Skip to content

ਏਸਟੋਨੀਆ ਨੇ “ਇਕ ਵੱਡੀ ਉਪਲਬਧੀ” ਨੂੰ ਮਾਣ ਬਖ਼ਸ਼ਿਆ

ਏਸਟੋਨੀਆ ਨੇ “ਇਕ ਵੱਡੀ ਉਪਲਬਧੀ” ਨੂੰ ਮਾਣ ਬਖ਼ਸ਼ਿਆ

ਇਸਟੋਨੀਅਨ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਹੋਲੀ ਸਕ੍ਰਿਪਚਰਸ ਨੂੰ ਏਸਟੋਨੀਆ ਵਿਚ ਸਾਲ 2014 ਲਈ ਵਧੀਆ ਭਾਸ਼ਾ ਕਰਕੇ (Language Deed of the Year) ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਹ 18 ਕਿਤਾਬਾਂ ਵਿੱਚੋਂ ਤੀਜੇ ਨੰਬਰ ʼਤੇ ਆਈ ਸੀ।

ਬਾਈਬਲ ਦਾ ਇਹ ਨਵਾਂ ਅਨੁਵਾਦ 8 ਅਗਸਤ 2014 ਨੂੰ ਰਿਲੀਜ਼ ਹੋਇਆ ਜਿਸ ਨੂੰ ਇਸਟੋਨੀਅਨ ਭਾਸ਼ਾ ਦੀ ਸੰਸਥਾ ਦੀ ਭਾਸ਼ਾ-ਵਿਗਿਆਨੀ ਕ੍ਰਿਸਟੀਨਾ ਰੌਸ ਨੇ ਇਨਾਮ ਲਈ ਨਾਮਜ਼ਦ ਕੀਤਾ ਸੀ। ਉਸ ਨੇ ਨਿਊ ਵਰਲਡ ਟ੍ਰਾਂਸਲੇਸ਼ਨ ਬਾਰੇ ਕਿਹਾ: “ਇਹ ਪੜ੍ਹਨ ਵਿਚ ਸੌਖੀ ਅਤੇ ਮਜ਼ੇਦਾਰ ਹੈ।” ਉਸ ਨੇ ਅੱਗੇ ਕਿਹਾ: “ਇਸ ਨੂੰ ਤਿਆਰ ਕਰਨ ਲਈ ਜੋ ਮਿਹਨਤ ਕੀਤੀ ਗਈ ਹੈ ਉਸ ਨਾਲ ਇਸਟੋਨੀਅਨ ਅਨੁਵਾਦ ਦੇ ਖੇਤਰ ਵਿਚ ਸੁਧਾਰ ਆਇਆ ਹੈ।” ਇਸਟੋਨੀਅਨ ਭਾਸ਼ਾ ਦੇ ਸਾਹਿੱਤ ਅਤੇ ਸਭਿਆਚਾਰ ਦੇ ਪ੍ਰੋਫ਼ੈਸਰ ਰੇਨ ਵੇਡਮਾਨ ਨੇ ਕਿਹਾ ਕਿ ਨਵਾਂ ਅਨੁਵਾਦ “ਇਕ ਵੱਡੀ ਉਪਲਬਧੀ” ਹੈ।

ਪਹਿਲੀ ਪੂਰੀ ਇਸਟੋਨੀਅਨ ਬਾਈਬਲ 1739 ਵਿਚ ਛਾਪੀ ਗਈ ਸੀ ਅਤੇ ਉਦੋਂ ਤੋਂ ਹੋਰ ਅਨੁਵਾਦ ਵੀ ਛਾਪੇ ਗਏ ਹਨ। ਤਾਂ ਫਿਰ ਨਿਊ ਵਰਲਡ ਟ੍ਰਾਂਸਲੇਸ਼ਨ “ਇਕ ਵੱਡੀ ਉਪਲਬਧੀ” ਕਿਉਂ ਹੈ?

ਸਹੀ-ਸਹੀ ਅਨੁਵਾਦ। 1988 ਵਿਚ ਛਾਪੀ ਗਈ ਇਕ ਮਸ਼ਹੂਰ ਇਸਟੋਨੀਅਨ ਬਾਈਬਲ ਦੇ ਇਬਰਾਨੀ ਹਿੱਸੇ ਵਿਚ (ਪੁਰਾਣਾ ਨੇਮ) a ਰੱਬ ਦਾ ਨਾਮ “ਯੇਹੋਵਾ” (ਯਹੋਵਾਹ) 6,800 ਤੋਂ ਜ਼ਿਆਦਾ ਵਾਰ ਅਨੁਵਾਦ ਕੀਤਾ ਗਿਆ ਸੀ। ਇਸਟੋਨੀਅਨ ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਇਸ ਨਾਂ ਨੂੰ ਹੋਰ ਵੀ ਜ਼ਿਆਦਾ ਵਾਰ ਅਨੁਵਾਦ ਕੀਤਾ ਗਿਆ ਹੈ। ਨਿਊ ਵਰਲਡ ਟ੍ਰਾਂਸਲੇਸ਼ਨ ਦੇ ਯੂਨਾਨੀ ਹਿੱਸੇ (ਨਵਾਂ ਨੇਮ) ਵਿਚ ਜਿੱਥੇ ਕਿਤੇ ਵੀ ਇਹ ਨਾਂ ਪਾਉਣ ਦਾ ਪੱਕਾ ਆਧਾਰ ਸੀ, ਉੱਥੇ ਰੱਬ ਦਾ ਨਾਂ ਪਾਇਆ ਗਿਆ।

