Skip to content

ਯਿਸੂ ਨੂੰ ਪਰਮੇਸ਼ੁਰ ਦਾ ਪੁੱਤਰ ਕਿਉਂ ਕਿਹਾ ਗਿਆ ਹੈ?

ਯਿਸੂ ਨੂੰ ਪਰਮੇਸ਼ੁਰ ਦਾ ਪੁੱਤਰ ਕਿਉਂ ਕਿਹਾ ਗਿਆ ਹੈ?

ਬਾਈਬਲ ਕਹਿੰਦੀ ਹੈ

 ਬਾਈਬਲ ਵਿਚ ਅਕਸਰ ਯਿਸੂ ਨੂੰ “ਪਰਮੇਸ਼ੁਰ ਦਾ ਪੁੱਤਰ” ਕਿਹਾ ਗਿਆ ਹੈ। (ਯੂਹੰਨਾ 1:49) “ਪਰਮੇਸ਼ੁਰ ਦਾ ਪੁੱਤਰ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸ੍ਰਿਸ਼ਟੀਕਰਤਾ ਜਾਂ ਸਾਰਿਆਂ ਨੂੰ ਜ਼ਿੰਦਗੀ ਦੇਣ ਵਾਲਾ ਹੈ ਜਿਸ ਵਿਚ ਯਿਸੂ ਵੀ ਸ਼ਾਮਲ ਹੈ। (ਜ਼ਬੂਰਾਂ ਦੀ ਪੋਥੀ 36:9; ਪ੍ਰਕਾਸ਼ ਦੀ ਕਿਤਾਬ 4:11) ਬਾਈਬਲ ਇਹ ਨਹੀਂ ਸਿਖਾਉਂਦੀ ਕਿ ਪਰਮੇਸ਼ੁਰ ਉਸ ਤਰੀਕੇ ਨਾਲ ਯਿਸੂ ਦਾ ਪਿਤਾ ਬਣਿਆ ਜਿੱਦਾਂ ਇਨਸਾਨ ਬਣਦੇ ਹਨ।

 ਬਾਈਬਲ ਵਿਚ ਦੂਤਾਂ ਨੂੰ ਵੀ “ਪਰਮੇਸ਼ੁਰ ਦੇ ਪੁੱਤ੍ਰ” ਕਿਹਾ ਗਿਆ ਹੈ। (ਅੱਯੂਬ 1:6) ਨਾਲੇ ਬਾਈਬਲ ਦੱਸਦੀ ਹੈ ਕਿ ਪਹਿਲਾ ਇਨਸਾਨ ਆਦਮ ਵੀ “ਪਰਮੇਸ਼ੁਰ ਦਾ ਪੁੱਤਰ ਸੀ।” (ਲੂਕਾ 3:38) ਪਰ ਕਿਉਂਕਿ ਪਰਮੇਸ਼ੁਰ ਨੇ ਯਿਸੂ ਨੂੰ ਸਭ ਤੋਂ ਪਹਿਲਾਂ ਅਤੇ ਆਪਣੇ ਹੱਥੀਂ ਬਣਾਇਆ ਸੀ, ਇਸ ਲਈ ਉਸ ਨੂੰ ਪਰਮੇਸ਼ੁਰ ਦਾ ਸਭ ਤੋਂ ਖ਼ਾਸ ਪੁੱਤਰ ਕਿਹਾ ਗਿਆ ਹੈ।

 ਕੀ ਧਰਤੀ ʼਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਰਹਿੰਦਾ ਸੀ?

 ਹਾਂਜੀ। ਇਨਸਾਨੀ ਸਰੀਰ ਵਿਚ ਧਰਤੀ ʼਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਦੂਤ ਵਜੋਂ ਰਹਿੰਦਾ ਸੀ। ਯਿਸੂ ਨੇ ਆਪ ਕਿਹਾ: “ਮੈਂ ਸਵਰਗੋਂ . . . ਆਇਆ ਹਾਂ।”—ਯੂਹੰਨਾ 6:38; 8:23.

