੋਂ ਇਕ ਹੈ “ਸੋਨੂੰ ਵਾਲਾ ਕੋਨਾ!” ਉੱਥੇ ਉਹ ਯਹੋਵਾਹ ਦੇ ਦੋਸਤ ਬਣੋ ਵੀਡੀਓ ਵਾਲੇ ਸੋਨੂੰ ਅਤੇ ਰਿੰਕੀ ਦੇ ਵੱਡੇ ਪੋਸਟਰਾਂ ਦੇ ਨਾਲ ਖੜ੍ਹੇ ਹੋ ਕੇ ਫੋਟੋਆਂ ਖਿੱਚ ਸਕਦੇ ਹਨ। ਨੋਰੀਕੋ ਕਹਿੰਦੀ ਹੈ, “ਬੱਚਿਆਂ ਨੂੰ ਇਹ ਬਹੁਤ ਪਸੰਦ ਹੈ।”

ਬਹੁਤ ਸਾਰੇ ਬੱਚਿਆਂ ਨੇ ਕਿਹਾ ਕਿ ਉਹ ਬੈਥਲ ਵਿਚ ਕੀਤੇ ਜਾਂਦੇ ਕੰਮ ਦੀ ਬਹੁਤ ਕਦਰ ਕਰਦੇ ਹਨ। ਮਿਸਾਲ ਲਈ, ਮੈਕਸੀਕੋ ਤੋਂ ਹੈਨਰੀ ਨਾਂ ਦੇ ਇਕ ਛੋਟੇ ਮੁੰਡੇ ਨੇ ਆਪਣੀ ਗੋਲਕ ਵਿਚ ਪੈਸੇ ਜੋੜੇ ਸਨ ਤਾਂਕਿ ਉਹ ਬੈਥਲ ਆ ਕੇ ਇਹ ਪੈਸੇ ਦਾਨ ਕਰੇ। ਉਸ ਨੇ ਦਾਨ ਕੀਤੇ ਪੈਸਿਆਂ ਨਾਲ ਇਕ ਛੋਟਾ ਜਿਹਾ ਨੋਟ ਵੀ ਲਿਖਿਆ: “ਪਲੀਜ਼ ਇਹ ਪੈਸੇ ਹੋਰ ਪ੍ਰਕਾਸ਼ਨ ਛਾਪਣ ਲਈ ਵਰਤਿਓ। ਯਹੋਵਾਹ ਵਾਸਤੇ ਕੰਮ ਕਰਨ ਲਈ ਥੈਂਕਯੂ।”

ਤੁਹਾਨੂੰ ਵੀ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਆਪਣੇ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਮੁਫ਼ਤ ਕਰਾਉਂਦੇ ਹਨ। ਜੇ ਤੁਸੀਂ ਕਿਸੇ ਬ੍ਰਾਂਚ ਆਫ਼ਿਸ ਦਾ ਟੂਰ ਕਰਨਾ ਚਾਹੁੰਦੇ ਹੋ, ਤਾਂ ਤੁਹਾਡਾ ਸੁਆਗਤ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਹੋਵੇਗੀ। ਸਾਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਇੱਥੇ ਆ ਕੇ ਖ਼ੁਸ਼ੀ ਹੋਵੇਗੀ। ਤੁਸੀਂ ਟੂਰ ਸੰਬੰਧੀ ਜਾਣਕਾਰੀ “ਸਾਡੇ ਬਾਰੇ” > “ਬ੍ਰਾਂਚ ਆਫ਼ਿਸ ਅਤੇ ਟੂਰ” ਤੋਂ ਲੈ ਸਕਦੇ ਹੋ।