ਪੜ੍ਹਨ ਵਿਚ ਆਸਾਨ। ਕੀ ਨਿਊ ਵਰਲਡ ਟ੍ਰਾਂਸਲੇਸ਼ਨ ਦਾ ਅਨੁਵਾਦ ਸਹੀ ਅਤੇ ਪੜ੍ਹਨ ਵਿਚ ਸੌਖਾ ਹੈ? ਸਤਿਕਾਰਯੋਗ ਬਾਈਬਲ ਅਨੁਵਾਦਕ ਟੌਮਾਸ ਪਾਉਲ ਨੇ ਏਸਟੀ ਕਿਰਿਕ (ਏਸਟੋਨੀਆ ਦਾ ਚਰਚ) ਨਾਂ ਦੀ ਅਖ਼ਬਾਰ ਵਿਚ ਲਿਖਿਆ ਕਿ ਨਿਊ ਵਰਲਡ ਟ੍ਰਾਂਸਲੇਸ਼ਨ ਦਾ “ਵਾਕਈ ਸੌਖੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਹੈ।” ਉਸ ਨੇ ਅੱਗੇ ਕਿਹਾ: “ਮੈਂ ਤੁਹਾਨੂੰ ਯਕੀਨ ਦਿਲਾਉਂਦਾ ਹਾਂ ਕਿ ਪਹਿਲੀ ਵਾਰ ਇੰਨੀ ਸੌਖੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਹੈ।”

ਇਸਟੋਨੀਅਨ ਅਨੁਵਾਦ ਤੋਂ ਫ਼ਾਇਦਾ ਲੈਂਦੇ ਹੋਏ

ਏਸਟੋਨੀਆ ਦੇ ਲੋਕਾਂ ਨੇ ਨਿਊ ਵਰਲਡ ਟ੍ਰਾਂਸਲੇਸ਼ਨ ਨੂੰ ਬਹੁਤ ਪਸੰਦ ਕੀਤਾ। ਦੇਸ਼ ਦੇ ਰੇਡੀਓ ਸਟੇਸ਼ਨ ʼਤੇ 40 ਮਿੰਟਾਂ ਲਈ ਨਵੀਂ ਬਾਈਬਲ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ। ਪਾਦਰੀਆਂ ਅਤੇ ਚਰਚ ਜਾਣ ਵਾਲਿਆ ਨੇ ਬਾਈਬਲਾਂ ਲੈਣ ਲਈ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕੀਤਾ। ਟੈਲਿਨ ਸ਼ਹਿਰ ਦੇ ਇਕ ਵੱਡੇ ਸਕੂਲ ਨੇ ਨਿਊ ਵਰਲਡ ਟ੍ਰਾਂਸਲੇਸ਼ਨ ਦੀਆਂ 20 ਕਾਪੀਆਂ ਇਕ ਕਲਾਸ ਵਿਚ ਵਰਤਣ ਲਈ ਮੰਗਵਾਈਆਂ। ਇਸਟੋਨੀਅਨ ਲੋਕਾਂ ਨੂੰ ਕਿਤਾਬਾਂ ਪੜ੍ਹਨੀਆਂ ਬਹੁਤ ਚੰਗੀਆਂ ਲੱਗਦੀਆਂ ਹਨ ਅਤੇ ਯਹੋਵਾਹ ਦੇ ਗਵਾਹ ਖ਼ੁਸ਼ੀ-ਖ਼ੁਸ਼ੀ ਇਹ ਬਾਈਬਲ ਦਿੰਦੇ ਹਨ ਜਿਸ ਦਾ ਅਨੁਵਾਦ ਸਹੀ ਹੈ ਅਤੇ ਪੜ੍ਹਨ ਵਿਚ ਆਸਾਨ ਹੈ।

a ਟਾਰਟੂ ਯੂਨੀਵਰਸਿਟੀ ਵਿਚ ਨਵੇਂ ਨੇਮ ਦਾ ਅਧਿਐਨ ਕਰਨ ਵਾਲੇ ਪ੍ਰੋਫ਼ੈਸਰ ਆਈਨ ਰੀਸਟਾਨ ਨੇ ਇਹ ਦੱਸਣ ਤੋਂ ਬਾਅਦ ਕਿ ਏਸਟੋਨੀਆ ਦੇ ਲੋਕਾਂ ਨੇ ਰੱਬ ਦੇ ਨਾਮ ਦਾ ਉਚਾਰਣ “ਯੇਹੋਵਾ” ਕਿਉਂ ਚੁਣਿਆ, ਸਿੱਟਾ ਕੱਢਿਆ: “ਮੇਰੇ ਖ਼ਿਆਲ ਨਾਲ ਯੇਹੋਵਾ ਸ਼ਬਦ ਅੱਜ ਬਿਲਕੁਲ ਢੁਕਵਾਂ ਹੈ। ਭਾਵੇਂ ਇਸ ਨਾਂ ਦਾ ਉਚਾਰਣ ਪੁਰਾਣੇ ਜ਼ਮਾਨੇ ਵਿਚ ਜਿੱਦਾਂ ਮਰਜ਼ੀ ਕੀਤਾ ਜਾਂਦਾ ਸੀ, ਫਿਰ ਵੀ ਇਹ ਨਾਂ . . . ਕਈ ਪੀੜ੍ਹੀਆਂ ਲਈ ਬਹੁਤ ਗਹਿਰਾ ਅਰਥ ਰੱਖਦਾ ਆਇਆ ਹੈ​—ਯੇਹੋਵਾ ਉਸ ਰੱਬ ਦਾ ਨਾਂ ਹੈ ਜਿਸ ਨੇ ਆਪਣੇ ਪੁੱਤਰ ਨੂੰ ਮਨੁੱਖਜਾਤੀ ਨੂੰ ਛੁਡਾਉਣ ਲਈ ਭੇਜਿਆ।”