 ਕਿਸੇ ਵੀ ਚੀਜ਼ ਨੂੰ ਬਣਾਉਣ ਤੋਂ ਪਹਿਲਾਂ ਪਰਮੇਸ਼ੁਰ ਨੇ ਯਿਸੂ ਨੂੰ ਬਣਾਇਆ। ਯਿਸੂ ਬਾਰੇ ਬਾਈਬਲ ਕਹਿੰਦੀ ਹੈ:

 ਯਿਸੂ ਹੀ ਉਹ ਸ਼ਖ਼ਸ ਹੈ ਜਿਸ ਬਾਰੇ ਕਿਹਾ ਗਿਆ “ਜਿਹ ਦਾ ਨਿੱਕਲਣਾ ਪਰਾਚੀਨ ਸਮੇਂ ਤੋਂ, ਸਗੋਂ ਅਨਾਦ ਤੋਂ ਹੈ।”—ਮੀਕਾਹ 5:2; ਮੱਤੀ 2:4-6.

 ਧਰਤੀ ʼਤੇ ਆਉਣ ਤੋਂ ਪਹਿਲਾਂ ਯਿਸੂ ਕੀ ਕਰਦਾ ਸੀ?

 ਸਵਰਗ ਵਿਚ ਉਸ ਦਾ ਕਾਫ਼ੀ ਉੱਚਾ ਅਹੁਦਾ ਸੀ। ਯਿਸੂ ਨੇ ਇਸ ਅਹੁਦੇ ਦੀ ਉਦੋਂ ਗੱਲ ਕੀਤੀ ਜਦੋਂ ਉਸ ਨੇ ਪ੍ਰਾਰਥਨਾ ਵਿਚ ਕਿਹਾ: “ਪਿਤਾ, ਹੁਣ ਤੂੰ ਮੈਨੂੰ . . . ਉਹੀ ਮਹਿਮਾ ਦੇ ਜੋ ਮਹਿਮਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਪਹਿਲਾਂ ਤੇਰੇ ਨਾਲ ਰਹਿੰਦਿਆਂ ਹੁੰਦੀ ਸੀ।”—ਯੂਹੰਨਾ 17:5.

 ਉਸ ਨੇ ਆਪਣੇ ਪਿਤਾ ਨਾਲ ਮਿਲ ਕੇ ਸਾਰੀਆਂ ਚੀਜ਼ਾਂ ਬਣਾਈਆਂ। ਯਿਸੂ ਨੇ “ਰਾਜ ਮਿਸਤਰੀ” ਵਜੋਂ ਪਰਮੇਸ਼ੁਰ ਨਾਲ ਕੰਮ ਕੀਤਾ। (ਕਹਾਉਤਾਂ 8:30) ਯਿਸੂ ਬਾਰੇ ਬਾਈਬਲ ਕਹਿੰਦੀ ਹੈ: “ਉਸ ਰਾਹੀਂ ਸਵਰਗ ਵਿਚ ਅਤੇ ਧਰਤੀ ਉੱਤੇ ਬਾਕੀ ਸਾਰੀਆਂ . . . ਚੀਜ਼ਾਂ ਸਿਰਜੀਆਂ ਗਈਆਂ ਸਨ।”—ਕੁਲੁੱਸੀਆਂ 1:16.

 ਪਰਮੇਸ਼ੁਰ ਨੇ ਹਰ ਚੀਜ਼ ਯਿਸੂ ਰਾਹੀਂ ਹੋਂਦ ਵਿਚ ਲਿਆਂਦੀ। ਇਨ੍ਹਾਂ ਚੀਜ਼ਾਂ ਵਿਚ ਦੂਤ ਅਤੇ ਬ੍ਰਹਿਮੰਡ ਸ਼ਾਮਲ ਹੈ। (ਪ੍ਰਕਾਸ਼ ਦੀ ਕਿਤਾਬ 5:11) ਪਰਮੇਸ਼ੁਰ ਅਤੇ ਯਿਸੂ ਦਾ ਮਿਲ ਕੇ ਕੰਮ ਕਰਨਾ ਇੱਦਾਂ ਸੀ ਮਾਨੋ ਇਕ ਆਰਕੀਟੈਕਟ ਮਿਸਤਰੀ ਨਾਲ ਮਿਲ ਕੇ ਕੰਮ ਕਰਦਾ ਹੈ। ਆਰਕੀਟੈਕਟ ਨਕਸ਼ਾ ਬਣਾਉਂਦਾ ਹੈ ਅਤੇ ਮਿਸਤਰੀ ਉਸ ਨੂੰ ਹਕੀਕਤ ਵਿਚ ਬਦਲ ਦਿੰਦਾ ਹੈ।

 ਉਸ ਨੇ ਸ਼ਬਦ ਦੇ ਤੌਰ ਤੇ ਕੰਮ ਕੀਤਾ। ਧਰਤੀ ʼਤੇ ਆਉਣ ਤੋਂ ਪਹਿਲਾਂ ਬਾਈਬਲ ਵਿਚ ਯਿਸੂ ਨੂੰ “ਸ਼ਬਦ” ਕਿਹਾ ਗਿਆ ਹੈ। (ਯੂਹੰਨਾ 1:1) ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਦੂਸਰੇ ਦੂਤਾਂ ਨੂੰ ਕੋਈ ਜਾਣਕਾਰੀ ਜਾਂ ਹਿਦਾਇਤਾਂ ਦੇਣ ਲਈ ਆਪਣੇ ਪੁੱਤਰ ਨੂੰ ਵਰਤਿਆ।

 ਇੱਦਾਂ ਲੱਗਦਾ ਹੈ ਕਿ ਇਨਸਾਨਾਂ ਨਾਲ ਗੱਲ ਕਰਨ ਲਈ ਯਿਸੂ ਨੇ ਪਰਮੇਸ਼ੁਰ ਦੇ ਬੁਲਾਰੇ ਵਜੋਂ ਵੀ ਕੰਮ ਕੀਤਾ। ਪਰਮੇਸ਼ੁਰ ਨੇ ਅਦਨ ਦੇ ਬਾਗ਼ ਵਿਚ ਆਦਮ ਤੇ ਹੱਵਾਹ ਨੂੰ ਹਿਦਾਇਤਾਂ ਦੇਣ ਲਈ ਸ਼ਾਇਦ ਯਿਸੂ ਨੂੰ ਬੁਲਾਰੇ ਵਜੋਂ ਵਰਤਿਆ। (ਉਤਪਤ 2:16, 17) ਯਿਸੂ ਹੀ ਸ਼ਾਇਦ ਉਹ ਦੂਤ ਸੀ ਜਿਸ ਨੇ ਉਜਾੜ ਵਿਚ ਇਜ਼ਰਾਈਲੀਆਂ ਨੂੰ ਰਾਹ ਦਿਖਾਇਆ ਅਤੇ ਜਿਸ ਦੀ ਆਵਾਜ਼ ਇਜ਼ਰਾਈਲੀਆਂ ਨੇ ਸੁਣਨੀ ਸੀ।—ਕੂਚ 23:20-23. a

a ਸਿਰਫ਼ ਸ਼ਬਦ ਰਾਹੀਂ ਹੀ ਪਰਮੇਸ਼ੁਰ ਨੇ ਗੱਲ ਨਹੀਂ ਕੀਤੀ ਸੀ। ਮਿਸਾਲ ਲਈ, ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਕਾਨੂੰਨ ਦੇਣ ਲਈ ਆਪਣੇ ਦੂਸਰੇ ਸਵਰਗੀ ਪੁੱਤਰਾਂ ਨੂੰ ਵੀ ਵਰਤਿਆ ਸੀ।—ਰਸੂਲਾਂ ਦੇ ਕੰਮ 7:53; ਗਲਾਤੀਆਂ 3:19; ਇਬਰਾਨੀਆਂ 2:2, 3.